ਕੂੜੇ ਦੇ ਢੇਰਾਂ ’ਤੇ ਚਮਕਦੇ ਪਲਾਸਟਿਕ ਬੈਗ ਕੂੜੇ ਦੇ ਢੇਰਾਂ ’ਤੇ ਚਮਕਦੇ ਪਲਾਸਟਿਕ ਬੈਗ
Publish Date: Sat, 25 Jul 2026 05:04 PM (IST)
Updated Date: Sat, 25 Jul 2026 05:07 PM (IST)
ਗੌਰਵ ਗੌੜ ਜੌਲੀ,ਪੰਜਾਬੀ ਜਾਗਰਣ ਜ਼ੀਰਾ : ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਸਿੰਗਲ ਯੂਜ਼ ਪਲਾਸਟਿਕ ’ਤੇ ਪਾਬੰਦੀ ਲਾਗੂ ਕਰਨ ਦੇ ਸਪੱਸ਼ਟ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਣ ਦੇ ਬਾਵਜੂਦ ਜੀਰਾ ਸਮੇਤ ਕਈ ਇਲਾਕਿਆਂ ਵਿੱਚ ਇਹ ਹੁਕਮ ਸਿਰਫ਼ ਕਾਗਜ਼ਾਂ ਤੱਕ ਹੀ ਸੀਮਤ ਨਜ਼ਰ ਆ ਰਹੇ ਹਨ। ਸ਼ਹਿਰ ਵਿਚ ਪਲਾਸਟਿਕ ਦੇ ਲਿਫਾਫਿਆਂ ਦੀ ਵਿਕਰੀ ਅਤੇ ਵਰਤੋਂ ਬੇਖੌਫ਼ ਜਾਰੀ ਹੈ, ਜਿਸ ਕਾਰਨ ਵਾਤਾਵਰਨ ਪ੍ਰਦੂਸ਼ਣ ਲਗਾਤਾਰ ਵਧ ਰਿਹਾ ਹੈ ਅਤੇ ਸਰਕਾਰੀ ਦਾਅਵਿਆਂ ਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ। ਹਾਲਾਤ ਇਹ ਹਨ ਕਿ ਨਾ ਤਾਂ ਸੂਬਾ ਸਰਕਾਰ ਵੱਲੋਂ ਪਲਾਸਟਿਕ ਦੀ ਵਰਤੋਂ ਰੋਕਣ ਲਈ ਕੋਈ ਪ੍ਰਭਾਵਸ਼ਾਲੀ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਨਾ ਹੀ ਜ਼ਿਲ੍ਹਾ ਪ੍ਰਸ਼ਾਸਨ ਜਾਂ ਨਗਰ ਕੌਂਸਲ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਨਜ਼ਰ ਆ ਰਹੇ ਹਨ। ਨਤੀਜੇ ਵਜੋਂ ਸ਼ਹਿਰ ਦੇ ਬਾਜ਼ਾਰਾਂ ਵਿਚ ਸਬਜ਼ੀਆਂ, ਫਲਾਂ, ਕਰਿਆਨੇ ਅਤੇ ਹੋਰ ਰੋਜ਼ਾਨਾ ਵਰਤੋਂ ਵਾਲਾ ਸਮਾਨ ਅੱਜ ਵੀ ਵੱਡੇ ਪੱਧਰ ਤੇ ਪਲਾਸਟਿਕ ਦੇ ਲਿਫਾਫਿਆਂ ਵਿੱਚ ਦਿੱਤਾ ਜਾ ਰਿਹਾ ਹੈ। ਸ਼ਹਿਰ ਦੇ ਵੱਖ-ਵੱਖ ਸਥਾਨਾਂ ਤੇ ਪਏ ਕੂੜੇ ਦੇ ਢੇਰ ਇਸ ਗੱਲ ਦੀ ਗਵਾਹੀ ਦੇ ਰਹੇ ਹਨ ਕਿ ਪਲਾਸਟਿਕ ਦਾ ਕਚਰਾ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਕੂੜੇ ਵਿੱਚ ਸਭ ਤੋਂ ਵੱਧ ਪਲਾਸਟਿਕ ਦੇ ਲਿਫਾਫੇ ਨਜ਼ਰ ਆਉਂਦੇ ਹਨ, ਜੋ ਨਾ ਸਿਰਫ਼ ਵਾਤਾਵਰਨ ਲਈ ਗੰਭੀਰ ਖ਼ਤਰਾ ਬਣ ਰਹੇ ਹਨ, ਸਗੋਂ ਨਾਲਿਆਂ ਦੇ ਜਾਮ ਹੋਣ ਅਤੇ ਸਫ਼ਾਈ ਪ੍ਰਬੰਧਾਂ ਤੇ ਵੀ ਵਾਧੂ ਬੋਝ ਪਾ ਰਹੇ ਹਨ। ਇਲਾਕੇ ਦੇ ਸੂਝਵਾਨ ਨਾਗਰਿਕਾਂ ਨੇ ਮੰਗ ਕੀਤੀ ਹੈ ਕਿ ਪਲਾਸਟਿਕ ਦੇ ਲਿਫਾਫਿਆਂ ਦੀ ਵਿਕਰੀ ਅਤੇ ਵਰਤੋਂ ’ਤੇ ਪ੍ਰਭਾਵਸ਼ਾਲੀ ਰੋਕ ਲਗਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇ। ਇਸ ਦੇ ਨਾਲ-ਨਾਲ ਲੋਕਾਂ ਨੂੰ ਕੱਪੜੇ ਅਤੇ ਕਾਗਜ਼ ਦੇ ਥੈਲਿਆਂ ਦੀ ਵਰਤੋਂ ਲਈ ਪ੍ਰੇਰਿਤ ਕੀਤਾ ਜਾਵੇ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ, ਤਾਂ ਜੋ ਸ਼ਹਿਰ ਨੂੰ ਪਲਾਸਟਿਕ ਪ੍ਰਦੂਸ਼ਣ ਤੋਂ ਬਚਾਇਆ ਜਾ ਸਕੇ। ਕੀ ਵਿਚਾਰ ਹਨ ਇਲਾਕੇ ਦੇ ਸੂਝਵਾਨ ਲੋਕਾਂ ਦੇ। ਪਲਾਸਟਿਕ ਬਣਿਆ ਜੀਵਨ ਦਾ ਅੰਗ : ਡਾ. ਅਮਿਤ ਆਰੀਆ ਹਸਪਤਾਲ ਜ਼ੀਰਾ ਦੇ ਐੱਮਡੀ ਡਾ. ਅਮਿਤ ਅਨੁਸਾਰ ਪਿਛਲੇ ਦੋ-ਤਿੰਨ ਦਹਾਕਿਆਂ ਦੌਰਾਨ ਪਲਾਸਟਿਕ ਲੋਕਾਂ ਦੀਆਂ ਆਦਤਾਂ ਅਤੇ ਜੀਵਨ-ਸ਼ੈਲੀ ਦਾ ਅਹਿਮ ਹਿੱਸਾ ਬਣ ਚੁੱਕਾ ਹੈ। ਦੁਕਾਨਦਾਰ, ਰੇਹੜੀ-ਫਰੀ ਵਾਲੇ ਵਪਾਰੀ ਆਪਣਾ ਸਮਾਨ ਪੌਲੀਥੀਨ ਦੀਆਂ ਥੈਲੀਆਂ ਵਿਚ ਪਾ ਕੇ ਗਾਹਕਾਂ ਨੂੰ ਦੇ ਰਹੇ ਹਨ ਕਿਉਂਕਿ ਇਹ ਕੱਪੜੇ ਦੀਆਂ ਥੈਲੀਆਂ ਨਾਲੋਂ ਸਸਤੀਆਂ ਪੈਂਦੀਆਂ ਹਨ। ਪਰ ਇਹ ਥੈਲੀਆਂ ਹੁਣ ਗਲੀਆਂ, ਨਾਲੀਆਂ ਅਤੇ ਕੂੜੇ ਦੇ ਢੇਰਾਂ ਵਿਚ ਫੈਲ ਕੇ ਸੀਵਰੇਜ ਜਾਮ ਹੋਣ ਦਾ ਮੁੱਖ ਕਾਰਨ ਬਣ ਰਹੀਆਂ ਹਨ, ਜਿਸ ਨਾਲ ਸ਼ਹਿਰੀ ਰਹਿਣ-ਸਹਿਣ ਪ੍ਰਭਾਵਿਤ ਹੋ ਰਿਹਾ ਹੈ। ਪਸ਼ੂਆਂ ਦੀ ਜਾਨ ਨੂੰ ਖ਼ਤਰਾ : ਨਵੀਨ ਸਚਦੇਵਾ ਭਾਵਿਪ ਦੇ ਸਟੇਟ ਕਨਵੀਨਰ ਨਵੀਨ ਸਚਦੇਵਾ ਦਾ ਕਹਿਣਾ ਹੈ ਕਿ ਪਲਾਸਟਿਕ ਦੀਆਂ ਥੈਲੀਆਂ ਦਾ ਚਮਕੀਲਾ ਰੰਗ ਪਸ਼ੂਆਂ ਨੂੰ ਆਕਰਸ਼ਿਤ ਕਰਦਾ ਹੈ, ਜਿਸ ਕਾਰਨ ਉਹ ਅਣਜਾਣੇ ਵਿਚ ਇਨ੍ਹਾਂ ਨੂੰ ਖਾ ਲੈਂਦੇ ਹਨ। ਪਲਾਸਟਿਕ ਪਸ਼ੂਆਂ ਦੇ ਪੇਟ ਵਿੱਚ ਸਾਲਾਂ ਤੱਕ ਨਾ ਗਲਣ ਕਾਰਨ ਗੰਭੀਰ ਬਿਮਾਰੀਆਂ ਦਾ ਕਾਰਨ ਬਣਦਾ ਹੈ, ਜਿਸ ਨਾਲ ਅਵਾਰਾ ਪਸ਼ੂਆਂ ਦੀ ਮੌਤ ਹੋ ਰਹੀ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਪਸ਼ੂਆਂ ਦੀ ਜਾਨ ਅਤੇ ਧਨ-ਮਾਲ ਦੀ ਰੱਖਿਆ ਲਈ ਸਾਨੂੰ ਇੱਕ ਵਾਰ ਫਿਰ ਕੱਪੜੇ ਦੀਆਂ ਥੈਲੀਆਂ ਅਤੇ ਕਾਗਜ਼ ਦੇ ਲਿਫਾਫਿਆਂ ਦੀ ਵਰਤੋਂ ਅਪਣਾਉਣੀ ਚਾਹੀਦੀ ਹੈ। ਹਰ ਨਾਗਰਿਕ ਨੂੰ ਇਸ ਗੰਭੀਰ ਸਥਿਤੀ ਨੂੰ ਸਮਝਦੇ ਹੋਏ ਖੁਦ ਪਲਾਸਟਿਕ ਦੇ ਲਿਫਾਫੇ ਲੈਣੇ ਬੰਦ ਕਰਨੇ ਚਾਹੀਦੇ ਹਨ। ਪਲਾਸਟਿਕ ਕਾਰਨ ਵੱਧ ਰਹੇ ਖ਼ਰਚੇ : ਜਸਵਿੰਦਰ ਸਿੰਘ ਖਾਲਸਾ ਸਮਾਜ ਸੇਵੀ ਜਸਵਿੰਦਰ ਸਿੰਘ ਖਾਲਸਾ ਅਨੁਸਾਰ ਕੂੜੇ ਦੇ ਢੇਰਾਂ ਅਤੇ ਡੰਪਾਂ ਨੂੰ ਦੇਖ ਕੇ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪਲਾਸਟਿਕ ਆਪਣੇ ਨਾਲ ਬਹੁਤ ਸਾਰੇ ਖ਼ਤਰੇ ਲੈ ਕੇ ਆਇਆ ਹੈ। ਇਸ ਨੇ ਮਨੁੱਖਤਾ ਲਈ ਵੱਡੀਆਂ ਮੁਸ਼ਕਲਾਂ ਪੈਦਾ ਕੀਤੀਆਂ ਹਨ, ਜਿਨ੍ਹਾਂ ਦੇ ਨਿਪਟਾਰੇ ਲਈ ਨਗਰ ਕੌਂਸਲਾਂ ਨੂੰ ਸ਼ਹਿਰ ਦੀ ਸਫਾਈ ਅਤੇ ਪਲਾਸਟਿਕ ਦੇ ਪਹਾੜਾਂ ਨੂੰ ਖਤਮ ਕਰਨ ਲਈ ਲੱਖਾਂ-ਕਰੋੜਾਂ ਰੁਪਏ ਖਰਚਣੇ ਪੈ ਰਹੇ ਹਨ। ਇਹ ਖਰਚਾ ਹਰ ਸਾਲ ਵਧਦਾ ਜਾ ਰਿਹਾ ਹੈ, ਜੋ ਕਿ ਚਿੰਤਾ ਦਾ ਵਿਸ਼ਾ ਹੈ। ਪਲਾਸਟਿਕ ਮੁਕਤ ਮੁਹਿੰਮ ਵਿੱਚ ਸਹਿਯੋਗ : ਅੰਗਰੇਜ਼ ਸਿੰਘ ਅਟਵਾਲ ਸਮਾਜ ਸੇਵੀ ਅੰਗਰੇਜ਼ ਸਿੰਘ ਅਟਵਾਲ ਨੇ ਦੱਸਿਆ ਕਿ ਵਾਤਾਵਰਣ ਸੁਰੱਖਿਆ ਅਤੇ ਪ੍ਰਦੂਸ਼ਣ ਘਟਾਉਣ ਲਈ ਸਿੰਗਲ ਯੂਜ਼ ਪਲਾਸਟਿਕ ਅਤੇ ਥਰਮੋਕੋਲ ਦੇ ਉਤਪਾਦਾਂ (ਪਲੇਟਾਂ, ਕੱਪ, ਗਲਾਸ ਆਦਿ) ਦੇ ਉਤਪਾਦਨ, ਵਿਕਰੀ ਅਤੇ ਵਰਤੋਂ ’ਤੇ ਪਾਬੰਦੀ ਲਗਾਈ ਜਾ ਰਹੀ ਹੈ। ਉਨ੍ਹਾਂ ਅਪੀਲ ਕੀਤੀ ਕਿ ਆਮ ਲੋਕ ਵੀ ਇਨ੍ਹਾਂ ਵਸਤਾਂ ਦੀ ਵਰਤੋਂ ਨਾ ਕਰਨ ਦਾ ਸੰਕਲਪ ਲੈ ਕੇ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹਿੰਮ ਵਿੱਚ ਸਹਿਭਾਗੀ ਬਣਨ। ਸਿਰਫ਼ ਸਰਕਾਰੀ ਯਤਨ ਹੀ ਕਾਫ਼ੀ ਨਹੀਂ, ਸਗੋਂ ਹਰ ਨਾਗਰਿਕ ਦੀ ਸਮਝ ਅਤੇ ਸਹਿਯੋਗ ਨਾਲ ਹੀ ਇਸ ਗੰਭੀਰ ਸਮੱਸਿਆ ਨਾਲ ਨਜਿੱਠਿਆ ਜਾ ਸਕਦਾ ਹੈ।