ਪਾਇਲਟ ਨੂੰ ਮਿਲੇ ਰਾਜਾ ਵੜਿੰਗ ਤੇ ਕੁਲਬੀਰ ਜ਼ੀਰਾ, ਪੰਜਾਬ ਕਾਂਗਰਸ ਦੀ ਰਣਨੀਤੀ ’ਤੇ ਮੰਥਨ ਪਾਇਲਟ ਨੂੰ ਮਿਲੇ ਰਾਜਾ ਵੜਿੰਗ ਤੇ ਕੁਲਬੀਰ ਜ਼ੀਰਾ, ਪੰਜਾਬ ਕਾਂਗਰਸ ਦੀ ਰਣਨੀਤੀ ’ਤੇ ਮੰਥਨ
Publish Date: Tue, 08 Sep 2026 06:51 PM (IST)
Updated Date: Tue, 08 Sep 2026 06:52 PM (IST)
ਗੌਰਵ ਗੌੜ ਜੌਲੀ,ਪੰਜਾਬੀ ਜਾਗਰਣ ਜ਼ੀਰਾ : ਪੰਜਾਬ ਦੀ ਸਿਆਸਤ ਵਿਚ ਕਾਂਗਰਸ ਵੱਲੋਂ ਆਪਣੀ ਜਥੇਬੰਦਕ ਪਕੜ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਦਰਮਿਆਨ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਜ਼ੀਰਾ ਵਿਧਾਨ ਸਭਾ ਹਲਕੇ ਦੇ ਸਾਬਕਾ ਵਿਧਾਇਕ ਤੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਨੇ ਪੰਜਾਬ ਕਾਂਗਰਸ ਦੇ ਇੰਚਾਰਜ ਸਚਿਨ ਪਾਇਲਟ ਨਾਲ ਮੁਲਾਕਾਤ ਕੀਤੀ। ਮੁਲਾਕਾਤ ਦੌਰਾਨ ਪੰਜਾਬ ਦੇ ਮੌਜੂਦਾ ਸਿਆਸੀ ਹਾਲਾਤ ਤੋਂ ਲੈ ਕੇ ਕਾਂਗਰਸ ਦੀ ਜਥੇਬੰਦਕ ਸਥਿਤੀ ਤੱਕ ਵੱਖ-ਵੱਖ ਮੁੱਦਿਆਂ ’ਤੇ ਗੰਭੀਰ ਵਿਚਾਰ-ਵਟਾਂਦਰਾ ਹੋਇਆ। ਕੁਲਬੀਰ ਸਿੰਘ ਜ਼ੀਰਾ ਅਤੇ ਰਾਜਾ ਵੜਿੰਗ ਨੇ ਸਚਿਨ ਪਾਇਲਟ ਨੂੰ ਨਵੀਂ ਜ਼ਿੰਮੇਵਾਰੀ ਮਿਲਣ ’ਤੇ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਉਨ੍ਹਾਂ ਦਾ ਤਜਰਬਾ ਅਤੇ ਸਿਆਸੀ ਸੂਝ ਪੰਜਾਬ ਕਾਂਗਰਸ ਨੂੰ ਨਵੀਂ ਊਰਜਾ ਦੇਣ ਵਿੱਚ ਅਹਿਮ ਭੂਮਿਕਾ ਨਿਭਾ ਸਕਦੀ ਹੈ। ਕੁਲਬੀਰ ਸਿੰਘ ਜ਼ੀਰਾ ਨੇ ਕਿਹਾ ਕਿ ਪਾਰਟੀ ਲਈ ਇਸ ਵੇਲੇ ਸਭ ਤੋਂ ਵੱਡੀ ਲੋੜ ਜਥੇਬੰਦਕ ਢਾਂਚੇ ਨੂੰ ਹੇਠਲੇ ਪੱਧਰ ਤੱਕ ਸਰਗਰਮ ਕਰਨ ਦੀ ਹੈ, ਤਾਂ ਜੋ ਕਾਂਗਰਸ ਦਾ ਵਰਕਰ ਸਿੱਧੇ ਤੌਰ ’ਤੇ ਲੋਕਾਂ ਨਾਲ ਜੁੜ ਕੇ ਲੋਕ ਮਸਲਿਆਂ ਦੀ ਆਵਾਜ਼ ਬਣ ਸਕੇ। ਉਨ੍ਹਾਂ ਕਿਹਾ ਕਿ ਕਾਂਗਰਸ ਆਗੂਆਂ ਅਤੇ ਵਰਕਰਾਂ ਨੂੰ ਇਕਜੁੱਟ ਕਰਕੇ ਲੋਕਾਂ ਵਿਚਕਾਰ ਪਾਰਟੀ ਦੀ ਮੌਜੂਦਗੀ ਹੋਰ ਮਜ਼ਬੂਤ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਅਨੁਸਾਰ ਪੰਜਾਬ ਦੇ ਲੋਕਾਂ ਨਾਲ ਸਬੰਧਤ ਮੁੱਦਿਆਂ ਨੂੰ ਕੇਂਦਰ ਵਿੱਚ ਰੱਖਦਿਆਂ ਪਾਰਟੀ ਆਪਣੀ ਆਵਾਜ਼ ਹੋਰ ਬੁਲੰਦ ਕਰੇਗੀ। ਮੁਲਾਕਾਤ ਦੌਰਾਨ ਆਉਣ ਵਾਲੇ ਸਮੇਂ ਵਿੱਚ ਜ਼ਮੀਨੀ ਪੱਧਰ ’ਤੇ ਪਾਰਟੀ ਦੀਆਂ ਸਰਗਰਮੀਆਂ ਵਧਾਉਣ, ਵਰਕਰਾਂ ਨਾਲ ਨਿਰੰਤਰ ਸੰਪਰਕ ਕਾਇਮ ਕਰਨ ਅਤੇ ਸੰਗਠਨ ਨੂੰ ਹੋਰ ਸੁਚੱਜੇ ਢੰਗ ਨਾਲ ਸਰਗਰਮ ਕਰਨ ਸਬੰਧੀ ਵੀ ਵਿਚਾਰ ਹੋਇਆ। ਕੁਲਬੀਰ ਸਿੰਘ ਜ਼ੀਰਾ ਨੇ ਕਿਹਾ ਕਿ ਪਾਰਟੀ ਦੀ ਅਸਲ ਤਾਕਤ ਉਸ ਦਾ ਵਰਕਰ ਹੈ ਅਤੇ ਜੇਕਰ ਵਰਕਰ ਨੂੰ ਮਜ਼ਬੂਤ ਕੀਤਾ ਜਾਵੇ ਤਾਂ ਸੰਗਠਨ ਆਪਣੇ ਆਪ ਮਜ਼ਬੂਤ ਹੁੰਦਾ ਹੈ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਸਚਿਨ ਪਾਇਲਟ ਦੀ ਅਗਵਾਈ ਅਤੇ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਦੀ ਸਾਂਝੀ ਕੋਸ਼ਿਸ਼ ਨਾਲ ਸੂਬੇ ਵਿੱਚ ਕਾਂਗਰਸ ਦੀ ਜਥੇਬੰਦਕ ਸਰਗਰਮੀ ਨੂੰ ਨਵਾਂ ਬਲ ਮਿਲੇਗਾ ਅਤੇ ਪਾਰਟੀ ਲੋਕਾਂ ਨਾਲ ਆਪਣਾ ਸਿੱਧਾ ਰਾਬਤਾ ਹੋਰ ਗੂੜ੍ਹਾ ਕਰਨ ਵਿੱਚ ਕਾਮਯਾਬ ਰਹੇਗੀ।