‘ਲੋਕ ਗੋਲੀ ਨਹੀਂ, ਬੈਲਟ ਚੁਣਨਗੇ’: ਹਰਪ੍ਰੀਤ ਹੀਰੋ ‘ਲੋਕ ਗੋਲੀ ਨਹੀਂ, ਬੈਲਟ ਚੁਣਨਗੇ’: ਹਰਪ੍ਰੀਤ ਹੀਰੋ
Publish Date: Mon, 07 Sep 2026 04:18 PM (IST)
Updated Date: Mon, 07 Sep 2026 04:19 PM (IST)
ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਸ਼੍ਰੋਮਣੀ ਅਕਾਲੀ ਦਲ ਜ਼ੀਰਾ ਦੇ ਹਲਕਾ ਇੰਚਾਰਜ਼ ਹਰਪ੍ਰੀਤ ਸਿੰਘ ਹੀਰੋ ਵੱਲੋਂ ਆਪਣੇ ਗ੍ਰਹਿ ਵਿਖੇ ਪਾਰਟੀ ਵਰਕਰਾਂ ਦੀ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਹਰਪ੍ਰੀਤ ਸਿੰਘ ਹੀਰੋ ਨੇ ਸੱਤਾਧਾਰੀ ਆਮ ਆਦਮੀ ਪਾਰਟੀ ਵੱਲੋਂ ਜ਼ੀਰਾ ਹਲਕੇ ਨਾਲ ਸਬੰਧਤ ਲਏ ਗਏ ਸਿਆਸੀ ਫੈਸਲਿਆਂ ’ਤੇ ਤਿੱਖਾ ਹਮਲਾ ਕੀਤਾ। ‘ਆਪ’ ਵੱਲੋਂ ਗੁਰਪ੍ਰੀਤ ਸੇਖੋਂ ਨੂੰ ਪਾਰਟੀ ਵਿੱਚ ਸ਼ਾਮਲ ਕੀਤੇ ਜਾਣ ਦਾ ਹਵਾਲਾ ਦਿੰਦਿਆਂ ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ’ਤੇ ਦੋਗਲੀ ਨੀਤੀ ਅਪਣਾਉਣ ਦੇ ਦੋਸ਼ ਲਗਾਏ। ਹਰਪ੍ਰੀਤ ਹੀਰੋ ਨੇ ਕਿਹਾ ਕਿ ਇੱਕ ਪਾਸੇ ਭਗਵੰਤ ਮਾਨ ਸਰਕਾਰ ਪੰਜਾਬ ਵਿੱਚ ਗੈਂਗਸਟਰ ਕਲਚਰ ਨੂੰ ਖ਼ਤਮ ਕਰਨ ਦੇ ਦਾਅਵੇ ਕਰਦੀ ਹੈ ਜਦਕਿ ਦੂਜੇ ਪਾਸੇ ਅਜਿਹੇ ਵਿਅਕਤੀਆਂ ਨੂੰ ਪਾਰਟੀ ਦੀਆਂ ਜ਼ਿੰਮੇਵਾਰੀਆਂ ਦੇਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਗੁਰਪ੍ਰੀਤ ਸੇਖੋਂ ਨੂੰ ਆਪ ਪਾਰਟੀ ਵਿੱਚ ਸ਼ਾਮਿਲ ਕਰਕੇ ‘ਆਪ’ ਸਰਕਾਰ ਨੇ ਖ਼ੁਦ ਹੀ ਸਪੱਸ਼ਟ ਕਰ ਦਿੱਤਾ ਹੈ ਕਿ ਗੈਂਗਸਟਰ ਕਲਚਰ ਖ਼ਿਲਾਫ਼ ਉਸਦੇ ਦਾਅਵਿਆਂ ਵਿੱਚ ਕਿੰਨੀ ਸੱਚਾਈ ਹੈ। ਉਨ੍ਹਾਂ ਕਿਹਾ ਕਿ ਇਹ ਫੈਸਲਾ ਮੁੱਖ ਮੰਤਰੀ ਭਗਵੰਤ ਮਾਨ ਦੀ ਸੱਤਾ ਬਚਾਉਣ ਲਈ ਬੇਚੈਨੀ ਨੂੰ ਦਰਸਾਉਂਦਾ ਹੈ। ਹੀਰੋ ਨੇ ਵਰਕਰਾਂ ਨੂੰ ਜ਼ਮੀਨੀ ਪੱਧਰ ’ਤੇ ਲੋਕਾਂ ਦੇ ਮੁੱਦਿਆਂ ਨੂੰ ਪੂਰੀ ਤਾਕਤ ਨਾਲ ਉਠਾਉਣ ਲਈ ਕਿਹਾ। ਉਨ੍ਹਾਂ ਵਰਕਰਾਂ ਨੂੰ ਪਿੰਡਾਂ ਦੇ ਲੋਕਾਂ ਨਾਲ ਲਗਾਤਾਰ ਸੰਪਰਕ ਵਿੱਚ ਰਹਿਣ ਅਤੇ ਕਿਸਾਨੀ ਸੰਕਟ, ਬੇਰੁਜ਼ਗਾਰੀ, ਵਿਗੜ ਰਹੀ ਕਾਨੂੰਨ -ਵਿਵਸਥਾ ਅਤੇ ਬੁਨਿਆਦੀ ਸਹੂਲਤਾਂ ਨਾਲ ਜੁੜੇ ਮੁੱਦਿਆਂ ਨੂੰ ਲਗਾਤਾਰ ਉਠਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਪਾਰਟੀ ਦੇ ਆਧਾਰ ਨੂੰ ਬੂਥ ਅਤੇ ਪਿੰਡ ਪੱਧਰ ’ਤੇ ਹੋਰ ਮਜ਼ਬੂਤ ਕਰਨ ਦੀ ਲੋੜ ਹੈ।ਉਨ੍ਹਾਂ ਵਰਕਰਾਂ ਨੂੰ ਮੈਂਬਰਸ਼ਿਪ ਮੁਹਿੰਮ ਨੂੰ ਤੇਜ਼ ਕਰਨ ਅਤੇ ਨੌਜਵਾਨਾਂ ਦੀ ਪਾਰਟੀ ਗਤੀਵਿਧੀਆਂ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਯਕੀਨੀ ਬਣਾਉਣ ਲਈ ਕਿਹਾ। ਮੀਟਿੰਗ ਵਿਚ ਹਾਜ਼ਰ ਪਾਰਟੀ ਵਰਕਰਾਂ ਨੇ ਹਰਪ੍ਰੀਤ ਸਿੰਘ ਹੀਰੋ ਨੂੰ ਪੂਰਨ ਸਹਿਯੋਗ ਅਤੇ ਸਮਰਥਨ ਦਾ ਭਰੋਸਾ ਦਿੰਦਿਆਂ ਪਾਰਟੀ ਨੂੰ ਜ਼ੀਰਾ ਹਲਕੇ ਵਿੱਚ ਹੋਰ ਮਜ਼ਬੂਤ ਕਰਨ ਲਈ ਇਕਜੁੱਟ ਹੋ ਕੇ ਕੰਮ ਕਰਨ ਦਾ ਸੰਕਲਪ ਲਿਆ।