ਮਰਨ ਤੋਂ ਬਾਅਦ ਵੀ ਰੋਸ਼ਨੀ ਵੰਡਣ ਦਾ ਸੰਕਲਪ ਲੈਣ ਲੋਕ : ਡਾ. ਰੇਖਾ ਮੌਤ ਤੋਂ ਬਾਅਦ ਵੀ ਰੌਸ਼ਨੀ ਵੰਡਣ ਦਾ ਸੰਕਲਪ ਲੈਣ ਲੋਕ : ਡਾ. ਰੇਖਾ
Publish Date: Wed, 02 Sep 2026 03:55 PM (IST)
Updated Date: Wed, 02 Sep 2026 03:58 PM (IST)
ਬਗੀਚਾ ਸਿੰਘ, ਪੰਜਾਬੀ ਜਾਗਰਣ ਮਮਦੋਟ : ਮਨੁੱਖ ਦੀ ਜ਼ਿੰਦਗੀ ਖ਼ਤਮ ਹੋਣ ਤੋਂ ਬਾਅਦ ਵੀ ਉਸ ਦੀਆਂ ਅੱਖਾਂ ਕਿਸੇ ਹੋਰ ਦੀ ਦੁਨੀਆ ਰੌਸ਼ਨ ਕਰ ਸਕਦੀਆਂ ਹਨ। ਅੱਖਾਂ ਦਾਨ ਸਬੰਧੀ ਇਸੇ ਸੰਦੇਸ਼ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਸਿਹਤ ਵਿਭਾਗ ਵੱਲੋਂ ਨੈਸ਼ਨਲ ਆਈ ਡੋਨੇਸ਼ਨ ਪੰਦਰਵਾੜੇ ਤਹਿਤ ਪੀਐੱਚਸੀ ਝੋਕ ਹਰੀਹਰ ਵਿਖੇ ਅੱਖਾਂ ਦੀ ਸਕਰੀਨਿੰਗ ਅਤੇ ਜਾਗਰੂਕਤਾ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਲੋਕਾਂ ਨੂੰ ਅੱਖਾਂ ਦੀ ਸੰਭਾਲ, ਅੱਖਾਂ ਦਾਨ ਦੀ ਮਹੱਤਤਾ ਅਤੇ ਇਸ ਸਬੰਧੀ ਫ਼ੈਲੀਆਂ ਗਲਤ ਧਾਰਨਾਵਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਡਾ. ਰੇਖਾ ਭੱਟੀ ਸੀਨੀਅਰ ਮੈਡੀਕਲ ਅਫ਼ਸਰ ਸੀਐੱਚਸੀ ਮਮਦੋਟ ਨੇ ਕਿਹਾ ਕਿ ਅੱਖਾਂ ਦਾਨ ਕਰਨਾ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਵਿੱਚੋਂ ਇੱਕ ਹੈ। ਇਸ ਮੌਕੇ ਆਸ਼ਾ ਸ਼ਰਮਾ ਅਪਥਾਲੋਮਿਕ ਅਫਸਰ ਤੇ ਬਲਾਕ ਐਜੂਕੇਟਰ ਅਮਰਜੀਤ ਨੇ ਕਿਹਾ ਕਿ ਦੇਸ਼ ਵਿੱਚ ਅੱਜ ਵੀ ਬਹੁਤ ਸਾਰੇ ਲੋਕ ਅੱਖਾਂ ਦੀ ਰੌਸ਼ਨੀ ਤੋਂ ਵਾਂਝੇ ਹਨ ਅਤੇ ਅੱਖਾਂ ਦਾਨ ਕਰਨ ਨਾਲ ਕਿਸੇ ਲੋੜਵੰਦ ਨੂੰ ਨਵੀਂ ਜ਼ਿੰਦਗੀ ਵਰਗੀ ਰੌਸ਼ਨੀ ਮਿਲ ਸਕਦੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਖ਼ੁਦ ਅੱਖਾਂ ਦਾਨ ਕਰਨ ਲਈ ਅੱਗੇ ਆਉਣ ਅਤੇ ਆਪਣੇ ਪਰਿਵਾਰਕ ਮੈਂਬਰਾਂ ਤੇ ਸਮਾਜ ਦੇ ਹੋਰਨਾਂ ਲੋਕਾਂ ਨੂੰ ਵੀ ਇਸ ਮਹਾਨ ਕਾਰਜ ਲਈ ਪ੍ਰੇਰਿਤ ਕਰਨ। ਕੈਂਪ ਦੌਰਾਨ ਬੱਚਿਆਂ ਅਤੇ ਵਡੇਰੀਆਂ ਵਿਚ ਅੱਖਾਂ ਦੀ ਸਿਹਤ ਸਬੰਧੀ ਵਧ ਰਹੀਆਂ ਸਮੱਸਿਆਵਾਂ ਬਾਰੇ ਵੀ ਚਰਚਾ ਕੀਤੀ ਗਈ। ਮੋਬਾਈਲ ਫ਼ੋਨ ਅਤੇ ਕੰਪਿਊਟਰ ਦੀ ਬੇਲੋੜੀ ਵਰਤੋਂ ਤੋਂ ਬਚਣ, ਹਨ੍ਹੇਰੇ ਵਿੱਚ ਮੋਬਾਈਲ ਨਾ ਚਲਾਉਣ ਅਤੇ ਅੱਖਾਂ ਦੀ ਰੌਸ਼ਨੀ ਬਰਕਰਾਰ ਰੱਖਣ ਲਈ ਵਿਟਾਮਿਨ ‘ਏ’ ਨਾਲ ਭਰਪੂਰ ਖ਼ੁਰਾਕ ਲੈਣ ਦੀ ਸਲਾਹ ਦਿੱਤੀ ਗਈ ਸਿਹਤ ਵਿਭਾਗ ਵੱਲੋਂ ਦੱਸਿਆ ਗਿਆ ਕਿ ਐਨਕਾਂ ਜਾਂ ਲੈਂਜ਼ ਦੀ ਵਰਤੋਂ ਕਰਨ ਵਾਲੇ ਵਿਅਕਤੀ ਵੀ ਅੱਖਾਂ ਦਾਨ ਕਰ ਸਕਦੇ ਹਨ। ਇਸ ਲਈ ਲੋਕਾਂ ਨੂੰ ਅੱਖਾਂ ਦਾਨ ਸਬੰਧੀ ਜਾਣਕਾਰੀ ਹਾਸਲ ਕਰਕੇ ਵੱਧ ਤੋਂ ਵੱਧ ਇਸ ਮੁਹਿੰਮ ਦਾ ਹਿੱਸਾ ਬਣਨ ਦੀ ਅਪੀਲ ਕੀਤੀ ਗਈ।ਇਸ ਮੌਕੇ ਪਿੰਕੀ ਗਿੱਲ, ਸ਼ੇਵਾਨੀ ਸ਼ੁਕਲਾ ਨਰਸਿੰਗ ਸਟਾਫ ,ਅਮਨਦੀਪ ਕੌਰ ਮ ਪ ਹ ਵ (ਫੀ ), ਪਰਵੀਰ ਸਿੰਘ ਮ ਪ ਹ ਵ (ਮੇਲ ), ਵੀਰਪਾਲ ਕੌਰ ਆਸ਼ਾ ਫੈਸਲੀਟੇਟਰ ਤੇ ਲੋਕ ਹਾਜ਼ਰ ਸਨ।