‘ਰੇਲ ਵਨ ਐਪ’ ਰਾਹੀਂ ਟਿਕਟਾਂ ਖਰੀਦਣ ਲਈ ਯਾਤਰੀਆਂ ਨੂੰ ਕੀਤਾ ਜਾਗਰੂਕ ਫਿਰੋਜ਼ਪੁਰ ਮੰਡਲ ਦੇ ਰੇਲਵੇ ਸਟੇਸ਼ਨਾਂ ’ਤੇ ‘ਰੇਲ ਵਨ ਐਪ’ ਰਾਹੀਂ ਟਿਕਟਾਂ ਖਰੀਦਣ ਲਈ ਯਾਤਰੀਆਂ ਨੂੰ ਕੀਤਾ ਜਾਗਰੂਕ
Publish Date: Wed, 26 Aug 2026 06:11 PM (IST)
Updated Date: Wed, 26 Aug 2026 06:13 PM (IST)
ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਰੇਲ ਯਾਤਰੀਆਂ ਦੀ ਸਹੂਲਤ ਅਤੇ ਡਿਜੀਟਲ ਟਿਕਟਿੰਗ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਅੱਜ ਫਿਰੋਜ਼ਪੁਰ ਮੰਡਲ ਦੇ ਲੁਧਿਆਣਾ, ਜਲੰਧਰ ਸਿਟੀ ਅਤੇ ਅੰਮ੍ਰਿਤਸਰ ਰੇਲਵੇ ਸਟੇਸ਼ਨਾਂ ’ਤੇ ‘ਰੇਲ ਵਨ ਐਪ’ ਰਾਹੀਂ ਟਿਕਟਾਂ ਖਰੀਦਣ ਲਈ ਇਕ ਵਿਸ਼ੇਸ਼ ਜਾਗਰੂਕਤਾ ਅਭਿਆਨ ਚਲਾਇਆ ਗਿਆ। ਇਸ ਮੁਹਿੰਮ ਦੌਰਾਨ ਯਾਤਰੀਆਂ ਨੂੰ ਡਿਜੀਟਲ ਮਾਧਿਅਮ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ। ਇਸ ਜਾਗਰੂਕਤਾ ਅਭਿਆਨ ਦੌਰਾਨ ਸਟੇਸ਼ਨ ਪਰਿਸਰਾਂ ਵਿਚ ਬੈਨਰ ਅਤੇ ਸਟੈਂਡੀ ਲਗਾ ਕੇ ਯਾਤਰੀਆਂ ਨੂੰ ‘ਰੇਲ ਵਨ ਐਪ’ ਦੀ ਵਰਤੋਂ ਅਤੇ ਇਸ ਦੇ ਲਾਭਾਂ ਬਾਰੇ ਜਾਣਕਾਰੀ ਦਿੱਤੀ ਗਈ। ਮੌਕੇ ਤੇ ਹੀ ਰੇਲਵੇ ਸਟਾਫ਼ ਵੱਲੋਂ ਲਗਭਗ 250 ਯਾਤਰੀਆਂ ਦੇ ਮੋਬਾਈਲ ਫੋਨਾਂ ਵਿਚ ‘ਰੇਲ ਵਨ ਐਪ’ ਡਾਊਨਲੋਡ ਅਤੇ ਇੰਸਟਾਲ ਕਰਵਾਈ ਗਈ, ਤਾਂ ਜੋ ਉਹ ਭਵਿੱਖ ਵਿੱਚ ਬਿਨਾਂ ਕਿਸੇ ਖੱਜਲ-ਖੁਆਰੀ ਦੇ ਆਸਾਨੀ ਨਾਲ ਟਿਕਟਾਂ ਪ੍ਰਾਪਤ ਕਰ ਸਕਣ। ਸੀਨੀਅਰ ਮੰਡਲ ਕਮਰਸ਼ੀਅਲ ਮੈਨੇਜਰ ਬਸੰਤ ਕੁਮਾਰ ਨੇ ਯਾਤਰੀਆਂ ਨੂੰ ਅਪੀਲ ਕੀਤੀ ਕਿ ਉਹ ਡਿਜੀਟਲ ਮਾਧਿਅਮਾਂ ਦੀ ਵਰਤੋਂ ਕਰਕੇ ਟਿਕਟਾਂ ਖਰੀਦਣ। ਉਨ੍ਹਾਂ ਕਿਹਾ ਕਿ ਡਿਜੀਟਲ ਪ੍ਰਣਾਲੀ ਨਾਲ ਟਿਕਟ ਪ੍ਰਾਪਤ ਕਰਨਾ ਬਹੁਤ ਤੇਜ਼, ਸੁਰੱਖਿਅਤ ਅਤੇ ਸੁਵਿਧਾਜਨਕ ਹੈ। ‘ਰੇਲ ਵਨ’ ਐਪ ਇਸ ਦਿਸ਼ਾ ਵਿਚ ਇੱਕ ਬਹੁਤ ਹੀ ਮਹੱਤਵਪੂਰਨ ਕਦਮ ਹੈ, ਜੋ ਰੇਲ ਯਾਤਰੀਆਂ ਲਈ ਇੱਕ ਸੱਚੇ ਡਿਜੀਟਲ ਸਾਥੀ ਵਜੋਂ ਕੰਮ ਕਰ ਰਹੀ ਹੈ। ਉਨ੍ਹਾਂ ਆਖਿਆ ਕਿ ਯਾਤਰੀਆਂ ਨੂੰ ਨਕਦ ਲੈਣ-ਦੇਣ ਅਤੇ ਖੁੱਲ੍ਹੇ ਪੈਸਿਆਂ ਦੀ ਚਿੰਤਾ ਤੋਂ ਮੁਕਤੀ ਮਿਲਦੀ ਹੈ। ਐਪ ਰਾਹੀਂ ਟਿਕਟ ਬੁੱਕ ਕਰਨ ਤੇ ਯਾਤਰੀਆਂ ਨੂੰ 3 ਪ੍ਰਤੀਸ਼ਤ ਦੀ ਵਿਸ਼ੇਸ਼ ਛੋਟ ਮਿਲਦੀ ਹੈ। ਟਿਕਟ ਖਿੜਕੀ ਤੇ ਲੰਬੀਆਂ ਕਤਾਰਾਂ ਵਿੱਚ ਖੜ੍ਹੇ ਹੋਣ ਦੀ ਲੋੜ ਨਹੀਂ ਪੈਂਦੀ ਜਿਸ ਨਾਲ ਸਮੇਂ ਦੀ ਬਚਤ ਹੁੰਦੀ ਹੈ।ਕਾਗਜ਼ ਰਹਿਤ (ਪੇਪਰਲੈੱਸ) ਟਿਕਟਿੰਗ ਨਾਲ ਰੁੱਖਾਂ ਦੀ ਬਚਤ ਹੁੰਦੀ ਹੈ ਅਤੇ ਵਾਤਾਵਰਨ ਨੂੰ ਨੁਕਸਾਨ ਨਹੀਂ ਪਹੁੰਚਦਾ।