ਫਿਰੋਜ਼ਪੁਰ ਕੈਂਟ ਰੇਲਵੇ ਸਟੇਸ਼ਨ ’ਤੇ ਸ਼ੁਰੂ ਹੋਵੇਗੀ ਪਾਰਸਲ ਪੈਕਿੰਗ ਦੀ ਸਹੂਲਤ ਫਿਰੋਜ਼ਪੁਰ ਕੈਂਟ ਰੇਲਵੇ ਸਟੇਸ਼ਨ ’ਤੇ ਸ਼ੁਰੂ ਹੋਵੇਗੀ ਪਾਰਸਲ ਪੈਕਿੰਗ ਦੀ ਸਹੂਲਤ
Publish Date: Wed, 12 Aug 2026 06:19 PM (IST)
Updated Date: Wed, 12 Aug 2026 06:20 PM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਫਿਰੋਜ਼ਪੁਰ ਰੇਲਵੇ ਮੰਡਲ ਵੱਲੋਂ ਯਾਤਰੀਆਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦਿਆਂ ਪਾਰਸਲ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਲਈ ਅਹਿਮ ਕਦਮ ਚੁੱਕਿਆ ਗਿਆ ਹੈ। ਫਿਰੋਜ਼ਪੁਰ ਕੈਂਟ ਰੇਲਵੇ ਸਟੇਸ਼ਨ ’ਤੇ ਹੁਣ ਯਾਤਰੀਆਂ ਅਤੇ ਵਪਾਰਕ ਪਾਰਸਲ ਭੇਜਣ ਵਾਲਿਆਂ ਨੂੰ ਸਟੇਸ਼ਨ ’ਤੇ ਹੀ ਪਾਰਸਲ ਪੈਕਿੰਗ ਦੀ ਸਹੂਲਤ ਮਿਲੇਗੀ। ਇਸ ਸਬੰਧੀ ਮੰਡਲ ਵੱਲੋਂ ਈ-ਨੀਲਾਮੀ ਪ੍ਰਕਿਰਿਆ ਰਾਹੀਂ ਪਾਰਸਲ ਪੈਕਿੰਗ ਸੇਵਾ ਦਾ ਠੇਕਾ ਤਿੰਨ ਸਾਲਾਂ ਦੀ ਮਿਆਦ ਲਈ ਅਲਾਟ ਕਰ ਦਿੱਤਾ ਗਿਆ ਹੈ। ਇਸ ਨਵੀਂ ਵਿਵਸਥਾ ਦੇ ਲਾਗੂ ਹੋਣ ਨਾਲ ਯਾਤਰੀਆਂ ਨੂੰ ਪਾਰਸਲ ਬਾਹਰੋਂ ਪੈਕ ਕਰਵਾਉਣ ਦੀ ਪਰੇਸ਼ਾਨੀ ਤੋਂ ਰਾਹਤ ਮਿਲੇਗੀ। ਰੇਲਵੇ ਸਟੇਸ਼ਨ ’ਤੇ ਹੀ ਵਾਜਬ ਅਤੇ ਨਾਮਾਤਰ ਫੀਸ ’ਤੇ ਪਾਰਸਲ ਦੀ ਢੁਕਵੀਂ ਪੈਕਿੰਗ ਕਰਵਾਈ ਜਾ ਸਕੇਗੀ। ਸਹੀ ਢੰਗ ਨਾਲ ਪੈਕ ਕੀਤੇ ਜਾਣ ਕਾਰਨ ਸਾਮਾਨ ਨੂੰ ਰੇਲ ਰਾਹੀਂ ਭੇਜਣ ਦੌਰਾਨ ਟੁੱਟਣ, ਖਰਾਬ ਹੋਣ ਜਾਂ ਨੁਕਸਾਨ ਪਹੁੰਚਣ ਦੀ ਸੰਭਾਵਨਾ ਵੀ ਘੱਟ ਹੋਵੇਗੀ।ਰੇਲਵੇ ਅਧਿਕਾਰੀਆਂ ਅਨੁਸਾਰ ਪਾਰਸਲਾਂ ਦੀ ਬਿਹਤਰ ਪੈਕਿੰਗ ਨਾਲ ਲੋਡਿੰਗ ਅਤੇ ਅਨਲੋਡਿੰਗ ਦੌਰਾਨ ਹੋਣ ਵਾਲੀਆਂ ਮੁਸ਼ਕਲਾਂ ਵਿੱਚ ਕਮੀ ਆਵੇਗੀ। ਇਸ ਨਾਲ ਪਾਰਸਲ ਸਬੰਧੀ ਸ਼ਿਕਾਇਤਾਂ ਅਤੇ ਨੁਕਸਾਨ ਦੇ ਦਾਅਵਿਆਂ ਵਿੱਚ ਵੀ ਕਮੀ ਆਉਣ ਦੀ ਉਮੀਦ ਹੈ। ਯਾਤਰੀਆਂ ਨੂੰ ਇਕੋ ਥਾਂ ’ਤੇ ਪੈਕਿੰਗ ਦੀ ਸਹੂਲਤ ਮਿਲਣ ਨਾਲ ਪਾਰਸਲ ਭੇਜਣ ਦੀ ਪ੍ਰਕਿਰਿਆ ਹੋਰ ਸੁਚੱਜੀ ਅਤੇ ਆਸਾਨ ਬਣੇਗੀ।ਇਹ ਸੇਵਾ ਲੁਧਿਆਣਾ ਅਤੇ ਅੰਮ੍ਰਿਤਸਰ ਰੇਲਵੇ ਸਟੇਸ਼ਨਾਂ ’ਤੇ ਪਹਿਲਾਂ ਹੀ ਚੱਲ ਰਹੀ ਹੈ, ਜਿੱਥੇ ਯਾਤਰੀ ਇਸ ਦਾ ਲਾਭ ਲੈ ਰਹੇ ਹਨ। ਫਿਰੋਜ਼ਪੁਰ ਕੈਂਟ ਸਟੇਸ਼ਨ ’ਤੇ ਇਸ ਸਹੂਲਤ ਦੇ ਸ਼ੁਰੂ ਹੋਣ ਨਾਲ ਪਾਰਸਲ ਸੇਵਾ ਦੇ ਪੱਧਰ ਵਿਚ ਵੀ ਸੁਧਾਰ ਆਵੇਗਾ। ਫਿਰੋਜ਼ਪੁਰ ਮੰਡਲ ਵੱਲੋਂ ਈ-ਨੀਲਾਮੀ ਪ੍ਰਣਾਲੀ ਨੂੰ ਤਰਜੀਹ ਦੇਣ ਨਾਲ ਠੇਕਿਆਂ ਦੀ ਪ੍ਰਕਿਰਿਆ ਵਿਚ ਪਾਰਦਰਸ਼ਤਾ ਵਧੀ ਹੈ। ਇਸ ਦੇ ਨਾਲ ਹੀ ਰੇਲਵੇ ਦੇ ਗੈਰ-ਕਿਰਾਇਆ ਮਾਲੀਏ ਵਿਚ ਵੀ ਵਾਧਾ ਹੋ ਰਿਹਾ ਹੈ। ਮੰਡਲ ਦਾ ਮੰਨਣਾ ਹੈ ਕਿ ਪਾਰਸਲ ਪੈਕਿੰਗ ਸਹੂਲਤ ਯਾਤਰੀਆਂ ਨੂੰ ਆਧੁਨਿਕ ਸੇਵਾ ਦੇਣ ਦੇ ਨਾਲ ਰੇਲਵੇ ਦੀ ਆਮਦਨ ਵਧਾਉਣ ਵਿੱਚ ਵੀ ਸਹਾਇਕ ਸਾਬਤ ਹੋਵੇਗੀ।