- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਕਜ ਸੇਤੀਆ ਨੇ ਰਿਕਾਰਡ ਦੀ ਕੀਤੀ ਜਾਂਚ, ਲੋਕਾਂ ਨੂੰ ਸੁਰੱਖਿਅਤ ਬੈਂਕਿੰਗ ਨਾਲ ਜੋੜਨ ਦੇ ਉਪਰਾਲਿਆਂ ਦੀ ਕੀਤੀ ਸ਼ਲਾਘਾ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜ਼ੀਰਾ : ਲੋਕਾਂ ਨੂੰ ਬੈਂਕਿੰਗ ਪ੍ਰਣਾਲੀ ਨਾਲ ਜੋੜਨ, ਵਿੱਤੀ ਸੁਰੱਖਿਆ ਪ੍ਰਤੀ ਜਾਗਰੂਕ ਕਰਨ ਅਤੇ ਸਰਕਾਰੀ ਸਮਾਜਿਕ ਸੁਰੱਖਿਆ ਯੋਜਨਾਵਾਂ ਦਾ ਲਾਭ ਯੋਗ ਵਿਅਕਤੀਆਂ ਤੱਕ ਪਹੁੰਚਾਉਣ ਦੇ ਮਕਸਦ ਨਾਲ ਆਰੋਹ ਫਾਊਂਡੇਸ਼ਨ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਵਿੱਤੀ ਸਾਖਰਤਾ ਕੇਂਦਰ ਜ਼ੀਰਾ ਦਾ ਭਾਰਤੀ ਰਿਜ਼ਰਵ ਬੈਂਕ, ਚੰਡੀਗੜ੍ਹ ਦੇ ਜਨਰਲ ਮੈਨੇਜਰ ਸ. ਪੰਕਜ ਸੇਤੀਆ ਵੱਲੋਂ ਵਿਸ਼ੇਸ਼ ਦੌਰਾ ਕੀਤਾ ਗਿਆ। ਮੱਲਾਂਵਾਲਾ ਰੋਡ ਸਥਿਤ ਕੇਂਦਰ ਵਿਖੇ ਪਹੁੰਚਣ ’ਤੇ ਉਨ੍ਹਾਂ ਦੇ ਨਾਲ ਆਰਬੀਆਈ ਦੇ ਐਲਡੀਓ ਸੁਧੀਰ ਸਿੱਧੂ ਅਤੇ ਐੱਲਡੀਐੱਮ ਫਿਰੋਜ਼ਪੁਰ ਉਪਮਨਿਊ ਸੂਦ ਵੀ ਮੌਜ਼ੂਦ ਸਨ। ਦੌਰੇ ਦੌਰਾਨ ਪੰਕਜ ਸੇਤੀਆ ਨੇ ਵਿੱਤੀ ਸਾਖਰਤਾ ਕੇਂਦਰ ਦੇ ਰਿਕਾਰਡ ਅਤੇ ਵੱਖ-ਵੱਖ ਗਤੀਵਿਧੀਆਂ ਦਾ ਬਾਰੀਕੀ ਨਾਲ ਜਾਇਜ਼ਾ ਲਿਆ। ਉਨ੍ਹਾਂ ਵੱਲੋਂ ਕੇਂਦਰ ਦੀ ਕਾਰਗੁਜ਼ਾਰੀ ’ਤੇ ਤਸੱਲੀ ਪ੍ਰਗਟ ਕਰਦਿਆਂ ਟੀਮ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਗਈ। ਇਸ ਦੇ ਨਾਲ ਹੀ ਉਨ੍ਹਾਂ ਨੇ ਕੇਂਦਰ ਦੀਆਂ ਸੇਵਾਵਾਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਕਈ ਮਹੱਤਵਪੂਰਨ ਸੁਝਾਅ ਵੀ ਦਿੱਤੇ। ਇਸ ਮੌਕੇ ਐਲਡੀਐਮ ਉਪਮਨਿਊ ਸੂਦ ਅਤੇ ਐਲਡੀਓ ਸੁਧੀਰ ਸਿੱਧੂ ਨੇ ਵੀ ਵਿੱਤੀ ਸਾਖਰਤਾ ਟੀਮ ਜ਼ੀਰਾ ਦੇ ਲੋਕ-ਹਿੱਤ ਨਾਲ ਜੁੜੇ ਯਤਨਾਂ ਦੀ ਭਰਪੂਰ ਪ੍ਰਸ਼ੰਸਾ ਕੀਤੀ। ਜ਼ਿਲ੍ਹਾ ਕੋਆਰਡੀਨੇਟਰ ਜਸਕਰਨਜੀਤ ਸਿੰਘ ਨੇ ਦੱਸਿਆ ਕਿ ਵਿੱਤੀ ਸਾਖਰਤਾ ਕੇਂਦਰ ਜ਼ੀਰਾ ਵੱਲੋਂ ਲੋਕਾਂ ਨੂੰ ਡਿਜੀਟਲ ਧੋਖਾਧੜੀ ਤੋਂ ਸੁਚੇਤ ਰਹਿਣ ਦੇ ਨਾਲ-ਨਾਲ ਪ੍ਰਧਾਨ ਮੰਤਰੀ ਜਨ ਧਨ ਯੋਜਨਾ, ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ, ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ, ਸੁਕੰਨਿਆ ਸਮਰਿੱਧੀ ਯੋਜਨਾ ਅਤੇ ਅਟਲ ਪੈਨਸ਼ਨ ਯੋਜਨਾ ਸਮੇਤ ਵੱਖ-ਵੱਖ ਸਮਾਜਿਕ ਸੁਰੱਖਿਆ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਜ਼ੀਰਾ, ਘੱਲ ਖੁਰਦ ਅਤੇ ਮਖੂ ਤਿੰਨ ਬਲਾਕਾਂ ਵਿੱਚ ਨਿਯਮਿਤ ਤੌਰ ’ਤੇ ਫੀਲਡ ਕੈਂਪ ਲਗਾ ਕੇ ਲੋਕਾਂ ਨੂੰ ਵਿੱਤੀ ਸਾਖਰਤਾ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ। ਇਨ੍ਹਾਂ ਕੈਂਪਾਂ ਦਾ ਮੁੱਖ ਉਦੇਸ਼ ਲੋਕਾਂ ਨੂੰ ਬੈਂਕਿੰਗ ਪ੍ਰਣਾਲੀ ਨਾਲ ਜੋੜਨਾ, ਸੁਰੱਖਿਅਤ ਬੈਂਕਿੰਗ ਪ੍ਰਤੀ ਜਾਗਰੂਕ ਕਰਨਾ ਅਤੇ ਵਿੱਤੀ ਸੇਵਾਵਾਂ ਦੀ ਸਹੀ ਵਰਤੋਂ ਲਈ ਉਤਸ਼ਾਹਿਤ ਕਰਨਾ ਹੈ। ਇਸ ਮੌਕੇ ਜ਼ਿਲ੍ਹਾ ਕੋਆਰਡੀਨੇਟਰ ਜਸਕਰਨਜੀਤ ਸਿੰਘ ਸਮੇਤ ਵਿੱਤੀ ਸਾਖਰਤਾ ਕੇਂਦਰ ਜ਼ੀਰਾ ਦਾ ਸਮੂਹ ਸਟਾਫ਼ ਹਾਜ਼ਰ ਸੀ।