ਸਿਲੇਬਸ ’ਚੋਂ ਪੰਜਾਬ ਤੇ ਸਿੱਖ ਇਤਿਹਾਸ ਹਟਾਉਣ ਦਾ ਫੈਸਲਾ ਮੰਦਭਾਗਾ ਪੰਜਾਬ ਯੂਨੀਵਰਸਿਟੀ ਵੱਲੋਂ ਐਮ.ਏ. ਇਤਿਹਾਸ ਦੇ ਸਿਲੇਬਸ ’ਚੋਂ ਪੰਜਾਬ ਤੇ ਸਿੱਖ ਇਤਿਹਾਸ ਹਟਾਉਣ ਦਾ ਫੈਸਲਾ ਮੰਦਭਾਗਾ
Publish Date: Sun, 13 Sep 2026 06:11 PM (IST)
Updated Date: Mon, 14 Sep 2026 04:05 AM (IST)
ਪੰਜਾਬ ਦੀ ਹੋਂਦ ਤੇ ਵਿਰਸੇ ’ਤੇ ਸਿੱਧਾ ਹਮਲਾ : ਪੀਰ ਮੁਹੰਮਦ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੱਖੂ : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਅਕਾਦਮਿਕ ਕੌਂਸਲ ਵੱਲੋਂ ਐਮ.ਏ. ਇਤਿਹਾਸ ਦੇ ਸਿਲੇਬਸ ਵਿੱਚੋਂ ਪੰਜਾਬ ਅਤੇ ਸਿੱਖ ਇਤਿਹਾਸ ਨੂੰ ਹਟਾਉਣ ਦਾ ਲਿਆ ਗਿਆ ਫੈਸਲਾ ਬੇਹੱਦ ਮੰਦਭਾਗਾ, ਚਿੰਤਾਜਨਕ ਅਤੇ ਪੰਜਾਬ ਦੇ ਮਹਾਨ ਵਿਰਸੇ ਉੱਤੇ ਸਿੱਧਾ ਹਮਲਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਪੁਨਰਸੁਰਜੀਤ ਦੇ ਮੁੱਖ ਬੁਲਾਰੇ, ਸੀਨੀਅਰ ਮੀਤ ਪ੍ਰਧਾਨ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਪ੍ਰਸਤ ਕਰਨੈਲ ਸਿੰਘ ਪੀਰ ਮੁਹੰਮਦ ਨੇ ਇਸ ਫੈਸਲੇ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਇਸ ਨੂੰ ਪੰਜਾਬ ਦੀ ਵਿਰਾਸਤ ਅਤੇ ਇਤਿਹਾਸ ਨੂੰ ਮਿਟਾਉਣ ਦੀ ਇੱਕ ਡੂੰਘੀ ਸਾਜ਼ਿਸ਼ ਕਰਾਰ ਦਿੱਤਾ ਹੈ। ਕੇਂਦਰ ਵਿਚ ਰਹੀਆਂ ਵੱਖ-ਵੱਖ ਸਮੇਂ ਦੀਆਂ ਸਰਕਾਰਾਂ ਨੇ ਹਮੇਸ਼ਾ ਪੰਜਾਬ ਦੇ ਅਧਿਕਾਰਾਂ ਅਤੇ ਹੱਕਾਂ ਤੇ ਡਾਕੇ ਮਾਰੇ ਹਨ। ਪਹਿਲਾਂ ਕੇਂਦਰ ਵਿਚ ਸੱਤਾਧਾਰੀ ਕਾਂਗਰਸੀ ਹਾਕਮਾਂ ਨੇ ਸਾਡੀ ਰਾਜਧਾਨੀ ਚੰਡੀਗੜ੍ਹ ਖੋਹ ਕੇ ਉਥੋਂ ਪੰਜਾਬੀ ਜ਼ਬਾਨ ਦਾ ਖਾਤਮਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਹੁਣ ਭਾਜਪਾਈ ਹਾਕਮ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਰੂਪ ਅਤੇ ਹੋਂਦ ਨੂੰ ਖੋਹ ਕੇ ਸਾਡਾ ਇਤਿਹਾਸ ਮਿਟਾਉਣ ਤੇ ਲੱਗੇ ਹੋਏ ਹਨ। ਜੇਕਰ ਅਜਿਹੇ ਫੈਸਲਿਆਂ ਨੂੰ ਅਜੇ ਵੀ ਨਾ ਰੋਕਿਆ ਗਿਆ ਤਾਂ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਪੰਜਾਬ ਦੇ ਹੱਕਾਂ ਦਾ ਕੀ ਹਸ਼ਰ ਹੋਵੇਗਾ, ਇਸ ਬਾਰੇ ਕੁਝ ਵੀ ਕਿਹਾ ਨਹੀਂ ਜਾ ਸਕਦਾ। ਪੰਜਾਬ ਯੂਨੀਵਰਸਿਟੀ ਵਰਗੀ ਇਤਿਹਾਸਕ ਸੰਸਥਾ ਵਿੱਚੋਂ ਪੰਜਾਬ ਅਤੇ ਸਿੱਖਾਂ ਦੇ ਲਾਸਾਨੀ ਇਤਿਹਾਸ ਨੂੰ ਗਾਇਬ ਕਰਨਾ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਆਪਣੀਆਂ ਜੜ੍ਹਾਂ ਨਾਲੋਂ ਤੋੜਨ ਦੀ ਕੋਸ਼ਿਸ਼ ਹੈ। ਇਸ ਯੂਨੀਵਰਸਿਟੀ ਦੀ ਸਥਾਪਨਾ ਅਤੇ ਵਿਕਾਸ ਵਿੱਚ ਪੰਜਾਬ ਦਾ ਅਹਿਮ ਯੋਗਦਾਨ ਰਿਹਾ ਹੈ, ਪਰ ਅੱਜ ਇਸ ਸੰਸਥਾ ਨੂੰ ਪੰਜਾਬ ਦੇ ਪ੍ਰਭਾਵ ਤੋਂ ਮੁਕਤ ਕਰਨ ਲਈ ਯੋਜਨਾਬੱਧ ਤਰੀਕੇ ਨਾਲ ਕਦਮ ਚੁੱਕੇ ਜਾ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਪੁਨਰਸੁਰਜੀਤ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਇਸ ਫੈਸਲੇ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਨਗੇ। ਦੇਸ਼-ਵਿਦੇਸ਼ ਵਿੱਚ ਵੱਸਦੇ ਹਰ ਸੱਚੇ ਪੰਜਾਬੀ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣੀ ਮਾਂ-ਬੋਲੀ, ਇਤਿਹਾਸ ਅਤੇ ਹੱਕਾਂ ਦੀ ਰਾਖੀ ਲਈ ਇਸ ਅਨਿਆਂਪੂਰਨ ਫੈਸਲੇ ਵਿਰੁੱਧ ਇੱਕਜੁੱਟ ਹੋ ਕੇ ਆਪਣੀ ਆਵਾਜ਼ ਬੁਲੰਦ ਕਰਨ। ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਅਤੇ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੱਤੀ ਜਾਂਦੀ ਹੈ ਕਿ ਐਮ.ਏ. ਇਤਿਹਾਸ ਦੇ ਸਿਲੇਬਸ ਵਿਚ ਪੰਜਾਬ ਅਤੇ ਸਿੱਖ ਇਤਿਹਾਸ ਨੂੰ ਪਹਿਲਾਂ ਵਾਂਗ ਬਹਾਲ ਕੀਤਾ ਜਾਵੇ, ਨਹੀਂ ਤਾਂ ਇਸ ਵਿਰੁੱਧ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।