ਖੇਤਾਂ ’ਚ ਸੁੱਕ ਰਿਹਾ ਝੋਨਾ, ਸੜਕਾਂ ’ਤੇ ਉਤਰੇ ਕਿਸਾਨ ਖੇਤਾਂ ’ਚ ਸੁੱਕ ਰਿਹਾ ਝੋਨਾ, ਸੜਕਾਂ ’ਤੇ ਉਤਰੇ ਕਿਸਾਨ
Publish Date: Sat, 12 Sep 2026 07:00 PM (IST)
Updated Date: Sun, 13 Sep 2026 04:05 AM (IST)
ਬਿਜਲੀ ਦੇ ਕੱਟਾਂ ਤੋਂ ਭੜਕਿਆ ਰੋਹ, ਬਿਜਲੀ ਸਪਲਾਈ ਨੂੰ ਲੈ ਕੇ ਭਾਕਿਯੂ ਕਾਦੀਆਂ ਤੇ ਲੱਖੋਵਾਲ ਵੱਲੋਂ ਜ਼ੀਰਾ-ਫਿਰੋਜ਼ਪੁਰ ਰੋਡ ਜਾਮ, ਐਕਸੀਅਨ ਦੇ ਭਰੋਸੇ ਮਗਰੋਂ ਧਰਨਾ ਸਮਾਪਤ ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ, ਜ਼ੀਰਾ : ਝੋਨੇ ਦੀ ਫ਼ਸਲ ਲਈ ਲੋੜੀਂਦੀ ਬਿਜਲੀ ਸਪਲਾਈ ਨਾ ਮਿਲਣ ਕਾਰਨ ਕਿਸਾਨਾਂ ਦਾ ਰੋਹ ਸੜਕਾਂ ’ਤੇ ਆ ਗਿਆ। ਖੇਤੀ ਸੈਕਟਰ ਨੂੰ ਨਿਰਵਿਘਨ ਬਿਜਲੀ ਦੇਣ ਦੇ ਸਰਕਾਰੀ ਦਾਅਵਿਆਂ ਦੇ ਉਲਟ ਜ਼ਮੀਨੀ ਹਾਲਾਤਾਂ ਦਾ ਹਵਾਲਾ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਅਤੇ ਲੱਖੋਵਾਲ ਵੱਲੋਂ ਪਿੰਡ ਮਰਖਾਈ ਵਿਖੇ ਜ਼ੀਰਾ-ਫਿਰੋਜ਼ਪੁਰ ਰੋਡ ਬੰਦ ਕਰਕੇ ਰੋਸ ਧਰਨਾ ਦਿੱਤਾ ਗਿਆ। ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਚੱਲੇ ਧਰਨੇ ਕਾਰਨ ਹਾਈਵੇ ’ਤੇ ਆਵਾਜਾਈ ਪ੍ਰਭਾਵਿਤ ਰਹੀ ਅਤੇ ਦੋਵੇਂ ਪਾਸਿਆਂ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ। ਕਿਸਾਨਾਂ ਨੇ ਦੋਸ਼ ਲਾਇਆ ਕਿ ਪਿਛਲੇ ਤਕਰੀਬਨ ਇੱਕ ਹਫ਼ਤੇ ਤੋਂ ਖੇਤੀਬਾੜੀ ਲਈ ਬਿਜਲੀ ਸਪਲਾਈ ਬੇਹੱਦ ਘੱਟ ਰਹਿ ਗਈ ਹੈ। ਬੋਤੀਆਂ ਵਾਲਾ ਗਰਿੱਡ ਨਾਲ ਚੱਲਦੇ ਛੋਟੇ ਬਿਜਲੀ ਘਰਾਂ ਦੇ ਫੀਡਰਾਂ ਨੂੰ ਵੀ ਕਈ ਥਾਵਾਂ ’ਤੇ ਸਿਰਫ਼ 2 ਤੋਂ 3 ਘੰਟੇ ਦੇ ਕਰੀਬ ਬਿਜਲੀ ਮਿਲ ਰਹੀ ਹੈ। ਵਾਰ-ਵਾਰ ਬਿਜਲੀ ਬੰਦ ਹੋਣ ਕਾਰਨ ਮੋਟਰਾਂ ਲਗਾਤਾਰ ਨਹੀਂ ਚੱਲ ਰਹੀਆਂ, ਜਿਸ ਨਾਲ ਖੇਤਾਂ ਦੀ ਸਿੰਚਾਈ ਪ੍ਰਭਾਵਿਤ ਹੋ ਰਹੀ ਹੈ। ਕਿਸਾਨਾਂ ਦਾ ਕਹਿਣਾ ਸੀ ਕਿ ਝੋਨੇ ਦੀ ਫ਼ਸਲ ਮੁੰਜਰ ਲੈ ਰਹੀ ਹੈ ਅਤੇ ਇਸ ਪੜਾਅ ’ਤੇ ਪਾਣੀ ਦੀ ਸਖ਼ਤ ਲੋੜ ਹੈ। ਲੋੜ ਅਨੁਸਾਰ ਸਿੰਚਾਈ ਨਾ ਹੋਣ ਕਾਰਨ ਫ਼ਸਲ ਸੁੱਕਣ ਦਾ ਖ਼ਦਸ਼ਾ ਬਣਿਆ ਹੋਇਆ ਹੈ। ਉਨ੍ਹਾਂ ਸਰਕਾਰ ਵੱਲੋਂ ਖੇਤੀ ਸੈਕਟਰ ਨੂੰ ਅੱਠ ਘੰਟੇ ਬਿਜਲੀ ਦੇਣ ਦੇ ਦਾਅਵਿਆਂ ’ਤੇ ਵੀ ਸਵਾਲ ਚੁੱਕੇ। ਧਰਨਾਕਾਰੀਆਂ ਨੇ ਕਿਹਾ ਕਿ ਮੋਟਰਾਂ ਬੰਦ ਕਰਕੇ ਝੋਨਾ ਲਾਉਣ ਅਤੇ ਪਾਣੀ ਬਚਾਉਣ ਦੀਆਂ ਗੱਲਾਂ ਆਪਣੀ ਥਾਂ ਹਨ ਪਰ ਖੇਤਾਂ ਵਿੱਚ ਖੜ੍ਹੀ ਫ਼ਸਲ ਨੂੰ ਲੋੜ ਅਨੁਸਾਰ ਪਾਣੀ ਮਿਲਣਾ ਵੀ ਯਕੀਨੀ ਬਣਾਉਣਾ ਸਰਕਾਰ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਮੰਗ ਕੀਤੀ ਕਿ ਬਿਜਲੀ ਦੇ ਵਾਰ-ਵਾਰ ਲੱਗ ਰਹੇ ਕੱਟ ਤੁਰੰਤ ਬੰਦ ਕਰਕੇ ਖੇਤੀਬਾੜੀ ਲਈ ਨਿਯਮਤ ਸਪਲਾਈ ਯਕੀਨੀ ਬਣਾਈ ਜਾਵੇ। ਬਿਜਲੀ ਵਿਭਾਗ ਦੇ ਐਕਸੀਅਨ ਜ਼ੀਰਾ ਵੱਲੋਂ ਕਿਸਾਨਾਂ ਨੂੰ ਖੇਤੀ ਸੈਕਟਰ ਲਈ ਨਿਰਵਿਘਨ 6 ਘੰਟੇ ਬਿਜਲੀ ਸਪਲਾਈ ਦੇਣ ਦਾ ਵਿਸ਼ਵਾਸ ਦਿਵਾਉਣ ਉਪਰੰਤ ਧਰਨਾ ਚੁੱਕ ਲਿਆ ਗਿਆ। ਇਸ ਮੌਕੇ ਭਾਕਿਯੂ ਕਾਦੀਆਂ ਤੇ ਭਾਕਿਯੂ ਲੱਖੋਵਾਲ ਤੋਂ ਦਰਸ਼ਨ ਸਿੰਘ ਸੂਬਾ ਕਮੇਟੀ ਮੈਂਬਰ, ਪ੍ਰੀਤਮ ਸਿੰਘ ਮੀਹਾਂ ਸਿੰਘ ਵਾਲਾ, ਮਨਦੀਪ ਸਿੰਘ ਅਲੀਪੁਰ, ਸੁਖਵੀਰ ਸਿੰਘ ਮਰਖਾਈ, ਹਰਦਿਆਲ ਸਿੰਘ ਅਲੀਪੁਰ ਮੀਤ ਪ੍ਰਧਾਨ ਪੰਜਾਬ, ਭਿੰਦਰ ਸਿੰਘ ਖੋਸਾ ਦਲ ਸਿੰਘ, ਸਰਬਨ ਸਿੰਘ ਅਲੀਪੁਰ, ਗੁਰਪ੍ਰਤਾਪ ਸਿੰਘ ਅਲੀਪੁਰ, ਸੁਖਦੇਵ ਸਿੰਘ ਸਨ੍ਹੇਰ, ਹਰਪ੍ਰੀਤ ਸਿੰਘ ਲੌਂਗੋਦੇਵਾ, ਵਿੱਕੀ ਨਾਰੰਗ, ਨਵਜੀਤ ਸਿੰਘ ਸਰਪੰਚ ਮਰਖਾਈ, ਡਾ. ਕੁਲਦੀਪ ਸਿੰਘ ਸ਼ੇਰਗਿੱਲ ਮਰਖਾਈ, ਸੁਖਮੰਦਰ ਸਿੰਘ ਸ਼ੂਸ਼ਕ ਜ਼ਿਲ੍ਹਾ ਪ੍ਰਧਾਨ, ਰਾਜਵੀਰ ਸਿੰਘ ਮੀਹਾਂ ਸਿੰਘ ਵਾਲਾ, ਰਾਮਪ੍ਰੀਤ ਸਿੰਘ ਮੀਹਾਂ ਸਿੰਘ ਵਾਲਾ, ਸ਼ਿੰਗਾਰਾ ਸਿੰਘ ਸ਼ੂਸ਼ਕ, ਜਸਵਿੰਦਰ ਸਿੰਘ ਸੋਢੀਵਾਲਾ, ਲੱਖਾ ਆਜ਼ਾਦ ਮੀਹਾਂ ਸਿੰਘ ਵਾਲਾ, ਜਗਜੀਤ ਸਿੰਘ ਜੱਗਾ, ਗੁਰਜੀਤ ਸਿੰਘ ਕੱਸੋਆਣਾ, ਹਰਪ੍ਰੀਤ ਸਿੰਘ ਨਾਰੰਗ ਸਿੰਘ ਵਾਲਾ ਅਤੇ ਜੱਸ ਨਾਰੰਗ ਸਿੰਘ ਵਾਲਾ ਆਦਿ ਹਾਜ਼ਰ ਸਨ।