- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ’ਚ ਬਾਹਰੋਂ ਸੁੱਟੇ ਪੈਕੇਟ ਬਰਾਮਦ

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਵਿੱਚ ਬਾਹਰੋਂ ਸੁੱਟੀਆਂ ਗਈਆਂ ਨਸ਼ੀਲੀਆਂ ਵਸਤੂਆਂ ਅਤੇ ਹੋਰ ਪਾਬੰਦੀਸ਼ੁਦਾ ਸਮਾਨ ਦੀ ਬਰਾਮਦਗੀ ਦੇ ਮਾਮਲੇ ਵਿਚ ਪੁਲਿਸ ਨੇ ਇਕ ਕੈਦੀ ਅਤੇ ਚਾਰ ਹਵਾਲਾਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਥਾਣਾ ਸਿਟੀ ਫਿਰੋਜ਼ਪੁਰ ਪੁਲਿਸ ਨੂੰ ਰਵੀ ਕੁਮਾਰ ਡਿਪਟੀ ਸੁਪਰਡੈਂਟ ਸਕਿਉਰਿਟੀ ਕੇਂਦਰੀ ਜੇਲ੍ਹ ਫਿਰੋਜ਼ਪੁਰ ਨੇ ਦੱਸਿਆ ਕਿ 1 ਸਤੰਬਰ 2026 ਨੂੰ ਸਵੇਰੇ ਲਗਭਗ 10.35 ਵਜੇ ਜੇਲ੍ਹ ਦੀ ਬਾਹਰੀ ਕੰਧ ਤੋਂ ਅੰਦਰ ਵੱਲ ਕੁਝ ਪੈਕੇਟ ਸੁੱਟੇ ਗਏ। ਇਸ ਦੌਰਾਨ ਜੇਲ੍ਹ ਅਮਲੇ ਨੇ ਹਵਾਲਾਤੀ ਸੰਜੀਵ ਪੁੱਤਰ ਮੈਨੂਅਲ ਮਸੀਹ ਵਾਸੀ ਕਰਤਾਰਪੁਰ ਜਲੰਧਰਠ ਹਾਲ ਵਾਸੀ ਲਾਲ ਕੁੜਤੀ, ਫ਼ਿਰੋਜ਼ਪੁਰ ਕੈਂਟ ਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ ਗਿਆ। ਜੇਲ੍ਹ ਅਧਿਕਾਰੀ ਨੇ ਦੱਸਿਆ ਕਿ ਸਖ਼ਤੀ ਨਾਲ ਕੀਤੀ ਗਈ ਪੁੱਛਗਿੱਛ ਦੌਰਾਨ ਹਵਾਲਾਤੀ ਸੰਜੀਵ ਨੇ ਖੁਲਾਸਾ ਕੀਤਾ ਕਿ ਉਸ ਨੇ ਇਹ ਪੈਕੇਟ ਫੜ ਕੇ ਅੱਗੇ ਹਵਾਲਾਤੀ ਸੁਖਵਿੰਦਰ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਪਿੰਡ ਹਾਮਦ ਵਾਲਾ ਉਤਾੜ ਅਤੇ ਹਵਾਲਾਤੀ ਅਭਿਸ਼ੇਕ ਉਰਫ਼ ਅਭੀ ਪੁੱਤਰ ਸੰਜੀਵ ਕੁਮਾਰ ਵਾਸੀ ਗਵਾਲ ਮੰਡੀ, ਫ਼ਿਰੋਜ਼ਪੁਰ ਨੂੰ ਦਿੱਤੇ ਸਨ। ਜੇਲ੍ਹ ਅਧਿਕਾਰੀ ਨੇ ਦੱਸਿਆ ਕਿ ਅੱਗੇ ਕੀਤੀ ਗਈ ਜਾਂਚ ਵਿਚ ਸਾਹਮਣੇ ਆਇਆ ਕਿ ਇਹ ਸਮਾਨ ਕੈਦੀ ਜਗਸੀਰ ਸਿੰਘ ਪੁੱਤਰ ਕਸ਼ਮੀਰ ਸਿੰਘ ਅਤੇ ਹਵਾਲਾਤੀ ਗੁਰਜੀਤ ਸਿੰਘ ਪੁੱਤਰ ਕਰਤਾਰ ਸਿੰਘ ਦੋਵੇਂ ਵਾਸੀ ਪਿੰਡ ਬਾਜੀਦਪੁਰ ਦੇ ਬੈਰਕ ਦੇ ਰੌਸ਼ਨਦਾਨ ਵਿਚ ਸੁੱਟ ਦਿੱਤਾ ਗਿਆ ਸੀ। ਜਦੋਂ ਜੇਲ੍ਹ ਪ੍ਰਸ਼ਾਸਨ ਵੱਲੋਂ ਬੈਰਕ ਅਤੇ ਰੌਸ਼ਨਦਾਨ ਦੀ ਤਲਾਸ਼ੀ ਲਈ ਗਈ ਤਾਂ ਉੱਥੋਂ 259 ਨਸ਼ੀਲੇ ਕੈਪਸੂਲ, 55 ਪੁੜੀਆਂ ਤੰਬਾਕੂ (ਜਰਦਾ), 3 ਪੁੜੀਆਂ ਕੂਪ ਲਿਪ ਅਤੇ 2 ਡਾਟਾ ਕੇਬਲਾਂ ਬਰਾਮਦ ਹੋਈਆਂ। ਇਸ ਮਾਮਲੇ ਦੀ ਜਾਂਚ ਕਰ ਰਹੇ ਐੱਸਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਉਕਤ ਹਵਾਲਾਤੀਆਂ ਅਤੇ ਕੈਦੀ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।