ਦੁਲਚੀ ਕੇ ਰੋਡ ’ਤੇ ਓਵਰਲੋਡ ਟਰੱਕ ਬਿਜਲੀ ਦੇ ਖੰਬੇ ਨਾਲ ਟਕਰਾਇਆ ਦੁਲਚੀ ਕੇ ਰੋਡ ’ਤੇ ਓਵਰਲੋਡ ਟਰੱਕ ਬਿਜਲੀ ਦੇ ਖੰਬੇ ਨਾਲ ਟਕਰਾਇਆ
Publish Date: Sun, 18 Oct 2026 06:40 PM (IST)
Updated Date: Sun, 18 Oct 2026 06:42 PM (IST)
ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਸਥਾਨਕ ਦੁਲਚੀ ਕੇ ਰੋਡ ’ਤੇ ਇੱਕ ਵੱਡਾ ਹਾਦਸਾ ਹੋਣ ਤੋਂ ਉਸ ਵੇਲੇ ਬਚਾਅ ਹੋ ਗਿਆ , ਜਦੋਂ ਇੱਕ ਬੇਕਾਬੂ ਓਵਰਲੋਡ ਟਰੱਕ ਬਿਜਲੀ ਦੇ ਖੰਬਿਆਂ ਨਾਲ ਜਾ ਟਕਰਾਇਆ। ਇਸ ਭਿਆਨਕ ਟੱਕਰ ਕਾਰਨ ਬਿਜਲੀ ਦੇ ਖੰਬੇ ਅਤੇ ਟਰਾਂਸਫਾਰਮਰ ਟੁੱਟ ਕੇ ਸਿੱਧੇ ਦੁਕਾਨਾਂ ਉੱਪਰ ਜਾ ਡਿੱਗੇ, ਜਿਸ ਨਾਲ ਵੱਡੇ ਜਾਨੀ ਨੁਕਸਾਨ ਦਾ ਖ਼ਤਰਾ ਬਣ ਗਿਆ ਸੀ। ਚੰਗੀ ਗੱਲ ਇਹ ਰਹੀ ਕਿ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਇਲਾਕੇ ਦੀ ਬਿਜਲੀ ਸਪਲਾਈ ਪੂਰੀ ਤਰ੍ਹਾਂ ਠੱਪ ਹੋਣ ਕਾਰਨ ਲੋਕਾਂ ਅਤੇ ਦੁਕਾਨਦਾਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਘਟਨਾ ਸਥਾਨ ’ਤੇ ਮੌਜ਼ੂਦ ਇੱਕ ਦੁਕਾਨਦਾਰ ਨੇ ਦੱਸਿਆ ਕਿ ਜਦੋਂ ਇਹ ਓਵਰਲੋਡ ਟਰੱਕ ਤੇਜ਼ ਰਫ਼ਤਾਰ ਨਾਲ ਇਸ ਰਸਤੇ ਤੋਂ ਲੰਘ ਰਿਹਾ ਸੀ, ਤਾਂ ਇਸਦਾ ਸੰਤੁਲਨ ਵਿਗੜ ਗਿਆ ਅਤੇ ਇਹ ਸੜਕ ਕਿਨਾਰੇ ਲੱਗੇ ਬਿਜਲੀ ਦੇ ਖੰਬਿਆਂ ਨਾਲ ਜਾ ਟਕਰਾਇਆ। ਟੱਕਰ ਇੰਨੀ ਜ਼ੋਰਦਾਰ ਸੀ ਕਿ ਖੰਬੇ ਅਤੇ ਉਨ੍ਹਾਂ ’ਤੇ ਲੱਗਿਆ ਭਾਰੀ ਟਰਾਂਸਫਾਰਮਰ ਹੇਠਾਂ ਆ ਡਿੱਗੇ। ਇਕ ਖੰਬਾ ਸਿੱਧਾ ਦੁਕਾਨ ਦੀ ਛੱਤ ’ਤੇ ਜਾ ਡਿੱਗਿਆ। ਦੁਕਾਨਦਾਰ ਨੇ ਦੱਸਿਆ ਕਿ ਜੇ ਉਸ ਸਮੇਂ ਕੋਈ ਵਿਅਕਤੀ ਛੱਤ ’ਤੇ ਮੌਜ਼ੂਦ ਹੁੰਦਾ ਜਾਂ ਉੱਥੋਂ ਕੋਈ ਲੰਘ ਰਿਹਾ ਹੁੰਦਾ, ਤਾਂ ਕਰੰਟ ਲੱਗਣ ਜਾਂ ਮਾਲ ਹੇਠ ਆਉਣ ਕਾਰਨ ਕੋਈ ਵੱਡਾ ਜਾਨੀ ਨੁਕਸਾਨ ਹੋ ਸਕਦਾ ਸੀ। ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਦੁਲਚੀ ਕੇ ਰੋਡ ਤੋਂ ਰੋਜ਼ਾਨਾ ਹੱਦੋਂ ਵੱਧ ਭਾਰ ਚੁੱਕ ਕੇ ਓਵਰਲੋਡ ਟਰੱਕ ਅਤੇ ਵਾਹਨ ਲੰਘਦੇ ਹਨ। ਇਹ ਵਾਹਨ ਇੰਨੇ ਉੱਚੇ ਹੁੰਦੇ ਹਨ ਕਿ ਅਕਸਰ ਸੜਕ ਉੱਪਰ ਲਟਕਦੀਆਂ ਬਿਜਲੀ ਦੀਆਂ ਤਾਰਾਂ ਅਤੇ ਖੰਬਿਆਂ ਨਾਲ ਟਕਰਾਉਂਦੇ ਰਹਿੰਦੇ ਹਨ। ਇਸ ਕਾਰਨ ਪਹਿਲਾਂ ਵੀ ਕਈ ਵਾਰ ਛੋਟੇ-ਮੋਟੇ ਨੁਕਸਾਨ ਹੋ ਚੁੱਕੇ ਹਨ, ਪਰ ਪ੍ਰਸ਼ਾਸਨ ਵੱਲੋਂ ਕੋਈ ਠੋਸ ਕਦਮ ਨਾ ਚੁੱਕੇ ਜਾਣ ਕਾਰਨ ਟਰੱਕ ਚਾਲਕਾਂ ਦੇ ਹੌਸਲੇ ਬੁਲੰਦ ਹਨ। ਤਾਰਾਂ ਟੁੱਟਣ ਅਤੇ ਖੰਬੇ ਡਿੱਗਣ ਕਾਰਨ ਪੂਰੇ ਇਲਾਕੇ ਦੀ ਬਿਜਲੀ ਗੁਲ ਹੋ ਗਈ ਹੈ, ਜਿਸ ਨਾਲ ਕਾਰੋਬਾਰ ਅਤੇ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਲੋਕਾਂ ਦਾ ਗੁੱਸਾ ਇਸ ਗੱਲੋਂ ਹੈ ਕਿ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਓਵਰਲੋਡ ਵਾਹਨਾਂ ਦੀ ਰੋਕਥਾਮ ਲਈ ਕੋਈ ਨਾਕੇਬੰਦੀ ਜਾਂ ਸਖ਼ਤ ਨਿਯਮ ਲਾਗੂ ਨਹੀਂ ਕੀਤੇ ਜਾ ਰਹੇ। ਨਿੱਜੀ ਤੌਰ ’ਤੇ ਵੀ ਲੋਕਾਂ ਵੱਲੋਂ ਕਈ ਵਾਰ ਪ੍ਰਸ਼ਾਸਨ ਨੂੰ ਇਨ੍ਹਾਂ ਗੱਡੀਆਂ ਬਾਰੇ ਜਾਣੂ ਕਰਵਾਇਆ ਗਿਆ ਹੈ, ਪਰ ਕੋਈ ਅਸਰਦਾਰ ਕਾਰਵਾਈ ਵੇਖਣ ਨੂੰ ਨਹੀਂ ਮਿਲ ਰਹੀ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਸਹਿਮ ਦਾ ਮਾਹੌਲ ਹੈ। ਸਥਾਨਕ ਲੋਕਾਂ ਅਤੇ ਦੁਕਾਨਦਾਰਾਂ ਨੇ ਪੁਰਜ਼ੋਰ ਮੰਗ ਕੀਤੀ ਹੈ ਕਿ ਓਵਰਲੋਡ ਵਾਹਨਾਂ ਦੇ ਦਾਖ਼ਲੇ ’ਤੇ ਪੂਰੀ ਤਰ੍ਹਾਂ ਰੋਕ ਲਗਾਈ ਜਾਵੇ। ਨਿਯਮਾਂ ਦੀ ਉਲੰਘਣਾ ਕਰਨ ਵਾਲੇ ਟਰੱਕ ਚਾਲਕਾਂ ਅਤੇ ਮਾਲਕਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਸੜਕਾਂ ਤੇ ਲਟਕਦੀਆਂ ਬਿਜਲੀ ਦੀਆਂ ਤਾਰਾਂ ਨੂੰ ਸੁਰੱਖਿਅਤ ਥਾਂ ’ਤੇ ਸ਼ਿਫਟ ਕੀਤਾ ਜਾਵੇ ਤਾਂ ਜੋ ਭਵਿੱਖ ਵਿੱਚ ਅਜਿਹੇ ਭਿਆਨਕ ਹਾਦਸਿਆਂ ਤੋਂ ਬਚਿਆ ਜਾ ਸਕੇ ਅਤੇ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਯਕੀਨੀ ਹੋ ਸਕੇ।