ਫੂਡ ਸੇਫਟੀ ਅਫਸਰ ਖੋਸਲਾ ਦੀ ਮੁਅੱਤਲੀ ਨੂੰ ਲੈ ਕੇ ਭੜਕਿਆ ਰੋਸ, ਨੈਸ਼ਨਲ ਹਾਈਵੇ ਜਾਮ ਨੈਸ਼ਨਲ ਹਾਈਵੇ ਜਾਮ
Publish Date: Thu, 08 Oct 2026 07:06 PM (IST)
Updated Date: Fri, 09 Oct 2026 04:08 AM (IST)
ਫੂਡ ਸੇਫਟੀ ਅਫਸਰ ਖੋਸਲਾ ਦੀ ਮੁਅੱਤਲੀ ਖ਼ਿਲਾਫ਼ ਸੜਕਾਂ ’ਤੇ ਉਤਰੇ ਲੋਕ, ਨੈਸ਼ਨਲ ਹਾਈਵੇ ਜਾਮ; ਵੱਡੇ ਸੰਘਰਸ਼ ਦੀ ਚਿਤਾਵਨੀ 26 ਤਬਾਦਲਿਆਂ ਤੇ ਮੁਅੱਤਲੀਆਂ ਦੇ ਬਾਵਜੂਦ ਨਹੀਂ ਛੱਡੀ ਇਮਾਨਦਾਰੀ, ਮਿਲਾਵਟਖੋਰਾਂ ਖ਼ਿਲਾਫ਼ ਕਾਰਵਾਈ ਲਈ ਚਰਚਾ ’ਚ ਆਏ ਫੂਡ ਸੇਫਟੀ ਅਫ਼ਸਰ ਅਭਿਨਵ ਕੁਮਾਰ ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫ਼ਿਰੋਜ਼ਪੁਰ : ਫੂਡ ਸੇਫਟੀ ਅਧਿਕਾਰੀ ਅਭਿਨਵ ਖੋਸਲਾ ਦੀ ਮੁਅੱਤਲੀ ਨੂੰ ਲੈ ਕੇ ਵੀਰਵਾਰ ਨੂੰ ਫਿਰੋਜ਼ਪੁਰ ਵਿੱਚ ਲੋਕਾਂ ਦਾ ਗੁੱਸਾ ਸੜਕਾਂ ’ਤੇ ਆ ਗਿਆ। ਵੱਖ-ਵੱਖ ਜਨਤਕ, ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਤੇ ਆਮ ਸ਼ਹਿਰੀਆਂ ਨੇ ‘ਫਿਰੋਜ਼ਪੁਰ ਲੋਕ ਲਹਿਰ’ ਦੇ ਬੈਨਰ ਹੇਠ ਇਕੱਠੇ ਹੋ ਕੇ ਨੈਸ਼ਨਲ ਹਾਈਵੇ ਤੇ ਸਟੇਟ ਹਾਈਵੇ ’ਤੇ ਧਰਨਾ ਦਿੱਤਾ। ਇਸ ਕਾਰਨ ਆਵਾਜਾਈ ਪ੍ਰਭਾਵਿਤ ਹੋਈ ਅਤੇ ਸੜਕ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ। ਧਰਨਾਕਾਰੀਆਂ ਨੇ ਸਰਕਾਰ ਤੋਂ ਅਭਿਨਵ ਖੋਸਲਾ ਦੀ ਮੁਅੱਤਲੀ ਤੁਰੰਤ ਰੱਦ ਕਰਕੇ ਉਨ੍ਹਾਂ ਨੂੰ ਬਹਾਲ ਕਰਨ ਦੀ ਮੰਗ ਕੀਤੀ। ਆਗੂਆਂ ਨੇ ਕਿਹਾ ਕਿ ਖੋਸਲਾ ਵੱਲੋਂ ਆਪਣੇ ਕਾਰਜਕਾਲ ਦੌਰਾਨ ਖਾਣ-ਪੀਣ ਵਾਲੀਆਂ ਵਸਤਾਂ ਵਿੱਚ ਮਿਲਾਵਟ ਦੀ ਜਾਂਚ ਲਈ ਦੁਕਾਨਾਂ ਅਤੇ ਹੋਰ ਅਦਾਰਿਆਂ ਦੀ ਚੈਕਿੰਗ, ਛਾਪੇਮਾਰੀ ਅਤੇ ਸੈਂਪਲਿੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਮਿਲਾਵਟਖੋਰੀ ਵਰਗੇ ਗੰਭੀਰ ਮੁੱਦੇ ਖ਼ਿਲਾਫ਼ ਕਾਰਵਾਈ ਕਰਨ ਵਾਲੇ ਅਧਿਕਾਰੀ ਦੀ ਮੁਅੱਤਲੀ ਨੇ ਲੋਕਾਂ ਵਿੱਚ ਸਵਾਲ ਅਤੇ ਰੋਸ ਪੈਦਾ ਕੀਤਾ ਹੈ। ਆਗੂਆਂ ਨੇ ਕਿਹਾ ਕਿ ਇਹ ਮਾਮਲਾ ਕਿਸੇ ਇਕ ਅਧਿਕਾਰੀ ਦੀ ਬਹਾਲੀ ਤੱਕ ਸੀਮਤ ਨਹੀਂ, ਸਗੋਂ ਲੋਕਾਂ ਦੀ ਸਿਹਤ ਅਤੇ ਸੁਰੱਖਿਅਤ ਖੁਰਾਕ ਨਾਲ ਜੁੜਿਆ ਮੁੱਦਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਮਿਲਾਵਟਖੋਰੀ ਖ਼ਿਲਾਫ਼ ਕਾਰਵਾਈ ਕਰਨ ਵਾਲੇ ਅਧਿਕਾਰੀਆਂ ਨੂੰ ਕੰਮ ਕਰਨ ਲਈ ਮਜ਼ਬੂਤ ਮਾਹੌਲ ਦਿੱਤਾ ਜਾਵੇ।ਪ੍ਰਦਰਸ਼ਨਕਾਰੀਆਂ ਨੇ ਚਿਤਾਵਨੀ ਦਿੱਤੀ ਕਿ ਜੇ ਮੁਅੱਤਲੀ ਵਾਪਸ ਨਾ ਲਈ ਗਈ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਵੀਰਵਾਰ ਦਾ ਧਰਨਾ ਸਿਰਫ਼ ਸ਼ੁਰੂਆਤ ਹੈ ਅਤੇ ਲੋੜ ਪੈਣ ’ਤੇ ਵੱਡੇ ਅੰਦੋਲਨ ਦਾ ਐਲਾਨ ਕੀਤਾ ਜਾਵੇਗਾ। ਧਰਨੇ ਵਿੱਚ ਪ੍ਰੈਸ ਭਾਈਚਾਰੇ, ਕਿਸਾਨ ਜਥੇਬੰਦੀਆਂ, ਵਕੀਲਾਂ, ਮਜ਼ਦੂਰ ਯੂਨੀਅਨਾਂ, ਅਧਿਆਪਕਾਂ, ਵਿਦਿਆਰਥੀ ਜਥੇਬੰਦੀਆਂ ਸਮੇਤ ਵੱਖ-ਵੱਖ ਸਿਆਸੀ, ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਦੇ ਨੁਮਾਇੰਦੇ ਹਾਜ਼ਰ ਸਨ। 26 ਤਬਾਦਲਿਆਂ ਤੇ ਮੁਅੱਤਲੀਆਂ ਦੇ ਬਾਵਜੂਦ ਨਹੀਂ ਛੱਡੀ ਇਮਾਨਦਾਰੀ ਮਿਲਾਵਟਖੋਰੀ ਖ਼ਿਲਾਫ਼ ਸਖ਼ਤ ਕਾਰਵਾਈ ਕਰਕੇ ਚਰਚਾ ’ਚ ਆਏ ਫੂਡ ਸੇਫਟੀ ਅਫ਼ਸਰ ਅਭਿਨਵ ਕੁਮਾਰ ਦਾ ਸਰਕਾਰੀ ਸੇਵਾ ਵਿੱਚ ਕਰੀਅਰ ਕਾਰਵਾਈਆਂ ਅਤੇ ਤਬਾਦਲਿਆਂ ਨਾਲ ਭਰਿਆ ਰਿਹਾ ਹੈ। ਅਭਿਨਵ ਮੁਤਾਬਕ ਲਗਭਗ 18 ਸਾਲ ਦੀ ਸੇਵਾ ਦੌਰਾਨ ਉਨ੍ਹਾਂ ’ਤੇ 26 ਵਾਰ ਕਾਰਵਾਈ ਹੋਈ, ਜਿਸ ਵਿੱਚ ਤਬਾਦਲੇ ਅਤੇ ਮੁਅੱਤਲੀਆਂ ਸ਼ਾਮਲ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਨਿਯਮਾਂ ਮੁਤਾਬਕ ਕੰਮ ਕਰਨ ਅਤੇ ਮਿਲਾਵਟਖੋਰਾਂ ਖ਼ਿਲਾਫ਼ ਕਾਰਵਾਈ ਕਰਨ ਕਾਰਨ ਉਨ੍ਹਾਂ ਨੂੰ ਕਈ ਵਾਰ ਦਬਾਅ ਦਾ ਸਾਹਮਣਾ ਕਰਨਾ ਪਿਆ। 2009 ਵਿੱਚ ਲੁਧਿਆਣਾ ਤੋਂ ਸੇਵਾ ਸ਼ੁਰੂ ਕਰਨ ਵਾਲੇ ਅਭਿਨਵ ਪੰਜਾਬ ਦੇ ਕਰੀਬ 10 ਜ਼ਿਲ੍ਹਿਆਂ ਵਿੱਚ ਤਾਇਨਾਤ ਰਹਿ ਚੁੱਕੇ ਹਨ। ਹੁਣ ਫ਼ਿਰੋਜ਼ਪੁਰ ਵਿੱਚ ਮਿਲਾਵਟਖੋਰੀ ਖ਼ਿਲਾਫ਼ ਕਾਰਵਾਈ ਤੋਂ ਬਾਅਦ 1 ਅਕਤੂਬਰ ਨੂੰ ਉਨ੍ਹਾਂ ਨੂੰ ਮੁਅੱਤਲ ਕਰਕੇ ਤਰਨ ਤਾਰਨ ਭੇਜਿਆ ਗਿਆ ਹੈ।