ਜਨਰਲ ਜਾਤੀ ਕਮਿਸ਼ਨ ਦੀ ਬਹਾਲੀ ਲਈ ਵਿੱਤ ਮੰਤਰੀ ਚੀਮਾ ਨਾਲ ਕੀਤੀ ਮੁਲਾਕਾਤ ਜਨਰਲ ਜਾਤੀ ਕਮਿਸ਼ਨ ਦੀ ਮੁੜ ਬਹਾਲੀ ਲਈ ਜਥੇਬੰਦੀਆਂ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਕੀਤੀ ਮੀਟਿੰਗ
Publish Date: Mon, 14 Sep 2026 06:30 PM (IST)
Updated Date: Mon, 14 Sep 2026 06:32 PM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਅੰਤਰਰਾਸ਼ਟਰੀ ਜੱਟ ਸਿੱਖ ਭਾਈਚਾਰਾ ਜਥੇਬੰਦੀ, ਸਰਪੰਚ ਯੂਨੀਅਨ ਪੰਜਾਬ ਅਤੇ ਪੰਜਾਬ ਦੀਆਂ ਸਮੂਹ ਜਨਰਲ ਜਥੇਬੰਦੀਆਂ ਵੱਲੋਂ ਪੰਜਾਬ ਰਾਜ ਜਨਰਲ ਜਾਤੀ ਕਮਿਸ਼ਨ ਦੀ ਮੁੜ ਬਹਾਲੀ ਵਾਸਤੇ ਪੰਜਾਬ ਸਰਕਾਰ ਦੇ ਸੱਦੇ ’ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਅਹਿਮ ਮੁਲਾਕਾਤ ਕੀਤੀ ਗਈ। ਜ਼ਿਕਰਯੋਗ ਹੈ ਕਿ ਅੰਤਰਰਾਸ਼ਟਰੀ ਜੱਟ ਸਿੱਖ ਭਾਈਚਾਰਾ ਜਥੇਬੰਦੀ, ਜਨਰਲ ਕੈਟੇਗਰੀ ਫੈਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ, ਸਰਪੰਚ ਯੂਨੀਅਨ ਪੰਜਾਬ ਅਤੇ ਜਨਰਲ ਕੈਟਾਗਰੀ ਐਸੋਸੀਏਸ਼ਨ ਦੁਆਬਾ ਵੱਲੋਂ 15 ਸਤੰਬਰ ਤੋਂ ਜਨਰਲ ਜਾਤੀ ਕਮਿਸ਼ਨ ਦੀ ਬਹਾਲੀ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੰਗਰੂਰ ਰਿਹਾਇਸ਼ ਅੱਗੇ ਵੱਡੇ ਧਰਨੇ ਦਾ ਐਲਾਨ ਕੀਤਾ ਗਿਆ ਸੀ। ਇਸੇ ਵਿਰੋਧ ਪ੍ਰਦਰਸ਼ਨ ਦੀ ਕਾਲ ਨੂੰ ਮਹਿਸੂਸ ਕਰਦਿਆਂ ਪੰਜਾਬ ਸਰਕਾਰ ਵੱਲੋਂ ਜਥੇਬੰਦੀਆਂ ਨੂੰ ਮੀਟਿੰਗ ਦਾ ਸੱਦਾ ਦਿੱਤਾ ਗਿਆ ਸੀ। ਮੀਟਿੰਗ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਮੌਕੇ ’ਤੇ ਹੀ ਉੱਚ ਅਫਸਰਸ਼ਾਹੀ ਨੂੰ ਬੁਲਾ ਕੇ ਪੰਜਾਬ ਰਾਜ ਜਨਰਲ ਜਾਤੀ ਕਮਿਸ਼ਨ ਨੂੰ ਬਹਾਲ ਕਰਨ, ਇਸ ਦਾ ਚੇਅਰਮੈਨ ਅਤੇ ਫੰਕਸ਼ਨ ਬਾਡੀ ਤਾਇਨਾਤ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਇਸ ਸਬੰਧੀ ਨੋਟੀਫਿਕੇਸ਼ਨ ਤਿਆਰ ਕਰਕੇ ਮੁੱਖ ਮੰਤਰੀ ਵੱਲ ਭੇਜਣ ਦੀਆਂ ਹਦਾਇਤਾਂ ਵੀ ਕੀਤੀਆਂ। ਵਿੱਤ ਮੰਤਰੀ ਨੇ ਵਿਸ਼ਵਾਸ ਦਿਵਾਇਆ ਕਿ ਜਥੇਬੰਦੀਆਂ ਦੀ ਮੰਗ ਬਿਲਕੁਲ ਵਾਜਬ ਹੈ ਅਤੇ ਜਲਦੀ ਹੀ ਚੇਅਰਮੈਨ ਦੀ ਨਿਯੁਕਤੀ ਕਰ ਦਿੱਤੀ ਜਾਵੇਗੀ ਤਾਂ ਜੋ ਜਨਰਲ ਸ਼੍ਰੇਣੀਆਂ ਆਪਣੀਆਂ ਸਮੱਸਿਆਵਾਂ ਰੱਖ ਸਕਣ। ਇਸ ਦੌਰਾਨ ਸਮੂਹ ਜਥੇਬੰਦੀਆਂ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਇੱਕ ਮਹੀਨੇ ਦਾ ਅਲਟੀਮੇਟਮ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਇਕ ਮਹੀਨੇ ਵਿੱਚ ਕਮਿਸ਼ਨ ਬਹਾਲ ਕਰਕੇ ਚੇਅਰਮੈਨ ਨਾ ਲਗਾਇਆ ਗਿਆ ਤਾਂ ਮੁੱਖ ਮੰਤਰੀ ਦੀ ਸੰਗਰੂਰ ਰਿਹਾਇਸ਼ ਅੱਗੇ ਵੱਡੇ ਪੱਧਰ ’ਤੇ ਪੱਕਾ ਧਰਨਾ ਲਗਾਇਆ ਜਾਵੇਗਾ। ਇਸ ਦੇ ਜਵਾਬ ਵਿਚ ਵਿੱਤ ਮੰਤਰੀ ਨੇ ਆਖਿਆ ਕਿ ਸਰਕਾਰ ਅਜਿਹੀ ਨੌਬਤ ਨਹੀਂ ਆਉਣ ਦੇਵੇਗੀ ਅਤੇ ਜਲਦ ਮੰਗਾਂ ਪੂਰੀਆਂ ਕਰ ਦਿੱਤੀਆਂ ਜਾਣਗੀਆਂ। ਇਸ ਮੌਕੇ ਸਿਮਰਜੀਤ ਸਿੰਘ ਸੰਧੂ ਕੌਮੀ ਸੇਵਾਦਾਰ, ਅੰਤਰਰਾਸ਼ਟਰੀ ਜੱਟ ਸਿੱਖ ਭਾਈਚਾਰਾ, ਸੂਰਜ ਸਿੰਘ ਸੰਧੂ ਪ੍ਰਧਾਨ ਸਰਪੰਚ ਯੂਨੀਅਨ ਫਿਰੋਜ਼ਪੁਰ, ਕੁਲਜੀਤ ਸਿੰਘ ਰਟੌਲ ਪ੍ਰਧਾਨ ਜਨਰਲ ਕੈਟਾਗਰੀ ਐਸੋਸੀਏਸ਼ਨ ਬਿਜਲੀ ਬੋਰਡ, ਬਲਵੀਰ ਸਿੰਘ ਫਗਲਾਣਾ ਪ੍ਰਧਾਨ ਦੁਆਬਾ ਜਨਰਲ ਕੈਟਾਗਰੀ, ਪ੍ਰਵੀਨ ਸ਼ਰਮਾ, ਸ਼ਾਮ ਲਾਲ ਸ਼ਰਮਾ ਅਤੇ ਹਰਗੁਰਮੀਤ ਸਿੰਘ ਸਮੇਤ ਹੋਰ ਆਗੂ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।