ਕਾਰ-ਮੋਟਰਸਾਈਕਲ ਦੀ ਟੱਕਰ ’ਚ ਵਿਅਕਤੀ ਹਲਾਕ, ਦੂਜਾ ਜ਼ਖ਼ਮੀ
ਬ੍ਰੀਜਾ ਅਤੇ ਮੋਟਰਸਾਈਕਲ ਦੀ ਭਿਆਨਕ ਟੱਕਰ ’ਚ ਇੱਕ ਦੀ ਮੌਤ, ਇਕ ਗੰਭੀਰ ਜ਼ਖਮੀ
Publish Date: Wed, 25 Feb 2026 05:44 PM (IST)
Updated Date: Wed, 25 Feb 2026 05:46 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਜ਼ੀਰਾ ਦੇ ਅਵਾਣ ਰੋਡ ਤੇ ਮੋਟਰਸਾਈਕਲ ਅਤੇ ਗੱਡੀ ਦੀ ਭਿਆਨਕ ਟੱਕਰ ’ਚ ਇਕ ਦੀ ਮੌਤ ਅਤੇ ਇਕ ਦੇ ਗੰਭੀਰ ਰੂਪ ’ਚ ਜ਼ਖਮੀ ਹੋਣ ਦੀ ਖਬਰ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜੋਰਾ ਸਿੰਘ (28) ਪੁੱਤਰ ਰਛਪਾਲ ਸਿੰਘ ਅਤੇ ਉਸਦਾ ਭਤੀਜਾ ਨਵਨ ਸਿੰਘ (15) ਪੁੱਤਰ ਤਰਸੇਮ ਸਿੰਘ ਵਾਸੀ ਪਿੰਡ ਫਤਹਿਗੜ੍ਹ ਪੰਜਤੂਰ ਜੋ ਕਿ ਆਪਣੇ ਮੋਟਰਸਾਈਕਲ ਨੰਬਰ ਪੀਬੀ05ਏਯੂ-1720 ’ਤੇ ਸਵਾਰ ਹੋ ਕੇ ਕਿਸੇ ਕੰਮ ਲਈ ਜ਼ੀਰਾ ਵਿਖੇ ਆ ਰਹੇ ਸਨ ਕਿ ਸਾਹਮਣੇ ਤੋਂ ਆ ਰਹੀ ਬਰੀਜਾ ਗੱਡੀ ਨੰਬਰ ਪੀਬੀ29-ਏਬੀ-0388 ਜਿਸ ’ਤੇ ਮਨਿੰਦਰ ਸਿੰਘ ਪੁੱਤਰ ਸੁਖਚੈਨ ਸਿੰਘ, ਪਿਆਰਾ ਸਿੰਘ ਪੁੱਤਰ ਪੂਰਨ ਸਿੰਘ ਵਾਸੀਅਨ ਪਿੰਡ ਕੁਹਾਲਾ ਸਵਾਰ ਸਨ ਜੋ ਪਿੰਡ ਭੈਣੀ ਤੋਂ ਆਪਣੇ ਰਿਸ਼ਤੇਦਾਰੀ ’ਚੋਂ ਮਰਗ ਤੋਂ ਆ ਰਹੇ ਸਨ ਨਾਲ ਟਕਰਾ ਗਏ ।ਇਸ ਦੌਰਾਨ ਮੋਟਰਸਾਈਕਲ ਸਵਾਰ ਨਵਨ ਸਿੰਘ ਦੀ ਮੌਕੇ ’ਤੇ ਮੌਤ ਹੋ ਗਈ ਜਦਕਿ ਉਸਦਾ ਚਾਚਾ ਜੋਰਾ ਸਿੰਘ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ, ਕਾਰ ਸਵਾਰਾਂ ਵੱਲੋਂ 108 ਤੇ ਫੋਨ ਰਾਹੀਂ ਐਬੂਲੈਂਸ ਨੂੰ ਮੌਕੇ ’ਤੇ ਬੁਲਾਇਆ ਗਿਆ। ਸਿਵਲ ਹਸਪਤਾਲ ਜ਼ੀਰਾ ਵਿਖੇ ਮੁੱਢਲੀ ਸਹਾਇਤਾ ਦੇਣ ਉਪਰੰਤ ਜੋਰਾ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਖੇ ਰੈਫਰ ਕਰ ਦਿੱਤਾ ਗਿਆ। ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਜ਼ੀਰਾ ਵਿਖੇ ਰੱਖ ਦਿੱਤਾ ਗਿਆ ਹੈ । ਮੌਕੇ ਤੇ ਪਹੁੰਚੇ ਥਾਣਾ ਸਿਟੀ ਜ਼ੀਰਾ ਦੇ ਏਐੱਸਆਈ ਭੁਪਿੰਦਰ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।