ਸਿੱਖਿਆ ਖੇਤਰ ’ਚ ਪੰਜਾਬ 27ਵੇਂ ਤੋਂ ਪਹਿਲੇ ਨੰਬਰ ’ਤੇ ਪਹੁੰਚਿਆ, ਜੋ ਸਰਕਾਰੀ ਸਕੂਲਾਂ ਦੇ ਬਦਲਾਅ ਦੀ ਗਵਾਹੀ ਭਰਦਾ : ਸੀਐੱਮ ਮਾਨ ਆਜ਼ਾਦੀ ਦੇ 80ਵੇਂ ਦਿਹਾੜੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਫਿਰੋਜ਼ਪੁਰ ਵਿਖੇ ਲਹਿਰਾਇਆ ਝੰਡਾ
Publish Date: Sun, 16 Aug 2026 04:11 PM (IST)
Updated Date: Sun, 16 Aug 2026 04:11 PM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਫਿਰੋਜ਼ਪੁਰ ਦੇ ਕੈਂਟੋਨਮੈਂਟ ਬੋਰਡ ਸਟੇਡੀਅਮ ਵਿੱਚ 80ਵੇਂ ਆਜ਼ਾਦੀ ਦਿਹਾੜੇ ਦੇ ਰਾਜ ਪੱਧਰੀ ਸਮਾਗਮ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਸਰਕਾਰ ਦੀਆਂ ਵੱਖ-ਵੱਖ ਪ੍ਰਾਪਤੀਆਂ ਗਿਣਾਉਂਦਿਆਂ ਕਿਹਾ ਕਿ ਸਰਕਾਰ ਸ਼ਹੀਦਾਂ ਦੇ ਸੁਪਨਿਆਂ ਅਨੁਸਾਰ ‘ਰੰਗਲਾ ਪੰਜਾਬ’ ਬਣਾਉਣ ਲਈ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਆਜ਼ਾਦੀ ਦਾ ਇਹ ਸਾਲ ਪੰਜਾਬ ਦੀਆਂ ਔਰਤਾਂ ਲਈ ‘ਆਰਥਿਕ ਆਜ਼ਾਦੀ’ ਦਾ ਸਾਲ ਹੈ। ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ 74.59 ਲੱਖ ਔਰਤਾਂ ਰਜਿਸਟਰਡ ਹਨ ਅਤੇ 65.62 ਲੱਖ ਦੇ ਖਾਤਿਆਂ ਵਿੱਚ 2,274 ਕਰੋੜ 42 ਲੱਖ ਰੁਪਏ ਦੀ ਸਤਿਕਾਰ ਰਾਸ਼ੀ ਪਾਈ ਜਾ ਚੁੱਕੀ ਹੈ।ਮਾਨ ਨੇ ਹੁਸੈਨੀਵਾਲਾ ਵਿਖੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਅਤੇ ਹੋਰ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਪੰਜਾਬ ਨੇ ਆਜ਼ਾਦੀ ਸੰਘਰਸ਼ ਵਿੱਚ ਵੱਡਾ ਯੋਗਦਾਨ ਪਾਇਆ ਅਤੇ 1947 ਦੀ ਵੰਡ ਦਾ ਸਭ ਤੋਂ ਵੱਧ ਦਰਦ ਵੀ ਪੰਜਾਬ ਨੇ ਸਹਿਣ ਕੀਤਾ। ਉਨ੍ਹਾਂ ਪੰਜਾਬ ਦੀ ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਤੋੜਨ ਦੀ ਕਿਸੇ ਵੀ ਕੋਸ਼ਿਸ਼ ਦਾ ਡਟ ਕੇ ਜਵਾਬ ਦੇਣ ਦੀ ਚੇਤਾਵਨੀ ਦਿੱਤੀ। ਸਿੱਖਿਆ ਖੇਤਰ ਬਾਰੇ ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਪੰਜਾਬ 27ਵੇਂ ਸਥਾਨ ਤੋਂ ਪਹਿਲੇ ਨੰਬਰ ’ਤੇ ਪਹੁੰਚਿਆ ਹੈ। ਉਨ੍ਹਾਂ ਮੁਤਾਬਕ ਸਰਕਾਰੀ ਸਕੂਲਾਂ ਦੇ 882 ਵਿਦਿਆਰਥੀਆਂ ਨੇ ਨੀਟ, 361 ਨੇ ਜੇਈਈ ਮੇਨਜ਼ ਅਤੇ 64 ਨੇ ਜੇਈਈ ਐਡਵਾਂਸਡ ਪਾਸ ਕੀਤਾ। 15 ਹਜ਼ਾਰ ਕੁੜੀਆਂ ਲਈ ਸਕੂਲ ਆਉਣ-ਜਾਣ ਦੀ ਬੱਸ ਸਹੂਲਤ ਅਤੇ ਨਿੱਜੀ ਸਕੂਲਾਂ ਦੀ ਫੀਸ ਵਾਧੇ ਨੂੰ 5 ਫੀਸਦੀ ਤੱਕ ਸੀਮਤ ਕਰਨ ਦਾ ਵੀ ਉਨ੍ਹਾਂ ਜ਼ਿਕਰ ਕੀਤਾ।ਸਿਹਤ ਖੇਤਰ ਵਿੱਚ ‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ ਹਰ ਪਰਿਵਾਰ ਨੂੰ 10 ਲੱਖ ਰੁਪਏ ਤੱਕ ਕੈਸ਼ਲੈਸ ਇਲਾਜ ਅਤੇ ਸੂਬੇ ਵਿੱਚ 1,090 ਆਮ ਆਦਮੀ ਕਲੀਨਿਕ ਚੱਲਣ ਦਾ ਦਾਅਵਾ ਕੀਤਾ ਗਿਆ। ਇਸ ਦੇ ਨਾਲ ਚਾਰ ਲੱਖ ਤੋਂ ਵੱਧ ਸ਼ਰਧਾਲੂਆਂ ਵੱਲੋਂ ਤੀਰਥ ਯਾਤਰਾ ਯੋਜਨਾ ਦਾ ਲਾਭ ਲੈਣ ਦੀ ਜਾਣਕਾਰੀ ਦਿੱਤੀ ਗਈ। ਨਸ਼ਿਆਂ ਵਿਰੁੱਧ ਮੁਹਿੰਮ ਬਾਰੇ ਮਾਨ ਨੇ ਕਿਹਾ ਕਿ 56,394 ਮਾਮਲੇ ਦਰਜ ਕਰਕੇ 75 ਹਜ਼ਾਰ ਤੋਂ ਵੱਧ ਤਸਕਰਾਂ ਨੂੰ ਜੇਲ੍ਹ ਭੇਜਿਆ ਗਿਆ ਹੈ। ਰੋਜ਼ਗਾਰ ਦੇ ਮੋਰਚੇ ’ਤੇ ਉਨ੍ਹਾਂ 69 ਹਜ਼ਾਰ ਤੋਂ ਵੱਧ ਸਰਕਾਰੀ ਨੌਕਰੀਆਂ ਦੇਣ ਦਾ ਦਾਅਵਾ ਕਰਦਿਆਂ ਭਰਤੀਆਂ ਨੂੰ ਮੈਰਿਟ ਅਤੇ ਪਾਰਦਰਸ਼ੀ ਢੰਗ ਨਾਲ ਕਰਨ ਦੀ ਗੱਲ ਕਹੀ।ਸਿੰਚਾਈ ਸਬੰਧੀ ਮੁੱਖ ਮੰਤਰੀ ਨੇ ਦੱਸਿਆ ਕਿ ਨਹਿਰੀ ਸਿੰਚਾਈ ਅਧੀਨ ਰਕਬਾ 26 ਫੀਸਦੀ ਤੋਂ ਵਧ ਕੇ 80 ਫੀਸਦੀ ਹੋਇਆ ਅਤੇ 1,587 ਪਿੰਡਾਂ ਦੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਿਆ। ਖੇਡਾਂ ਲਈ 1,744 ਕਰੋੜ ਰੁਪਏ ਦੇ ਬਜਟ ਅਤੇ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਚੌਥੇ ਸੀਜ਼ਨ ਦੇ 5 ਸਤੰਬਰ ਤੋਂ ਸ਼ੁਰੂ ਹੋਣ ਦੀ ਵੀ ਜਾਣਕਾਰੀ ਦਿੱਤੀ ਗਈ।ਸਮਾਗਮ ਦੌਰਾਨ ਸ਼ਾਨਦਾਰ ਪਰੇਡ, ਗਿੱਧਾ-ਭੰਗੜਾ, ਸੱਭਿਆਚਾਰਕ ਪੇਸ਼ਕਾਰੀਆਂ ਅਤੇ ਸਰਕਾਰੀ ਯੋਜਨਾਵਾਂ ਨੂੰ ਦਰਸਾਉਂਦੀਆਂ ਝਾਕੀਆਂ ਨੇ ਮਾਹੌਲ ਨੂੰ ਦੇਸ਼ਭਗਤੀ ਦੇ ਰੰਗ ਵਿੱਚ ਰੰਗ ਦਿੱਤਾ। ਇਸ ਮੌਕੇ ਮੁੱਖ ਸਕੱਤਰ ਕੇ.ਏ.ਪੀ. ਸਿਨਹਾ, ਡੀ.ਜੀ.ਪੀ. ਗੌਰਵ ਯਾਦਵ, ਵਿਧਾਇਕ ਫਿਰੋਜ਼ਪੁਰ ਸ਼ਹਿਰੀ ਰਣਬੀਰ ਸਿੰਘ ਭੁੱਲਰ, ਵਿਧਾਇਕ ਫਿਰੋਜ਼ਪੁਰ ਦਿਹਾਤੀ ਰਜਨੀਸ਼ ਕੁਮਾਰ ਦਹੀਯਾ, ਵਿਧਾਇਕ ਗੁਰੂਹਰਸਹਾਏ ਫੌਜਾ ਸਿੰਘ ਸਰਾਰੀ, ਵਿਧਾਇਕ ਜ਼ੀਰਾ ਨਰੇਸ਼ ਕਟਾਰੀਆ, ਚੇਅਰਮੈਨ ਪੰਜਾਬ ਐਗਰੋ ਸ਼ਮਿੰਦਰ ਸਿੰਘ ਖਿੰਡਾ, ਕਮਿਸ਼ਨਰ ਫ਼ਿਰੋਜ਼ਪੁਰ ਮੰਡਲ ਬਬੀਤਾ, ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ, ਡੀ.ਆਈ.ਜੀ. ਫ਼ਿਰੋਜ਼ਪੁਰ ਰੇਂਜ ਸਨੇਹਦੀਪ ਸ਼ਰਮਾ ਅਤੇ ਐਸ.ਐਸ.ਪੀ. ਭੁਪਿੰਦਰ ਸਿੰਘ ਸਿੱਧੂ ਵੀ ਹਾਜ਼ਰ ਸਨ।