ਸੀਐੱਮ ਰੈਲੀ ਤੋਂ ਬਾਅਦ ਮੱਲੇਸ਼ਾਹ ’ਚ ਰੰਜਿਸ਼ਨ ਚੱਲੀਆਂ ਗੋਲ਼ੀਆਂ, 6 ਜ਼ਖ਼ਮੀ ਮੁੱਖ ਮੰਤਰੀ ਦੀ ਰੈਲੀ ਤੋਂ ਬਾਅਦ ਮੱਲੇਸ਼ਾਹ ’ਚ ਭਖੀ ਪੁਰਾਣੀ ਰੰਜਿਸ਼, ਚੱਲੀਆਂ ਗੋਲੀਆਂ, 6 ਜ਼ਖ਼ਮੀ
Publish Date: Tue, 08 Sep 2026 04:50 PM (IST)
Updated Date: Tue, 08 Sep 2026 04:52 PM (IST)
ਗੌਰਵ ਗੌੜ ਜੌਲੀ,ਪੰਜਾਬੀ ਜਾਗਰਣ ਜ਼ੀਰਾ : ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ 6 ਸਤੰਬਰ ਨੂੰ ਦਾਣਾ ਮੰਡੀ ਜ਼ੀਰਾ ਵਿਖੇ ਹੋਈ ਰੈਲੀ ਤੋਂ ਬਾਅਦ ਪਿੰਡ ਮੱਲੇਸ਼ਾਹ ਵਿੱਚ ਦੋ ਧਿਰਾਂ ਵਿਚਾਲੇ ਚੱਲ ਰਹੀ ਤਕਰਾਰ ਨੇ ਉਸ ਵੇਲੇ ਗੰਭੀਰ ਰੂਪ ਧਾਰ ਲਿਆ, ਜਦੋਂ ਦੋਵਾਂ ਪਾਸਿਆਂ ਤੋਂ ਹੋਏ ਟਕਰਾਅ ਦੌਰਾਨ ਗੋਲੀ ਚੱਲ ਗਈ। ਘਟਨਾ ਵਿਚ ਦੋਵਾਂ ਧਿਰਾਂ ਦੇ ਕੁੱਲ ਛੇ ਵਿਅਕਤੀ ਜ਼ਖ਼ਮੀ ਹੋਏ ਹਨ। ਜ਼ੇਰੇ ਇਲਾਜ ਸੰਗਤਪਾਲ ਸਿੰਘ ਵਾਸੀ ਮੱਲੇਸ਼ਾਹ ਨੇ ਦੱਸਿਆ ਕਿ ਉਹ 6 ਸਤੰਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਰੈਲੀ ਵਿੱਚ ਸ਼ਾਮਲ ਹੋਣ ਲਈ ਜ਼ੀਰਾ ਆਇਆ ਸੀ। ਇਸ ਨੂੰ ਲੈ ਕੇ ਲਖਵੀਰ ਸਿੰਘ ਵਾਸੀ ਮੱਲੇਸ਼ਾਹ ਖਫ਼ਾ ਸੀ। ਸੰਗਤਪਾਲ ਸਿੰਘ ਦਾ ਦੋਸ਼ ਹੈ ਕਿ ਸ਼ਾਮ ਸਮੇਂ ਲਖਵੀਰ ਸਿੰਘ ਨੇ ਮੋਟਰਸਾਈਕਲ ’ਤੇ ਪਿੱਛਾ ਕਰਦਿਆਂ ਗਾਲੀ-ਗਲੋਚ ਕੀਤੀ। ਇਸੇ ਮਾਮਲੇ ਨੂੰ ਲੈ ਕੇ ਅਗਲੇ ਦਿਨ ਸਵੇਰੇ ਦੋਵਾਂ ਧਿਰਾਂ ਵਿਚ ਮੁੜ ਤਕਰਾਰ ਹੋ ਗਈ ਤੇ ਲਖਵੀਰ ਸਿੰਘ ਨੇ ਪਿਸਤੌਲ ਨਾਲ 5-6 ਰੌਂਦ ਫਾਇਰ ਕੀਤੇ। ਗੋਲੀਬਾਰੀ ’ਚ ਸੰਗਤਪਾਲ ਸਿੰਘ, ਉਸ ਦਾ ਭਰਾ ਗੋਬਿੰਦ ਸਿੰਘ, ਜਸ਼ਨਦੀਪ ਸਿੰਘ ਤੇ ਸੁਖਮਨ ਸਿੰਘ ਜ਼ਖ਼ਮੀ ਹੋ ਗਏ। ਦੂਜੇ ਪਾਸੇ, ਜਾਣਕਾਰੀ ਅਨੁਸਾਰ ਜ਼ਖ਼ਮੀਆਂ ਵਾਲੀ ਧਿਰ ਵੱਲੋਂ ਲਖਵੀਰ ਸਿੰਘ ਦਾ ਟਰੈਕਟਰ ਖੋਹ ਕੇ ਉਸ ਨਾਲ ਕੁੱਟਮਾਰ ਵੀ ਕੀਤੀ ਗਈ। ਘਟਨਾ ਵਿੱਚ ਜ਼ਖ਼ਮੀ ਹੋਏ ਸਾਰੇ ਵਿਅਕਤੀਆਂ ਦੀ ਹਾਲਤ ਗੰਭੀਰ ਹੋਣ ਕਾਰਨ ਸਿਵਲ ਹਸਪਤਾਲ ਜ਼ੀਰਾ ਦੇ ਡਾਕਟਰਾਂ ਨੇ ਮੁੱਢਲੀ ਸਹਾਇਤਾ ਦੇਣ ਉਪਰੰਤ ਉਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਰੈਫਰ ਕਰ ਦਿੱਤਾ। ––––ਕੋਟ–––– ਮੁੱਢਲੀ ਜਾਂਚ ਅਨੁਸਾਰ ਮਾਮਲਾ ਕਿਸੇ ਸਿਆਸੀ ਟਕਰਾਅ ਦਾ ਨਹੀਂ ਹੈ। ਦੋਵਾਂ ਧਿਰਾਂ ਵਿਚ ਪਹਿਲਾਂ ਤੋਂ ਹੀ ਪਿੰਡ ਪੱਧਰ ’ਤੇ ਆਪਸੀ ਰੰਜਿਸ਼ ਚੱਲ ਰਹੀ ਸੀ ਅਤੇ ਪਰਸੋਂ ਵੀ ਉਨ੍ਹਾਂ ਵਿਚਕਾਰ ਝਗੜਾ ਹੋਇਆ ਸੀ। ਇੱਕ ਧਿਰ ਦੇ ਚਾਰ ਤੇ ਦੂਜੀ ਧਿਰ ਦੇ ਦੋ ਵਿਅਕਤੀ ਜ਼ਖ਼ਮੀ ਹੋਏ ਹਨ। ਪੁਲਿਸ ਵੱਲੋਂ ਦੋਵਾਂ ਧਿਰਾਂ ਖ਼ਿਲਾਫ਼ ਕਰਾਸ ਕੇਸ ਦਰਜ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। -ਡੀਐੱਸਪੀ ਜ਼ੀਰਾ ਜਸਪਾਲ ਸਿੰਘ ਢਿੱਲੋਂ