- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਓਬੀਸੀ ਕਾਂਗਰਸ ਵੱਲੋਂ ਨਵੀਂ ਟੀਮ ਦਾ ਐਲਾਨ

ਪੰਜਾਬੀ ਜਾਗਰਣ ਰਿਪੋਰਟਰ, ਫ਼ਿਰੋਜ਼ਪੁਰ : ਫ਼ਿਰੋਜ਼ਪੁਰ ਦੇ ਪਿੰਡ ਟਿੱਬੀ ਕਲਾਂ ਦੇ ਜੰਮਪਲ ਗੁਰਭੇਜ ਸਿੰਘ ਟਿੱਬੀ ਨੂੰ ਪੰਜਾਬ ਪ੍ਰਦੇਸ਼ ਓਬੀਸੀ ਵਿੰਗ ਦਾ ਪੰਜਾਬ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਪੰਜਾਬ ਪ੍ਰਦੇਸ਼ ਓਬੀਸੀ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਵਜੋਂ ਨਿਯੁਕਤ ਕੀਤੇ ਜਾਣ ’ਤੇ ਗੁਰਭੇਜ ਸਿੰਘ ਟਿੱਬੀ ਨੇ ਓਬੀਸੀ ਕਾਂਗਰਸ ਦੇ ਕੌਮੀ ਪ੍ਰਧਾਨ ਡਾ. ਅਨਿਲ ਜੈਹਿੰਦ ਦਾ ਦਿਲੋਂ ਧੰਨਵਾਦ ਕੀਤਾ ਹੈ। ਉਨ੍ਹਾਂ ਨੇ ਇਸ ਮਹੱਤਵਪੂਰਨ ਜ਼ਿੰਮੇਵਾਰੀ ਲਈ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ, ਕਾਂਗਰਸ ਦੇ ਕੌਮੀ ਪ੍ਰਧਾਨ ਮੱਲਿਕਾਰਜੁਨ ਖੜਗੇ, ਕਾਂਗਰਸ ਦੇ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਅਤੇ ਸ੍ਰੀ ਸਚਿਨ ਪਾਇਲਟ ਦਾ ਵੀ ਧੰਨਵਾਦ ਕੀਤਾ। ਗੁਰਭੇਜ ਸਿੰਘ ਟਿੱਬੀ ਨੇ ਕਿਹਾ ਕਿ ਉਹ ਪਾਰਟੀ ਵੱਲੋਂ ਸੌਂਪੀ ਗਈ ਇਸ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ, ਨਿਸ਼ਠਾ ਅਤੇ ਸਮਰਪਣ ਨਾਲ ਨਿਭਾਉਣਗੇ। ਇਸ ਮੌਕੇ ਗੁਰਭੇਜ ਸਿੰਘ ਟਿੱਬੀ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਗਟ ਸਿੰਘ ਅਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਵੀ ਧੰਨਵਾਦ ਕੀਤਾ। ਗੁਰਭੇਜ ਸਿੰਘ ਟਿੱਬੀ ਨੇ ਆਪਣੇ ਜਨਤਕ ਜੀਵਨ ਦੀ ਸ਼ੁਰੂਆਤ ਵਿਦਿਆਰਥੀ ਅਤੇ ਨੌਜਵਾਨ ਸਿਆਸਤ ਤੋਂ ਕੀਤੀ। ਉਨ੍ਹਾਂ ਨੇ ਨੈਸ਼ਨਲ ਸਟੂਡੈਂਟਸ ਯੂਨੀਅਨ ਆਫ਼ ਇੰਡੀਆ, ਪੰਜਾਬ ਯੂਥ ਕਾਂਗਰਸ ਅਤੇ ਇੰਡੀਅਨ ਯੂਥ ਕਾਂਗਰਸ ਵਿੱਚ ਵੱਖ-ਵੱਖ ਅਹੁਦਿਆਂ ’ਤੇ ਜ਼ਿੰਮੇਵਾਰੀਆਂ ਨਿਭਾਈਆਂ। ਉਹ 2001–2002 ਦੌਰਾਨ ਯੂਥ ਕਾਂਗਰਸ, ਬਲਾਕ ਮਮਦੋਟ ਦੇ ਜਨਰਲ ਸਕੱਤਰ ਅਤੇ ਗੁਰੂ ਨਾਨਕ ਕਾਲਜ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਰਹੇ। ਇਸ ਤੋਂ ਬਾਅਦ ਉਨ੍ਹਾਂ ਨੇ ਐੱਨਐੱਸਯੂਆਈ ਅਤੇ ਪੰਜਾਬ ਯੂਥ ਕਾਂਗਰਸ ਵਿੱਚ ਜ਼ਿਲ੍ਹਾ ਅਤੇ ਸੂਬਾ ਪੱਧਰ ’ਤੇ ਕੰਮ ਕੀਤਾ। 2015 ਤੋਂ 2018 ਤੱਕ ਉਹ ਪੰਜਾਬ ਯੂਥ ਕਾਂਗਰਸ ਦੇ ਚੁਣੇ ਹੋਏ ਜਨਰਲ ਸਕੱਤਰ ਰਹੇ। 2018 ਤੋਂ 2020 ਤੱਕ ਉਨ੍ਹਾਂ ਨੇ ਇੰਡੀਅਨ ਯੂਥ ਕਾਂਗਰਸ ਦੇ ਕੌਮੀ ਸਕੱਤਰ ਵਜੋਂ ਸੇਵਾਵਾਂ ਨਿਭਾਈਆਂ ਅਤੇ ਗੁਜਰਾਤ ਤੇ ਮੱਧ ਪ੍ਰਦੇਸ਼ ਦੇ ਇੰਚਾਰਜ ਵਜੋਂ ਜ਼ਿੰਮੇਵਾਰੀ ਸੰਭਾਲੀ। ਇਸ ਤੋਂ ਬਾਅਦ 2020 ਤੋਂ 2022 ਤੱਕ ਉਹ ਆਲ ਇੰਡੀਆ ਕਾਂਗਰਸ ਕਮੇਟੀ (ਏਆਈਸੀਸੀ) ਦੇ ਓਬੀਸੀ ਵਿਭਾਗ ਵਿਚ ਜੁਆਇੰਟ ਕੋਆਰਡੀਨੇਟਰ ਰਹੇ। ਉਨ੍ਹਾਂ ਦੀ ਪ੍ਰੋਫ਼ਾਈਲ ਵਿਚ ਟਿੱਬੀ ਕਲਾਂ ਦੁੱਧ ਉਤਪਾਦਕ ਸਹਿਕਾਰੀ ਸਭਾ ਦੇ ਪ੍ਰਧਾਨ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਫਾਰਮਰ ਪ੍ਰੋਡਿਊਸਰ ਕੰਪਨੀ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਅਤੇ ਚੇਅਰਮੈਨ ਵਜੋਂ ਵੀ ਜ਼ਿੰਮੇਵਾਰੀਆਂ ਦਰਜ ਹਨ। ਇਸ ਦੇ ਨਾਲ ਹੀ ਉਹ ਪੰਜਾਬ ਡੇਅਰੀ ਵਿਕਾਸ ਬੋਰਡ ਦੇ ਡਾਇਰੈਕਟਰ ਵਜੋਂ ਵੀ ਸੇਵਾ ਨਿਭਾਅ ਰਹੇ ਹਨ। ਪੰਜਾਬ ਪ੍ਰਦੇਸ਼ ਓਬੀਸੀ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਵਜੋਂ ਗੁਰਭੇਜ ਸਿੰਘ ਟਿੱਬੀ ਦੀ ਨਿਯੁਕਤੀ ’ਤੇ ਜ਼ਿਲ੍ਹਾ ਕਾਂਗਰਸ ਕਮੇਟੀ ਫ਼ਿਰੋਜ਼ਪੁਰ ਦੇ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ, ਰਮਿੰਦਰ ਸਿੰਘ ਆਵਲਾ, ਪਰਮਿੰਦਰ ਸਿੰਘ ਪਿੰਕੀ, ਆਸ਼ੂ ਬੰਗਰ ਸਮੇਤ ਹੋਰ ਕਾਂਗਰਸੀ ਆਗੂਆਂ ਨੇ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ।