
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਨਰਸਿੰਗ ਕਾਲਜ ਅਤੇ ਭਗਤੀ ਭਜਨ ਗਰੁੱਪ ਨੇ ਸਰਹੱਦ ’ਤੇ ਤੈਨਾਤ ਜਵਾਨਾਂ ਨਾਲ ਮਨਾਇਆ ਰੱਖੜੀ ਦਾ ਤਿਉਹਾਰ

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਫਿਰੋਜ਼ਪੁਰ ਦੇ ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ (ਸੋਢੇ ਵਾਲਾ) ਅਤੇ ਭਗਤੀ ਭਜਨ ਗਰੁੱਪ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਦੇਸ਼ ਦੀਆਂ ਸਰਹੱਦਾਂ ’ਤੇ ਤਾਇਨਾਤ ਬਹਾਦਰ ਜਵਾਨਾਂ ਨਾਲ ਰੱਖੜੀ ਦਾ ਪਵਿੱਤਰ ਤਿਉਹਾਰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਟੀਮ ਦੇ ਮੈਂਬਰਾਂ ਨੇ ਵੱਖ-ਵੱਖ ਬਾਰਡਰ ਚੌਕੀਆਂ ’ਤੇ ਪਹੁੰਚ ਕੇ ਦੇਸ਼ ਦੇ ਰੱਖਿਅਕਾਂ ਦੇ ਗੁੱਟਾਂ ’ਤੇ ਪਿਆਰ ਦੀ ਰੱਖੜੀ ਬੰਨ੍ਹੀ। ਇਹ ਉਪਰਾਲਾ ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਅਤੇ ਹਾਰਮਨੀ ਆਯੁਰਵੈਦਿਕ ਮੈਡੀਕਲ ਕਾਲਜ ਐਂਡ ਹਸਪਤਾਲ ਦੇ ਡਾਇਰੈਕਟਰ ਅਤੇ ਭਗਤੀ ਭਜਨ ਗਰੁੱਪ ਦੇ ਸੰਸਥਾਪਕ ਧਰਮਪਾਲ ਬਾਂਸਲ ਦੀ ਅਗਵਾਈ ਹੇਠ ਕੀਤਾ ਗਿਆ। ਇਸ ਪੂਰੇ ਪ੍ਰੋਗਰਾਮ ਦਾ ਪ੍ਰਬੰਧ ਅਤੇ ਦੇਖ-ਰੇਖ ਕਮਾਂਡੈਂਟ ਅਫਸਰ ਐੱਮਕੇ ਗੋਸਵਾਮੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਹੋਈ। ਇਸ ਦੌਰਾਨ ਟੀਮ ਨੇ ਵੱਖ-ਵੱਖ ਸਰਹੱਦੀ ਚੌਕੀਆਂ ਦਾ ਦੌਰਾ ਕੀਤਾ, ਜਿਨ੍ਹਾਂ ਵਿਚ ਸ਼ਾਮਲ ਹਨ ਵਿਜੇ ਕੁਮਾਰ ਗੱਟੀ ਹਯਾਤ, ਵਿਜੇ ਸਿੰਘ ਇੰਸਪੈਕਟਰ ਮੱਬੋਕੇ, ਸਰਵਰਦੀਪ ਬਿਸਵਾਸ ਇੰਸਪੈਕਟਰ ਡੀ.ਟੀ ਮੱਲ, ਪ੍ਰਮੋਦ ਕੁਮਾਰ ਇੰਸਪੈਕਟਰ, ਜਗਦੀਸ਼ ਚੌਕੀ, ਮਹੇਸ਼ ਕੁਮਾਰ ਹੁਸੈਨੀਵਾਲਾ ਬਾਰਡਰ ਸਨ। ਇਨ੍ਹਾਂ ਸਾਰੀਆਂ ਚੌਕੀਆਂ ’ਤੇ ਜਾ ਕੇ ਜਵਾਨਾਂ ਨੂੰ ਰੱਖੜੀਆਂ ਬੰਨ੍ਹੀਆਂ ਗਈਆਂ ਅਤੇ ਮਿਠਾਈਆਂ ਵੰਡ ਕੇ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ ਗਈਆਂ। ਸਰਹੱਦ ’ਤੇ ਤਾਇਨਾਤ ਜਵਾਨਾਂ ਨੇ ਇਸ ਭਾਵੁਕ ਅਤੇ ਸਤਿਕਾਰਯੋਗ ਉਪਰਾਲੇ ਲਈ ਕਾਲਜ ਪ੍ਰਬੰਧਕਾਂ ਅਤੇ ਭਗਤੀ ਭਜਨ ਗਰੁੱਪ ਦਾ ਵਿਸ਼ੇਸ਼ ਧੰਨਵਾਦ ਕੀਤਾ। ਧਰਮਪਾਲ ਬਾਂਸਲ ਨੇ ਜਵਾਨਾਂ ਦੇ ਹੌਂਸਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਦੇਸ਼ ਦੀ ਸੁਰੱਖਿਆ ਲਈ ਦਿਨ-ਰਾਤ ਡਿਊਟੀ ਨਿਭਾਉਣ ਵਾਲੇ ਸਾਡੇ ਬਹਾਦਰ ਜਵਾਨ ਪੂਰੇ ਦੇਸ਼ ਦਾ ਮਾਣ ਹਨ। ਰੱਖੜੀ ਦਾ ਤਿਉਹਾਰ ਸਿਰਫ਼ ਭੈਣ-ਭਰਾ ਦੇ ਪਿਆਰ ਤੱਕ ਸੀਮਤ ਨਹੀਂ ਹੈ, ਸਗੋਂ ਇਹ ਦੇਸ਼ ਦੇ ਰੱਖਿਅਕਾਂ ਪ੍ਰਤੀ ਆਪਣਾਪਣ ਅਤੇ ਸਤਿਕਾਰ ਪ੍ਰਗਟਾਉਣ ਦਾ ਵੀ ਸੁਨਹਿਰੀ ਮੌਕਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸਾਡੇ ਜਵਾਨ ਆਪਣੇ ਪਰਿਵਾਰਾਂ ਤੋਂ ਦੂਰ ਰਹਿ ਕੇ, ਤਪਦੀ ਗਰਮੀ, ਕੜਾਕੇ ਦੀ ਠੰਢ ਅਤੇ ਅਤਿ ਮੁਸ਼ਕਲ ਹਾਲਾਤਾਂ ਵਿੱਚ ਸਰਹੱਦਾਂ ਦੀ ਰੱਖਵਾਲੀ ਕਰਦੇ ਹਨ। ਉਨ੍ਹਾਂ ਦੀ ਅਤੁੱਲ ਕੁਰਬਾਨੀ, ਮਿਹਨਤ ਅਤੇ ਹਿੰਮਤ ਸਦਕਾ ਹੀ ਅਸੀਂ ਆਪਣੇ ਘਰਾਂ ਵਿਚ ਸੁਰੱਖਿਅਤ ਰਹਿ ਕੇ ਖੁਸ਼ੀ-ਖੁਸ਼ੀ ਤਿਉਹਾਰ ਮਨਾਉਂਦੇ ਹਾਂ। ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਹਰ ਖੁਸ਼ੀ ਦੇ ਮੌਕੇ ਆਪਣੇ ਵੀਰ ਜਵਾਨਾਂ ਦੀ ਬਹਾਦਰੀ ਅਤੇ ਸੇਵਾ ਲਈ ਉਨ੍ਹਾਂ ਦਾ ਧੰਨਵਾਦ ਕਰੀਏ। ਇਸ ਮੌਕੇ ਭਗਤੀ ਭਜਨ ਗਰੁੱਪ ਦੇ ਪ੍ਰਮੁੱਖ ਮੈਂਬਰ ਕੈਲਾਸ਼ ਸ਼ਰਮਾ, ਪਵਨ ਕਾਲੀਆ, ਸੁਖਵਿੰਦਰ ਕੌਰ, ਬਲਵਿੰਦਰ ਕੌਰ, ਜਗਦੇਵ ਸਿੰਘ, ਪਰਮਪ੍ਰੀਤ ਕੌਰ, ਸਹਿਜਪ੍ਰੀਤ ਕੌਰ ਅਤੇ ਪ੍ਰਤਾਪ ਸਿੰਘ ਆਦਿ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਸਮੂਹ ਟੀਮ ਨੇ ਸਾਰੇ ਜਵਾਨਾਂ ਨੂੰ ਰੱਖੜੀ ਦੇ ਪਵਿੱਤਰ ਦਿਹਾੜੇ ਦੀਆਂ ਹਾਰਦਿਕ ਵਧਾਈਆਂ ਦਿੱਤੀਆਂ।