...ਹੁਣ ਕਓ.ਆਰ ਕੋਡ ਰਾਹੀਂ ਹੋਵੇਗੀ ਅਧਿਕਾਰਤ ਵੈਂਡਰਾਂ ਦੀ ਪਛਾਣ
...ਹੁਣ ਕਓ.ਆਰ ਕੋਡ ਰਾਹੀਂ ਹੋਵੇਗੀ ਅਧਿਕਾਰਤ ਵੈਂਡਰਾਂ ਦੀ ਪਛਾਣ
Publish Date: Tue, 24 Mar 2026 03:44 PM (IST)
Updated Date: Tue, 24 Mar 2026 03:46 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਰੇਲ ਯਾਤਰੀਆਂ ਨੂੰ ਸਫ਼ਰ ਦੌਰਾਨ ਸੁਰੱਖਿਅਤ, ਸਾਫ਼-ਸੁਥਰਾ ਅਤੇ ਮਿਆਰੀ ਖਾਣਾ ਮੁਹੱਈਆ ਕਰਵਾਉਣ ਲਈ ਰੇਲਵੇ ਵਿਭਾਗ ਨੇ ਸਖ਼ਤ ਕਦਮ ਚੁੱਕੇ ਹਨ। ਰੇਲ ਗੱਡੀਆਂ ਵਿਚ ਗੈਰ-ਕਾਨੂੰਨੀ ਅਤੇ ਅਣ-ਅਧਿਕਾਰਤ ਤੌਰ ’ਤੇ ਸਾਮਾਨ ਵੇਚਣ ਵਾਲਿਆਂ ’ਤੇ ਨਕੇਲ ਕੱਸਣ ਲਈ ਫਿਰੋਜ਼ਪੁਰ ਮੰਡਲ ਨੇ ਆਪਣੇ ਸਾਰੇ ਅਧਿਕਾਰਤ ਕੈਟਰਿੰਗ ਵੈਂਡਰਾਂ ਲਈ ਕਓ.ਆਰ ਕੋਡ ਵਾਲੇ ਆਈਡੀ ਕਾਰਡ ਲਾਜ਼ਮੀ ਕਰ ਦਿੱਤੇ ਹਨ। ਇਸ ਨਵੀਂ ਵਿਵਸਥਾ ਤਹਿਤ ਹੁਣ ਕੋਈ ਵੀ ਰੇਲ ਯਾਤਰੀ ਆਪਣੇ ਮੋਬਾਈਲ ਰਾਹੀਂ ਵੈਂਡਰ ਦੇ ਗਲ ਵਿਚ ਪਾਏ ਆਈਡੀ ਕਾਰਡ ’ਤੇ ਮੌਜ਼ੂਦ ਕਓ.ਆਰ ਕੋਡ ਨੂੰ ਸਕੈਨ ਕਰ ਸਕੇਗਾ। ਸਕੈਨ ਕਰਦੇ ਹੀ ਵੈਂਡਰ ਦਾ ਨਾਮ, ਪਤਾ, ਸਟਾਲ ਨੰਬਰ ਅਤੇ ਪੁਲਿਸ ਵੈਰੀਫਿਕੇਸ਼ਨ ਵਰਗੇ ਵੇਰਵੇ ਯਾਤਰੀ ਦੇ ਫੋਨ ’ਤੇ ਆ ਜਾਣਗੇ। ਇਸ ਰਾਹੀਂ ਯਾਤਰੀ ਭੋਜਨ ਦੀ ਗੁਣਵੱਤਾ, ਬਣਾਉਣ ਦੀ ਮਿਤੀ ਅਤੇ ਸਫਾਈ ਨਾਲ ਸਬੰਧਤ ਸਾਰੀ ਜਾਣਕਾਰੀ ਹਾਸਲ ਕਰ ਸਕਣਗੇ। ਇਸ ਕਦਮ ਨਾਲ ਗੈਰ-ਅਧਿਕਾਰਤ ਵੈਂਡਰਾਂ ਨੂੰ ਰੇਲ ਗੱਡੀਆਂ ਵਿੱਚ ਦਾਖਲ ਹੋਣ ਤੋਂ ਰੋਕਿਆ ਜਾ ਸਕੇਗਾ ਅਤੇ ਯਾਤਰੀਆਂ ਦੀਆਂ ਸ਼ਿਕਾਇਤਾਂ ਵਿਚ ਵੀ ਵੱਡੀ ਕਮੀ ਆਉਣ ਦੀ ਉਮੀਦ ਹੈ। ਸੀਨੀਅਰ ਮੰਡਲ ਵਪਾਰਕ ਪ੍ਰਬੰਧਕ ਪਰਮਦੀਪ ਸਿੰਘ ਸੈਣੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਪਹਿਲਕਦਮੀ ਯਾਤਰੀਆਂ ਦੀ ਸੁਰੱਖਿਆ, ਸਹੂਲਤ ਅਤੇ ਬਿਹਤਰ ਸੇਵਾਵਾਂ ਨੂੰ ਯਕੀਨੀ ਬਣਾਉਣ ਦੀ ਦਿਸ਼ਾ ਵਿੱਚ ਇੱਕ ਮੀਲ ਪੱਥਰ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਰੇਲਵੇ ਦਾ ਮੁੱਖ ਟੀਚਾ ਯਾਤਰੀਆਂ ਦੇ ਸਫ਼ਰ ਨੂੰ ਸੁਖਾਲਾ ਅਤੇ ਭਰੋਸੇਮੰਦ ਬਣਾਉਣਾ ਹੈ।