1650 ਰੁਪਏ ਪ੍ਰਤੀ ਕੁੱਤਾ, ਫਿਰ ਵੀ ਨਸਬੰਦੀ ਲਈ ਨਹੀਂ ਮਿਲ ਰਿਹਾ ਠੇਕੇਦਾਰ..! ਕੁੱਤਿਆਂ ਦੀ ਨਸਬੰਦੀ ਲਈ ਨਹੀਂ ਮਿਲ ਰਿਹਾ ਠੇਕੇਦਾਰ !
Publish Date: Sat, 19 Sep 2026 04:55 PM (IST)
Updated Date: Sat, 19 Sep 2026 04:56 PM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ‘ਡਾਗ ਬਾਈਟਸ’ ਦੀਆਂ ਲਗਾਤਾਰ ਵਧ ਰਹੀਆਂ ਘਟਨਾਵਾਂ ਨੂੰ ਲੈ ਕੇ ਅਦਾਲਤੀ ਸਖਤੀ ਦੇ ਬਾਵਜੂਦ ਕੁੱਤਿਆਂ ਦੀ ਨਸਬੰਦੀ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ ਹੈ। ਇਸ ਸਬੰਧੀ ਵਿਭਾਗੀ ਅਧਿਕਾਰੀਆਂ ਦੇ ਦਾਅਵੇ ਬਹੁਤ ਹੀ ਹੈਰਾਨ ਕਰਨ ਵਾਲੇ ਹਨ। ਵਿਭਾਗੀ ਅਧਿਕਾਰੀਆਂ ਦਾ ਦਾਅਵਾ ਹੈ ਕਿ ਜ਼ਿਲ੍ਹੇ ਵਿੱਚ ਕੁੱਤਿਆਂ ਦੀ ਨਸਬੰਦੀ ਦਾ ਕੰਮ ਨਾ ਹੋਣ ਦਾ ਕਾਰਣ ਹੈ ਕਿ ਕੋਈ ਵੀ ਠੇਕੇਦਾਰ ਦਿਲਚਸਪੀ ਹੀ ਨਹੀਂ ਵਿਖਾ ਰਿਹਾ ਹੈ। ਹਾਲਾਤ ਇਹ ਹਨ ਕਿ ਪਿਛਲੇ ਕਰੀਬ ਦੋ ਸਾਲਾਂ ਤੋਂ ਨਸਬੰਦੀ ਲਈ ਟੈਂਡਰ ਕੱਢੇ ਜਾ ਰਹੇ ਹਨ, ਪਰ ਚਾਰ ਵਾਰ ਟੈਂਡਰ ਜਾਰੀ ਹੋਣ ਦੇ ਬਾਵਜੂਦ ਕੋਈ ਵੀ ਟੈਂਡਰਕਰਤਾ ਕੰਮ ਲੈਣ ਲਈ ਅੱਗੇ ਨਹੀਂ ਆਇਆ। ਹੁਣ ਪ੍ਰਸ਼ਾਸਨ ਵੱਲੋਂ ਮੁੜ ਟੈਂਡਰ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ, ਜੋ 25 ਸਤੰਬਰ ਨੂੰ ਖੋਲ੍ਹਿਆ ਜਾਣਾ ਹੈ। ਵਿਭਾਗੀ ਅਧਿਕਾਰੀਆਂ ਮੁਤਾਬਿਕ ਟੈਂਡਰਕਰਤਾਵਾਂ ਵੱਲੋਂ ਦਿਲਚਸਪੀ ਨਾ ਵਿਖਾਉਣ ਦਾ ਮੁੱਖ ਕਾਰਨ ਫਿਰੋਜ਼ਪੁਰ ਵਿੱਚ ਅਵਾਰਾ ਕੁੱਤਿਆਂ ਦੀ ਗਿਣਤੀ ਘੱਟ ਹੋਣਾ ਦੱਸਿਆ ਜਾ ਰਿਹਾ ਹੈ। ਨਸਬੰਦੀ ਦਾ ਕੰਮ ਕਰਨ ਵਾਲੀ ਕੰਪਨੀ ਨੂੰ ਆਪਣੇ ਪੱਧਰ ’ਤੇ ਕੁੱਤੇ ਫੜਨ ਤੋਂ ਲੈ ਕੇ ਉਨ੍ਹਾਂ ਦੀ ਟਰਾਂਸਪੋਰਟੇਸ਼ਨ, ਅਪਰੇਸ਼ਨ, ਖੁਰਾਕ, ਰੱਖ-ਰਖਾਅ ਅਤੇ ਵੈਕਸੀਨੇਸ਼ਨ ਤੱਕ ਦਾ ਪ੍ਰਬੰਧ ਕਰਨਾ ਪੈਂਦਾ ਹੈ। ਇਸ ਲਈ ਕੰਪਨੀ ਨੂੰ ਪੂਰਾ ਅਪਰੇਸ਼ਨਲ ਸੈਟਅਪ ਅਤੇ ਮਾਹਿਰ ਪਸ਼ੂ ਡਾਕਟਰਾਂ ਸਮੇਤ ਸਟਾਫ ਰੱਖਣਾ ਪੈਂਦਾ ਹੈ। ਘੱਟ ਗਿਣਤੀ ਵਿੱਚ ਕੁੱਤੇ ਮਿਲਣ ਕਾਰਨ ਕੰਪਨੀਆਂ ਲਈ ਇਹ ਖਰਚਾ ਪੂਰਾ ਕਰਨਾ ਮੁਸ਼ਕਲ ਬਣ ਜਾਂਦਾ ਹੈ। ਹੁਣ ਪੰਜ ਕਮੇਟੀਆਂ ਨੂੰ ਇਕੱਠਾ ਕਰਕੇ ਕੱਢਿਆ ਟੈਂਡਰ ਸੈਨੇਟਰੀ ਸੁਪਰਡੈਂਟ ਡਾ. ਸੁਖਪਾਲ ਸਿੰਘ ਨੇ ਦੱਸਿਆ ਕਿ ਪਹਿਲਾਂ ਵੱਖ-ਵੱਖ ਕਮੇਟੀਆਂ ਦੇ ਪੱਧਰ ’ਤੇ ਟੈਂਡਰ ਕੱਢੇ ਜਾ ਰਹੇ ਸਨ। ਹੁਣ ਜ਼ਿਲ੍ਹੇ ਦੀਆਂ ਪੰਜ ਕਮੇਟੀਆਂ ਨੂੰ ‘ਕਲੱਬ ਕਰਕੇ’ ਸਾਂਝਾ ਟੈਂਡਰ ਲਾਇਆ ਗਿਆ ਹੈ। ਇਸ ਤਰ੍ਹਾਂ ਟੈਂਡਰਕਰਤਾ ਨੂੰ ਇੱਕੋ ਥਾਂ ’ਤੇ ਵੱਡੀ ਗਿਣਤੀ ਵਿੱਚ ਕੁੱਤੇ ਮਿਲ ਸਕਣਗੇ ਅਤੇ ਨਸਬੰਦੀ ਦਾ ਕੰਮ ਕਰਨ ਵਾਲੀ ਏਜੰਸੀ ਲਈ ਇਹ ਪ੍ਰਾਜੈਕਟ ਆਰਥਿਕ ਤੌਰ ’ਤੇ ਵਿਹਾਰਕ ਹੋ ਸਕੇਗਾ। ਇਸ ਤੋਂ ਇਲਾਵਾ ਇਸ ਵਾਰ ਬਾਹਰ ਦੀਆਂ ਕੰਪਨੀਆਂ ਨਾਲ ਵੀ ਟੈਂਡਰ ਲਗਾਉਣ ਲਈ ਸੰਪਰਕ ਕੀਤਾ ਗਿਆ ਹੈ । 25 ਸਤੰਬਰ ਨੂੰ ਟੈਂਡਰ ਖੋਲ੍ਹਿਆ ਜਾਵੇਗਾ। 1650 ਰੁਪਏ ਪ੍ਰਤੀ ਕੁੱਤਾ, ਫਿਰ ਵੀ ਨਹੀਂ ਮਿਲ ਰਿਹਾ ਠੇਕੇਦਾਰ ਨਗਰ ਕੌਂਸਲ ਵੱਲੋਂ ਕੁੱਤੇ ਦੀ ਸਟਰਲਾਈਜ਼ੇਸ਼ਨ ਲਈ 1650 ਰੁਪਏ ਪ੍ਰਤੀ ਕੁੱਤਾ ਅਦਾ ਕੀਤੇ ਜਾਣੇ ਹਨ। ਟੈਂਡਰ ਦੀਆਂ ਸ਼ਰਤਾਂ ਮੁਤਾਬਿਕ ਸਬੰਧਤ ਏਜੰਸੀ ਨੂੰ ਕੁੱਤੇ ਫੜਨ, ਟਰਾਂਸਪੋਰਟ ਕਰਨ, ਅਪਰੇਸ਼ਨ ਕਰਨ, ਫੀਡ ਅਤੇ ਰੱਖ-ਰਖਾਅ ਤੋਂ ਇਲਾਵਾ ਵੈਕਸੀਨੇਸ਼ਨ ਦੀ ਜ਼ਿੰਮੇਵਾਰੀ ਵੀ ਨਿਭਾਉਣੀ ਹੋਵੇਗੀ। ‘ਅਪ੍ਰੇਸ਼ਨਲ ਸੈਟਅਪ’ ਲਈ ਥਾਂ ਨਗਰ ਕੌਂਸਲ ਵੱਲੋਂ ਮੁਹੱਈਆ ਕਰਵਾਈ ਜਾਵੇਗੀ। ਫਿਰੋਜ਼ਪੁਰ, ਗੁਰੂਹਰਸਹਾਏ ਅਤੇ ਤਲਵੰਡੀ ਭਾਈ ਸਮੇਤ ਸਬੰਧਤ ਥਾਵਾਂ ’ਤੇ ਉਪਲਬਧ ਸਰਕਾਰੀ ਸਹੂਲਤਾਂ ਦੀ ਵਰਤੋਂ ਕੀਤੀ ਜਾਣੀ ਹੈ। ਕੰਪਨੀ ਕੋਲ ਮਾਹਿਰ ਐਨੀਮਲ ਡਾਕਟਰ ਤੇ ਲੋੜੀਂਦਾ ਸਟਾਫ ਹੋਣਾ ਲਾਜ਼ਮੀ ਹੈ। ਨਸਬੰਦੀ ਤੋਂ ਬਾਅਦ ਕੁੱਤਿਆਂ ਦੀ ਕੀਤੀ ਜਾਂਦੀ ਹੈ ਟੈਗਿੰਗ ਨਸਬੰਦੀ ਤੋਂ ਬਾਅਦ ਕੁੱਤਿਆਂ ਦੀ ਟੈਗਿੰਗ ਕੀਤੀ ਜਾਂਦੀ ਹੈ। ਇੱਕ ਕੰਨ ’ਤੇ ਟੈਗ ਹੋਣ ਦਾ ਮਤਲਬ ਵੈਕਸੀਨੇਸ਼ਨ ਹੋ ਚੁੱਕੀ ਹੋਣ ਦਾ ਸੰਕੇਤ ਹੈ, ਜਦਕਿ ਦੋਵੇਂ ਕੰਨਾਂ ’ਤੇ ਟੈਗਿੰਗ ਹੋਣ ਦਾ ਅਰਥ ਨਸਬੰਦੀ ਅਤੇ ਵੈਕਸੀਨੇਸ਼ਨ ਦੋਵੇਂ ਹੋ ਚੁੱਕੇ ਹਨ। ਹੁਣ ਨਜ਼ਰ 25 ਸਤੰਬਰ ਨੂੰ ਖੁੱਲ੍ਹਣ ਵਾਲੇ ਟੈਂਡਰ ’ਤੇ ਹੈ ਕਿ ਕੀ ਇਸ ਵਾਰ ਕੋਈ ਏਜੰਸੀ ਕੰਮ ਲੈਣ ਲਈ ਅੱਗੇ ਆਉਂਦੀ ਹੈ।