ਨੂਰਮਹਿਲ ਰੇਲਵੇ ਸਟੇਸ਼ਨ ’ਤੇ ਨਵਾਂ ਗੁਡਸ ਸ਼ੈੱਡ ਤਿਆਰ
ਨੂਰਮਹਿਲ ਰੇਲਵੇ ਸਟੇਸ਼ਨ ’ਤੇ ਨਵਾਂ ਗੁਡਸ ਸ਼ੈੱਡ ਤਿਆਰ
Publish Date: Wed, 25 Mar 2026 04:37 PM (IST)
Updated Date: Wed, 25 Mar 2026 04:41 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਫਿਰੋਜ਼ਪੁਰ ਮੰਡਲ ਦੇ ਨੂਰਮਹਿਲ ਰੇਲਵੇ ਸਟੇਸ਼ਨ ’ਤੇ ਆਧੁਨਿਕ ਸਹੂਲਤਾਂ ਨਾਲ ਲੈਸ ਨਵਾਂ ਗੁਡਸ ਸ਼ੈੱਡ (ਮਾਲ ਗੋਦਾਮ) ਬਣ ਕੇ ਪੂਰੀ ਤਰ੍ਹਾਂ ਤਿਆਰ ਹੋ ਗਿਆ ਹੈ। ਇਸ ਨਵੇਂ ਸ਼ੈੱਡ ਵਿਚ ਮਜ਼ਦੂਰਾਂ ਲਈ ਲੇਬਰ ਸ਼ੈੱਡ, ਵਾਰਫ ਏਰੀਆ, ਮਰਚੈਂਟ ਰੂਮ ਅਤੇ ਪੀਣ ਵਾਲੇ ਸਾਫ ਪਾਣੀ ਦੀ ਸਹੂਲਤ ਦਿੱਤੀ ਗਈ ਹੈ। ਇਸ ਤੋਂ ਇਲਾਵਾ ਔਰਤਾਂ ਅਤੇ ਮਰਦਾਂ ਲਈ ਵੱਖ-ਵੱਖ ਪਖਾਨਿਆਂ ਦਾ ਪ੍ਰਬੰਧ ਵੀ ਕੀਤਾ ਗਿਆ ਹੈ, ਤਾਂ ਜੋ ਇੱਥੇ ਕੰਮ ਕਰਨ ਵਾਲੇ ਲੋਕਾਂ ਅਤੇ ਵਪਾਰੀਆਂ ਨੂੰ ਕਿਸੇ ਕਿਸਮ ਦੀ ਦਿੱਕਤ ਨਾ ਆਵੇ। ਵਪਾਰਕ ਲਾਭ ਅਤੇ ਸਹੂਲਤਾਂ ਹੁਣ ਨੂਰਮਹਿਲ ਵਿਖੇ ਮਾਲ ਗੱਡੀਆਂ ਦਾ ਸਟਾਪੇਜ ਸੰਭਵ ਹੋ ਸਕੇਗਾ, ਜਿਸ ਨਾਲ ਵਪਾਰੀਆਂ ਨੂੰ ਮਾਲ ਦੀ ਲੋਡਿੰਗ ਅਤੇ ਅਨਲੋਡਿੰਗ ਕਰਨ ਵਿਚ ਵੱਡੀ ਸਹੂਲਤ ਮਿਲੇਗੀ। ਸੜਕੀ ਆਵਾਜਾਈ ਦੇ ਮੁਕਾਬਲੇ ਰੇਲਵੇ ਰਾਹੀਂ ਮਾਲ ਭੇਜਣਾ ਕਾਫੀ ਸਸਤਾ ਵਿਕਲਪ ਹੈ, ਜਿਸ ਨਾਲ ਵਪਾਰੀਆਂ ਦੀ ਲਾਗਤ ਘਟੇਗੀ ਅਤੇ ਉਨ੍ਹਾਂ ਦੇ ਮੁਨਾਫੇ ਵਿੱਚ ਵਾਧਾ ਹੋਵੇਗਾ। ਇਸ ਨਾਲ ਮਾਲ ਗੱਡੀਆਂ ਦੀ ਕਨੈਕਟੀਵਿਟੀ ਵਧੇਗੀ ਅਤੇ ਸਥਾਨਕ ਕਾਰੋਬਾਰੀਆਂ ਦਾ ਸਾਮਾਨ ਸਮੇਂ ਸਿਰ ਅਤੇ ਸੁਰੱਖਿਅਤ ਤਰੀਕੇ ਨਾਲ ਮੰਜ਼ਿਲ ਤੱਕ ਪਹੁੰਚ ਸਕੇਗਾ। ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਫਰੇਟ ਮਨੂ ਗਰਗ ਨੇ ਦੱਸਿਆ ਕਿ ਨੂਰਮਹਿਲ ਵਿਖੇ ਬਣਾਇਆ ਗਿਆ ਇਹ ਨਵਾਂ ਗੁਡਸ ਸ਼ੈੱਡ ਸਿਰਫ ਬੁਨਿਆਦੀ ਢਾਂਚੇ ਦਾ ਵਿਕਾਸ ਹੀ ਨਹੀਂ ਹੈ, ਸਗੋਂ ਇਹ ਸਥਾਨਕ ਆਰਥਿਕਤਾ ਨੂੰ ਮਜ਼ਬੂਤ ਕਰਨ ਵੱਲ ਇਕ ਅਹਿਮ ਕਦਮ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਇਲਾਕੇ ਵਿਚ ਉਦਯੋਗਿਕ ਅਤੇ ਵਪਾਰਕ ਗਤੀਵਿਧੀਆਂ ਨੂੰ ਤੇਜ਼ੀ ਮਿਲੇਗੀ।