ਨੇਪਾਲ ਦੀ ਤਬਾਹੀ ਕੁਦਰਤ ਨਾਲ ਖਿਲਵਾੜ ਦਾ ਖ਼ਤਰਨਾਕ ਨਤੀਜਾ ਨੇਪਾਲ ਦੀ ਤਬਾਹੀ ਕੁਦਰਤ ਨਾਲ ਖਿਲਵਾੜ ਦਾ ਖ਼ਤਰਨਾਕ ਨਤੀਜਾ
Publish Date: Mon, 14 Sep 2026 03:56 PM (IST)
Updated Date: Mon, 14 Sep 2026 03:59 PM (IST)
ਗੌਰਵ ਗੌੜ ਜੌਲੀ,ਪੰਜਾਬੀ ਜਾਗਰਣ ਜ਼ੀਰਾ : ਨੇਪਾਲ ਵਿੱਚ ਬੀਤੇ ਦਿਨੀ ਵਾਪਰੀ ਭਿਆਨਕ ਕੁਦਰਤੀ ਤਬਾਹੀ ਨੇ ਹਿਮਾਲਿਆ ਦੀਆਂ ਵਾਦੀਆਂ ਤੋਂ ਨਿਕਲ ਕੇ ਪੂਰੀ ਦੁਨੀਆ ਦੇ ਦਰਵਾਜ਼ੇ ’ਤੇ ਖ਼ਤਰੇ ਦੀ ਦਸਤਕ ਦਿੱਤੀ ਹੈ। ਗਲੇਸ਼ੀਅਰਾਂ ਦੇ ਤੇਜ਼ੀ ਨਾਲ ਪਿਘਲਣ, ਬਰਫ਼ੀਲੇ ਖੇਤਰਾਂ ਵਿੱਚ ਹੋ ਰਹੀਆਂ ਤਬਦੀਲੀਆਂ ਅਤੇ ਅਚਾਨਕ ਪਾਣੀ ਦੇ ਵੱਡੇ ਵਹਾਅ ਨੇ ਬਦਲਦੇ ਵਾਤਾਵਰਨ ਦੀ ਗੰਭੀਰ ਤਸਵੀਰ ਸਾਹਮਣੇ ਰੱਖ ਦਿੱਤੀ ਹੈ। ਹਿਮਾਲਿਆ ਸਿਰਫ਼ ਪਹਾੜਾਂ ਦੀ ਲੜੀ ਨਹੀਂ, ਸਗੋਂ ਕਰੋੜਾਂ ਲੋਕਾਂ ਲਈ ਜੀਵਨ ਦਾ ਆਧਾਰ ਹੈ। ਕੁਦਰਤ ਦਾ ਇਹ ਸੰਕੇਤ ਸਪੱਸ਼ਟ ਹੈ ਕਿ ਆਲਮੀ ਤਪਸ਼, ਜੰਗਲਾਂ ਦੀ ਕਟਾਈ ਅਤੇ ਪ੍ਰਦੂਸ਼ਣ ਪ੍ਰਤੀ ਹੁਣ ਵੀ ਲਾਪਰਵਾਹੀ ਆਉਣ ਵਾਲੇ ਸਮੇਂ ਨੂੰ ਹੋਰ ਭਿਆਨਕ ਬਣਾ ਸਕਦੀ ਹੈ। ....................................... ਕੁਦਰਤ ਨਾਲ ਸੰਤੁਲਨ ਵਿਗਾੜਨ ਦਾ ਨਤੀਜਾ ਭੁਗਤ ਰਹੀ ਮਨੁੱਖਤਾ : ਜਰਨੈਲ ਸਿੰਘ ਭੁੱਲਰ ਪ੍ਰਕਿਰਤੀ ਕਲੱਬ ਦੇ ਪ੍ਰਧਾਨ ਜਰਨੈਲ ਸਿੰਘ ਭੁੱਲਰ ਨੇ ਕਿਹਾ ਕਿ ਨੇਪਾਲ ਵਿੱਚ ਵਾਪਰੀ ਤਬਾਹੀ ਨੂੰ ਸਿਰਫ਼ ਇੱਕ ਕੁਦਰਤੀ ਘਟਨਾ ਸਮਝ ਕੇ ਅਣਡਿੱਠਾ ਨਹੀਂ ਕੀਤਾ ਜਾ ਸਕਦਾ। ਇਹ ਮਨੁੱਖ ਨੂੰ ਕੁਦਰਤ ਨਾਲ ਬਣਾਇਆ ਸੰਤੁਲਨ ਕਾਇਮ ਰੱਖਣ ਦਾ ਸੱਦਾ ਹੈ। ਜੰਗਲਾਂ ਦੀ ਕਟਾਈ, ਬੇਤਹਾਸ਼ਾ ਪ੍ਰਦੂਸ਼ਣ ਅਤੇ ਕੁਦਰਤੀ ਸਰੋਤਾਂ ਦੀ ਅੰਨ੍ਹੀ ਵਰਤੋਂ ਨੇ ਵਾਤਾਵਰਨ ਨੂੰ ਗੰਭੀਰ ਨੁਕਸਾਨ ਪਹੁੰਚਾਇਆ ਹੈ। ਉਨ੍ਹਾਂ ਕਿਹਾ ਕਿ ਵਿਕਾਸ ਜ਼ਰੂਰੀ ਹੈ, ਪਰ ਅਜਿਹਾ ਵਿਕਾਸ ਜੋ ਕੁਦਰਤ ਦੀ ਕੀਮਤ ’ਤੇ ਹੋਵੇ, ਆਖ਼ਰਕਾਰ ਮਨੁੱਖਤਾ ਲਈ ਹੀ ਸੰਕਟ ਬਣ ਜਾਂਦਾ ਹੈ। ....................................... ਹਿਮਾਲਿਆ ਦੀ ਚਿੰਤਾ ਅਸਲ ਵਿੱਚ ਕਰੋੜਾਂ ਲੋਕਾਂ ਦੇ ਭਵਿੱਖ ਦੀ ਚਿੰਤਾ : ਜਗਦੇਵ ਸ਼ਰਮਾ ਸਮਾਜ ਸੇਵੀ ਸੇਵਾ ਮੁਕਤ ਹੈਡ ਮਾਸਟਰ ਜਗਦੇਵ ਸ਼ਰਮਾ ਨੇ ਕਿਹਾ ਕਿ ਹਿਮਾਲਿਆ ਵਿੱਚ ਹੋ ਰਿਹਾ ਵਾਤਾਵਰਨਕ ਬਦਲਾਅ ਸਿਰਫ਼ ਪਹਾੜੀ ਖੇਤਰਾਂ ਦੀ ਸਮੱਸਿਆ ਨਹੀਂ ਹੈ। ਇਨ੍ਹਾਂ ਬਰਫ਼ੀਲੇ ਖੇਤਰਾਂ ਨਾਲ ਦੱਖਣੀ ਏਸ਼ੀਆ ਦੀਆਂ ਅਨੇਕਾਂ ਨਦੀਆਂ ਅਤੇ ਕਰੋੜਾਂ ਲੋਕਾਂ ਦੀ ਜ਼ਿੰਦਗੀ ਜੁੜੀ ਹੋਈ ਹੈ। ਗਲੇਸ਼ੀਅਰਾਂ ਦੇ ਤੇਜ਼ੀ ਨਾਲ ਪਿਘਲਣ ਨਾਲ ਇੱਕ ਪਾਸੇ ਅਚਾਨਕ ਹੜ੍ਹਾਂ ਦਾ ਖ਼ਤਰਾ ਵਧਦਾ ਹੈ, ਦੂਜੇ ਪਾਸੇ ਭਵਿੱਖ ਵਿੱਚ ਪਾਣੀ ਦੀ ਉਪਲਬਧਤਾ ਵੀ ਪ੍ਰਭਾਵਿਤ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਲਾਪਰਵਾਹੀ ਕੱਲ੍ਹ ਦੀਆਂ ਪੀੜ੍ਹੀਆਂ ਲਈ ਭਾਰੀ ਮੁਸੀਬਤ ਬਣ ਸਕਦੀ ਹੈ। ....................................... ਵਾਤਾਵਰਨ ਦੀ ਰੱਖਿਆ ਹੁਣ ਸਰਕਾਰੀ ਨਹੀਂ, ਲੋਕ ਲਹਿਰ ਬਣੇ : ਸਤਿੰਦਰ ਸਚਦੇਵਾ ਭਾਵਿਪ ਦੇ ਸਟੇਟ ਕੋਆਰਡੀਨੇਟਰ ਸਤਿੰਦਰ ਸਚਦੇਵਾ ਨੇ ਕਿਹਾ ਕਿ ਵਾਤਾਵਰਨ ਦੀ ਰੱਖਿਆ ਦੀ ਜ਼ਿੰਮੇਵਾਰੀ ਕੇਵਲ ਸਰਕਾਰਾਂ ਅਤੇ ਵਿਗਿਆਨੀਆਂ ਤੱਕ ਸੀਮਤ ਕਰਨਾ ਵੱਡੀ ਭੁੱਲ ਹੋਵੇਗੀ। ਹਰ ਨਾਗਰਿਕ ਨੂੰ ਆਪਣੀ ਭੂਮਿਕਾ ਸਮਝਣੀ ਪਵੇਗੀ। ਵੱਧ ਤੋਂ ਵੱਧ ਰੁੱਖ ਲਗਾਉਣ ਦੇ ਨਾਲ ਉਨ੍ਹਾਂ ਦੀ ਸੰਭਾਲ, ਪਾਣੀ ਦੀ ਬੱਚਤ, ਊਰਜਾ ਦੀ ਸੁਚੱਜੀ ਵਰਤੋਂ ਅਤੇ ਪ੍ਰਦੂਸ਼ਣ ਘਟਾਉਣ ਲਈ ਲੋਕਾਂ ਨੂੰ ਆਪਣੀ ਜੀਵਨ-ਜਾਚ ਵਿੱਚ ਤਬਦੀਲੀ ਲਿਆਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਵਾਤਾਵਰਨ ਬਚਾਉਣ ਦੀ ਮੁਹਿੰਮ ਨੂੰ ਲੋਕ ਲਹਿਰ ਬਣਾਉਣਾ ਹੀ ਆਉਣ ਵਾਲੇ ਸੰਕਟਾਂ ਦਾ ਸਭ ਤੋਂ ਵਧੀਆ ਜਵਾਬ ਹੈ। ....................................... ਕੁਦਰਤ ਦੇ ਸੰਕੇਤਾਂ ਨੂੰ ਪੜ੍ਹਨ ’ਚ ਦੇਰੀ ਪਈ ਮਹਿੰਗੀ : ਗੁਰਤੇਜ ਸਿੰਘ ਗਿੱਲ ਸਹਾਰਾ ਕਲੱਬ ਦੇ ਪ੍ਰਧਾਨ ਅਤੇ ਸੇਵਾ ਮੁਕਤ ਤਹਿਸੀਲਦਾਰ ਗੁਰਤੇਜ ਸਿੰਘ ਗਿੱਲ ਨੇ ਕਿਹਾ ਕਿ ਕੁਦਰਤ ਵਾਰ-ਵਾਰ ਮਨੁੱਖ ਨੂੰ ਆਪਣੇ ਵਿਗੜਦੇ ਸੰਤੁਲਨ ਦੇ ਸੰਕੇਤ ਦੇ ਰਹੀ ਹੈ, ਪਰ ਅਸੀਂ ਅਜੇ ਵੀ ਗੰਭੀਰਤਾ ਨਾਲ ਨਹੀਂ ਜਾਗ ਰਹੇ। ਉਨ੍ਹਾਂ ਕਿਹਾ ਕਿ ਵਧਦੀ ਗਰਮੀ, ਬਦਲਦਾ ਮੌਸਮ, ਪਿਘਲਦੇ ਗਲੇਸ਼ੀਅਰ ਅਤੇ ਵਧ ਰਹੀਆਂ ਕੁਦਰਤੀ ਆਫ਼ਤਾਂ ਨੂੰ ਵੱਖ-ਵੱਖ ਘਟਨਾਵਾਂ ਵਜੋਂ ਨਹੀਂ, ਸਗੋਂ ਇੱਕ ਵੱਡੀ ਤਸਵੀਰ ਦੇ ਹਿੱਸੇ ਵਜੋਂ ਦੇਖਣ ਦੀ ਲੋੜ ਹੈ। ਜੇ ਅੱਜ ਠੋਸ ਕਦਮ ਨਾ ਚੁੱਕੇ ਗਏ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਦੀ ਵੱਡੀ ਕੀਮਤ ਚੁਕਾਉਣੀ ਪੈ ਸਕਦੀ ਹੈ। .................................... ਧਰਤੀ ਬਚਾਉਣ ਲਈ ਹੁਣ ਫ਼ੈਸਲਿਆਂ ਨੂੰ ਅਮਲ ’ਚ ਲਿਆਉਣ ਦਾ ਵੇਲਾ : ਅੰਗਰੇਜ਼ ਸਿੰਘ ਅਟਵਾਲ ਸਮਾਜ ਸੇਵੀ ਅੰਗਰੇਜ਼ ਸਿੰਘ ਅਟਵਾਲ ਨੇ ਕਿਹਾ ਕਿ ਵਾਤਾਵਰਨ ਬਾਰੇ ਚਰਚਾਵਾਂ ਅਤੇ ਚਿੰਤਾਵਾਂ ਉਦੋਂ ਹੀ ਸਾਰਥਕ ਹੋਣਗੀਆਂ, ਜਦੋਂ ਉਹ ਜ਼ਮੀਨੀ ਪੱਧਰ ’ਤੇ ਕਾਰਵਾਈ ਵਿੱਚ ਬਦਲਣ। ਉਨ੍ਹਾਂ ਕਿਹਾ ਕਿ ਕੁਦਰਤੀ ਸਰੋਤਾਂ ਦੀ ਸੰਭਾਲ, ਰੁੱਖਾਂ ਦੀ ਰੱਖਿਆ, ਪਾਣੀ ਦੀ ਬੱਚਤ ਅਤੇ ਪ੍ਰਦੂਸ਼ਣ ’ਤੇ ਕਾਬੂ ਪਾਉਣਾ ਹਰੇਕ ਮਨੁੱਖ ਦੀ ਜ਼ਿੰਮੇਵਾਰੀ ਹੈ। ਨੇਪਾਲ ਦੀ ਤਬਾਹੀ ਤੋਂ ਸਬਕ ਲੈਂਦਿਆਂ ਦੁਨੀਆ ਨੂੰ ਵਿਕਾਸ ਦੀ ਦੌੜ ਦੇ ਨਾਲ ਵਾਤਾਵਰਨਕ ਸੰਤੁਲਨ ਨੂੰ ਵੀ ਪਹਿਲ ਦੇਣੀ ਪਵੇਗੀ। ਧਰਤੀ ਸੁਰੱਖਿਅਤ ਹੋਵੇਗੀ ਤਾਂ ਹੀ ਮਨੁੱਖਤਾ ਦਾ ਭਵਿੱਖ ਸੁਰੱਖਿਅਤ ਰਹੇਗਾ।