ਹੇਮਕੁੰਟ ਸਕੂਲ ਵਿਖੇ ਕੌਮੀ ਸੇਵਾ ਯੋਜਨਾ ਦਿਵਸ ਮਨਾਇਆ ਹੇਮਕੁੰਟ ਸਕੂਲ ਵਿਖੇ ਕੌਮੀ ਸੇਵਾ ਯੋਜਨਾ ਦਿਵਸ ਮਨਾਇਆ
Publish Date: Thu, 24 Sep 2026 04:16 PM (IST)
Updated Date: Fri, 25 Sep 2026 04:00 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜ਼ੀਰਾ : ਸ੍ਰੀ ਹੇਮਕੁੰਟ ਸੀਨੀਅਰ ਸੈਕੰਡਰੀ ਸਕੂਲ ਕੋਟ ਈਸੇ ਖਾਂ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਸਮਾਜਿਕ ਜ਼ਿੰਮੇਵਾਰੀਆਂ,ਸੇਵਾ ਭਾਵਨਾ ਅਤੇ ਅਨੁਸ਼ਾਸਨ ਨਾਲ ਜੋੜਨ ਲਈ ਸਮੇਂ-ਸਮੇਂ ’ਤੇ ਵੱਖ-ਵੱਖ ਗਤੀਵਿਧੀਆਂ ਕਰਵਾਉਂਦਾ ਰਹਿੰਦਾ ਹੈ।ਇਸੇ ਲੜੀ ਤਹਿਤ ਸਕੂਲ ਵਿੱਚ ਸਹਾਇਕ ਡਾਇਰੈਕਟਰ ਦਵਿੰਦਰ ਸਿੰਘ ਲੋਟੇ ਦੀ ਅਗਵਾਈ ਹੇਠ ਕੌਮੀ ਸੇਵਾ ਯੋਜਨਾ ਦਿਵਸ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੂੰ ਕੌਮੀ ਸੇਵਾ ਯੋਜਨਾ (ਐੱਨ.ਐੱਸ.ਐੱਸ) ਦੇ ਮਹੱਤਵ ਅਤੇ ਇਸ ਦੇ ਉਦੇਸ਼ਾਂ ਬਾਰੇ ਜਾਣਕਾਰੀ ਦਿੱਤੀ ਗਈ। ਵਿਦਿਆਰਥੀਆਂ ਨੇ ਇਸ ਦਿਵਸ ਸਬੰਧੀ ਆਪਣੇ ਵਿਚਾਰ ਅਤੇ ਭਾਸ਼ਣ,ਸਲੋਗਨ ਵੀ ਪੇਸ਼ ਕੀਤੇ।ਉਨ੍ਹਾਂ ਨੂੰ ਦੱਸਿਆ ਗਿਆ ਕਿ ਕੌਮੀ ਸੇਵਾ ਯੋਜਨਾ ਦੀ ਸ਼ੁਰੂਆਤ 24 ਸਤੰਬਰ 1969 ਨੂੰ ਹੋਈ ਸੀ ਅਤੇ ਹਰ ਸਾਲ 24 ਸਤੰਬਰ ਨੂੰ ਕੌਮੀ ਸੇਵਾ ਯੋਜਨਾ ਦਿਵਸ ਮਨਾਇਆ ਜਾਂਦਾ ਹੈ। ਇਸ ਮੌਕੇ ਸਕੂਲ ਦੇ ਚੇਅਰਮੈਨ ਕੁਲਵੰਤ ਸਿੰਘ ਸੰਧੂ ਅਤੇ ਐੱਮ.ਡੀ ਰਣਜੀਤ ਕੌਰ ਸੰਧੂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਆਪਣੇ ਜੀਵਨ ਵਿੱਚ ਦੂਜਿਆਂ ਦੀ ਮਦਦ ਕਰਨ ਅਤੇ ਸਮਾਜ ਦੀ ਭਲਾਈ ਲਈ ਕੰਮ ਕਰਨ ਦੀ ਭਾਵਨਾ ਪੈਦਾ ਕਰਨੀ ਚਾਹੀਦੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਐੱਨ.ਐੱਸ.ਐੱਸ ਦੀਆਂ ਗਤੀਵਿਧੀਆਂ ਵਿੱਚ ਵੱਧ-ਚੜ੍ਹ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ। ਪ੍ਰੋਗਰਾਮ ਅਫ਼ਸਰ ਅਮੀਰ ਸਿੰਘ ਨੇ ਵਿਦਿਆਰਥੀਆਂ ਨੂੰ ਐੱਨ.ਐੱਸ.ਐੱਸ ਦੇ ਕੰਮਾਂ ਅਤੇ ਇਸ ਦੇ ਉਦੇਸ਼ਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਐੱਨਐੱਸਐੱਸ ਵਿਦਿਆਰਥੀਆਂ ਵਿੱਚ ਸੇਵਾ ਭਾਵਨਾ, ਸਹਿਯੋਗ, ਅਨੁਸ਼ਾਸਨ ਤੇ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਅੰਤ ਵਿੱਚ ਸਕੂਲ ਦੀ ਪ੍ਰਿੰਸੀਪਲ ਰਮਨਜੀਤ ਕੌਰ ਨੇ ਵਿਦਿਆਰਥੀਆਂ ਨੂੰ “ਖੁਦ ਤੋਂ ਪਹਿਲਾਂ ਤੁਸੀਂ” ਦੇ ਸੰਦੇਸ਼ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਦੂਜਿਆਂ ਦੇ ਕੰਮ ਆਉਣਾ ਅਤੇ ਸਮਾਜ ਦੀ ਭਲਾਈ ਲਈ ਆਪਣਾ ਯੋਗਦਾਨ ਪਾਉਣਾ ਹੀ ਸੱਚੀ ਸੇਵਾ ਹੈ।