- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੇਂਡੂ ਨੌਜਵਾਨਾਂ ਨੂੰ ਆਤਮ-ਨਿਰਭਰ ਬਣਾਉਣ ਲਈ ਨਾਬਾਰਡ ਨੇ ਖੋਲ੍ਹੇ ਸਵੈ-ਰੁਜ਼ਗਾਰ ਦੇ ਰਾਹ

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ, ਜ਼ੀਰਾ : ਪੇਂਡੂ ਨੌਜਵਾਨਾਂ ਨੂੰ ਨੌਕਰੀਆਂ ਦੀ ਉਡੀਕ ਕਰਨ ਦੀ ਬਜਾਏ ਆਪਣੇ ਪੈਰਾਂ ’ਤੇ ਖੜ੍ਹੇ ਹੋਣ, ਨਵੇਂ ਕਾਰੋਬਾਰ ਸਥਾਪਤ ਕਰਨ ਤੇ ਆਰਥਿਕ ਤੌਰ ’ਤੇ ਮਜ਼ਬੂਤ ਬਣਨ ਲਈ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਨਾਬਾਰਡ ਫਿਰੋਜ਼ਪੁਰ ਵੱਲੋਂ ਸੰਤ ਕਬੀਰ ਕਾਲਜ ਜ਼ੀਰਾ ਵਿਖੇ ਦੇਸ਼ ਵਿਆਪੀ ਗ੍ਰਾਮ ਯੁਵਾ ਸ਼ਕਤੀ ਮੁਹਿੰਮ-2026 ਤਹਿਤ ਵਿਸ਼ੇਸ਼ ਜਾਗਰੂਕਤਾ ਸਮਾਗਮ ਕਰਵਾਇਆ ਗਿਆ। ਇਸ ਮੌਕੇ ਵੱਖ-ਵੱਖ ਬੈਂਕਾਂ ਅਤੇ ਸਰਕਾਰੀ ਵਿਭਾਗਾਂ ਦੇ ਉੱਚ ਅਧਿਕਾਰੀਆਂ ਨੇ ਨੌਜਵਾਨਾਂ ਨੂੰ ਵਿੱਤੀ ਸਾਖਰਤਾ, ਬੈਂਕਿੰਗ ਸਹੂਲਤਾਂ, ਸਰਕਾਰੀ ਯੋਜਨਾਵਾਂ, ਹੁਨਰ ਵਿਕਾਸ ਤੇ ਸਵੈ-ਰੁਜ਼ਗਾਰ ਦੇ ਮੌਕਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਸਮਾਗਮ ਦੌਰਾਨ ਨਾਬਾਰਡ ਦੇ ਜ਼ਿਲ੍ਹਾ ਵਿਕਾਸ ਮੈਨੇਜਰ ਰੋਹਿਤ ਕੋਇਸ਼ਪ ਨੇ ਮੁਹਿੰਮ ਦੇ ਉਦੇਸ਼ਾਂ ਅਤੇ ਪੇਂਡੂ ਉੱਦਮਤਾ ਵਿੱਚ ਨੌਜਵਾਨਾਂ ਦੀ ਭੂਮਿਕਾ ਬਾਰੇ ਚਾਨਣਾ ਪਾਇਆ। ਆਰਬੀਆਈ ਦੇ ਸੁਧੀਰ ਸਿੱਧੂ ਨੇ ਵਿੱਤੀ ਸਾਖਰਤਾ, ਬੈਂਕਿੰਗ ਨਿਯਮਾਂ ਅਤੇ ਸੁਰੱਖਿਅਤ ਡਿਜੀਟਲ ਬੈਂਕਿੰਗ ਬਾਰੇ ਜਾਣੂ ਕਰਵਾਇਆ। ਪੰਜਾਬ ਨੈਸ਼ਨਲ ਬੈਂਕ ਦੇ ਸਰਕਲ ਹੈੱਡ ਕਪਿਲ ਕੁਮਾਰ ਗਾਂਧੀ ਨੇ ਐੱਮਐੱਸਐੱਮਈ ਅਤੇ ਮੁਦਰਾ ਕਰਜ਼ਾ ਯੋਜਨਾਵਾਂ ਰਾਹੀਂ ਕਾਰੋਬਾਰ ਸ਼ੁਰੂ ਕਰਨ ਦੇ ਮੌਕੇ ਸਮਝਾਏ।