- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਗਰ ਕੌਂਸਲ ਫ਼ਿਰੋਜ਼ਪੁਰ ਵੱਲੋਂ ‘ਗਾਰਬੇਜ਼ ਫਰੀ ਫੈਸਟੀਵਲ 2026’ ਮੁਹਿੰਮ ਦਾ ਆਗਾਜ਼, 30 ਦਿਨ ਚੱਲੇਗੀ ਵਿਸ਼ੇਸ਼ ਸਫ਼ਾਈ ਮੁਹਿੰਮ

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ੁਪਰ : ਤਿਉਹਾਰਾਂ ਦੇ ਮੱਦੇਨਜ਼ਰ ਨਗਰ ਕੌਂਸਲ ਫ਼ਿਰੋਜ਼ਪੁਰ ਵੱਲੋਂ ਸ਼ਹਿਰ ਨੂੰ ਸਾਫ਼-ਸੁਥਰਾ, ਕੂੜਾ ਮੁਕਤ ਅਤੇ ਵਾਤਾਵਰਨ ਪੱਖੋਂ ਬਿਹਤਰ ਬਣਾਉਣ ਲਈ ‘ਗਾਰਬੇਜ਼ ਫਰੀ ਫੈਸਟੀਵਲ 2026’ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਇਹ ਮੁਹਿੰਮ 23 ਅਕਤੂਬਰ ਤੋਂ 23 ਨਵੰਬਰ ਤੱਕ ਚਲਾਈ ਜਾਵੇਗੀ, ਜਿਸ ਤਹਿਤ ਪੰਜ ਪੜਾਵਾਂ ਵਿਚ ਵਿਸ਼ੇਸ਼ ਸਫ਼ਾਈ ਅਤੇ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਨਰਿੰਦਰ ਕੁਮਾਰ ਅਤੇ ਸੁਪਰਡੈਂਟ ਸੁਖਪਾਲ ਸਿੰਘ ਨੇ ਦੱਸਿਆ ਕਿ ਇਹ ਮੁਹਿੰਮ ਵਿਧਾਇਕ ਰਣਬੀਰ ਸਿੰਘ ਭੁੱਲਰ, ਨਗਰ ਕੌਂਸਲ ਪ੍ਰਧਾਨ ਅਸ਼ੋਕ ਸਚਦੇਵਾ, ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਅਤੇ ਵਧੀਕ ਡਿਪਟੀ ਕਮਿਸ਼ਨਰ ਡਾ. ਅਮਨਦੀਪ ਕੌਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਚਲਾਈ ਜਾ ਰਹੀ ਹੈ। ਪਹਿਲੇ ਪੜਾਅ ਵਿਚ ਲੋਕਾਂ ਨੂੰ ਸਫ਼ਾਈ ਪ੍ਰਤੀ ਜਾਗਰੂਕ ਕਰਨ ਦੇ ਨਾਲ ਆਨਲਾਈਨ ਰਜਿਸਟਰੇਸ਼ਨ ਰਾਹੀਂ ਮੁਹਿੰਮ ਨਾਲ ਜੋੜਿਆ ਜਾਵੇਗਾ। ਪਲਾਸਟਿਕ ਦੇ ਕੈਰੀ ਬੈਗਾਂ ਦੀ ਥਾਂ ਜੂਟ ਅਤੇ ਕੱਪੜੇ ਦੇ ਥੈਲੇ ਵਰਤਣ ਲਈ ਪ੍ਰੇਰਿਤ ਕੀਤਾ ਜਾਵੇਗਾ। ਨਿਯਮਾਂ ਦੀ ਉਲੰਘਣਾ ਕਰਨ ਵਾਲੇ ਦੁਕਾਨਦਾਰਾਂ ਖ਼ਿਲਾਫ਼ ਚਲਾਨ ਅਤੇ ਨੋਟਿਸ ਜਾਰੀ ਕੀਤੇ ਜਾਣਗੇ। ਦੂਜੇ ਪੜਾਅ ਵਿਚ ਤਿੰਨ ਟੀਮਾਂ ਰੋਜ਼ਾਨਾ ਦੋ ਰਿਹਾਇਸ਼ੀ ਅਤੇ ਇਕ ਵਪਾਰਕ ਵਾਰਡ ਦੀ ਸਫ਼ਾਈ ਕਰਨਗੀਆਂ। ਤੀਜੇ ਪੜਾਅ ਵਿੱਚ ਸਵੱਛਤਾ ਵੈਨ ਅਤੇ ਮੋਬਾਈਲ ਰਿਕਵਰੀ ਵੈਨ ਰਾਹੀਂ ਰੀਸਾਈਕਲ ਹੋਣ ਵਾਲਾ ਸਮਾਨ ਇਕੱਠਾ ਕਰਕੇ ਆਰ.ਆਰ.ਆਰ. ਸੈਂਟਰ ਪਹੁੰਚਾਇਆ ਜਾਵੇਗਾ। ਚੌਥੇ ਪੜਾਅ ਵਿਚ ਸਕੂਲਾਂ, ਕਾਲਜਾਂ, ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਦੇ ਸਹਿਯੋਗ ਨਾਲ ਰੈਲੀਆਂ, ਨੁੱਕੜ ਨਾਟਕ ਅਤੇ ਜਾਗਰੂਕਤਾ ਪ੍ਰੋਗਰਾਮ ਕਰਵਾਏ ਜਾਣਗੇ। ਪੰਜਵੇਂ ਪੜਾਅ ਵਿੱਚ ਮੁਹਿੰਮ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਅਤੇ ਏ.ਡੀ.ਸੀ. ਡਾ. ਅਮਨਦੀਪ ਕੌਰ ਨੇ ਸ਼ਹਿਰ ਵਾਸੀਆਂ ਨੂੰ ਇਸ ਮੁਹਿੰਮ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ।