ਨਗਰ ਕੌਂਸਲ ਤੇ ਪੁਲਿਸ ਨੇ ਸੜਕਾਂ ਤੋਂ ਹਟਵਾਇਆ ਸਮਾਨ
ਨਗਰ ਕੌਂਸਲ ਤੇ ਪੁਲਿਸ ਨੇ ਸੜਕਾਂ ਤੋਂ ਹਟਵਾਇਆ ਸਮਾਨ
Publish Date: Fri, 03 Apr 2026 05:54 PM (IST)
Updated Date: Fri, 03 Apr 2026 05:58 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਜ਼ੀਰਾ ਸ਼ਹਿਰ ਨੂੰ ਸੁਚੱਜਾ, ਸੁੰਦਰ ਅਤੇ ਟਰੈਫਿਕ ਜਾਮ ਤੋਂ ਮੁਕਤ ਬਣਾਉਣ ਦੇ ਉਦੇਸ਼ ਨਾਲ ਨਗਰ ਕੌਂਸਲ ਅਤੇ ਟਰੈਫਿਕ ਪੁਲਿਸ ਵੱਲੋਂ ਸਾਂਝੀ ਮੁਹਿੰਮ ਤਹਿਤ ਨਗਰ ਕੌਂਸਲ ਜੀਰਾ ਦੇ ਕਾਰਜ ਸਾਧਕ ਅਫਸਰ ਨਰਿੰਦਰ ਕੁਮਾਰ ਦੀ ਦੇਖਰੇਖ ਅਤੇ ਨਗਰ ਕੌਂਸਲ ਪ੍ਰਧਾਨ ਸਰਬਜੀਤ ਕੌਰ ਦੀ ਰਹਿਨੁਮਾਈ ਹੇਠ ਟਰੈਫਿਕ ਇੰਚਾਰਜ਼ ਸਵਰਨ ਸਿੰਘ ਦੇ ਸਹਿਯੋਗ ਨਾਲ ਸ਼ਹਿਰ ਦੀਆਂ ਮੁੱਖ ਸੜਕਾਂ ’ਤੇ ਨਜਾਇਜ਼ ਕਬਜ਼ਿਆਂ ਖ਼ਿਲਾਫ਼ ਮੁਹਿੰਮ ਚਲਾਈ ਗਈ। ਇਸ ਦੌਰਾਨ ਰੇਲਵੇ ਰੋਡ ਅਤੇ ਬੱਸ ਸਟੈਂਡ ਇਲਾਕੇ ਵਿੱਚ ਖਾਸ ਤੌਰ ‘ਤੇ ਕਾਰਵਾਈ ਕੀਤੀ ਗਈ, ਜਿੱਥੇ ਕਈ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਦੇ ਅੱਗੇ ਰੱਖਿਆ ਸਮਾਨ ਹਟਾ ਕੇ ਟਰਾਲੀਆਂ ਰਾਹੀਂ ਨਗਰ ਕੌਂਸਲ ਦਫਤਰ ਭੇਜਿਆ ਗਿਆ। ਅਧਿਕਾਰੀਆਂ ਨੇ ਸਪਸ਼ਟ ਕੀਤਾ ਕਿ ਸੜਕਾਂ ‘ਤੇ ਕੀਤਾ ਗਿਆ ਕੋਈ ਵੀ ਨਜਾਇਜ਼ ਕਬਜ਼ਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਇਸ ਤਰ੍ਹਾਂ ਦੀ ਕਾਰਵਾਈ ਲਗਾਤਾਰ ਜਾਰੀ ਰਹੇਗੀ। ਇਸ ਮੌਕੇ ਟਰੈਫਿਕ ਇੰਚਾਰਜ਼ ਸਵਰਣ ਸਿੰਘ ਗੱਲਬਾਤ ਕਰਦਿਆਂ ਕਿਹਾ ਕਿ ਸੜਕਾਂ ‘ਤੇ ਹੋਣ ਵਾਲੇ ਨਜਾਇਜ਼ ਕਬਜ਼ੇ ਨਾ ਸਿਰਫ ਟਰੈਫਿਕ ਪ੍ਰਬੰਧ ਨੂੰ ਖਰਾਬ ਕਰਦੇ ਹਨ, ਸਗੋਂ ਹਾਦਸਿਆਂ ਦਾ ਕਾਰਨ ਵੀ ਬਣਦੇ ਹਨ। ਉਨ੍ਹਾਂ ਨੇ ਸ਼ਹਿਰ ਵਾਸੀਆਂ ਅਤੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਖੁਦ ਵੀ ਜ਼ਿੰਮੇਵਾਰੀ ਨਿਭਾਉਣ ਅਤੇ ਸੜਕਾਂ ਨੂੰ ਖਾਲੀ ਰੱਖਣ ਵਿੱਚ ਸਹਿਯੋਗ ਦੇਣ। ਇਸੇ ਤਰ੍ਹਾਂ ਨਗਰ ਕੌਂਸਲ ਪ੍ਰਧਾਨ ਸਰਬਜੀਤ ਕੌਰ ਨੇ ਕਿਹਾ ਕਿ ਸ਼ਹਿਰ ਦੀ ਸੁੰਦਰਤਾ ਅਤੇ ਲੋਕਾਂ ਦੀ ਸੁਵਿਧਾ ਨੂੰ ਧਿਆਨ ਵਿੱਚ ਰੱਖਦਿਆਂ ਇਹ ਮੁਹਿੰਮ ਚਲਾਈ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਕਿਸੇ ਵੀ ਦੁਕਾਨਦਾਰ ਵੱਲੋਂ ਦੁਕਾਨਾਂ ਦੇ ਅੱਗੇ ਸਮਾਨ ਰੱਖ ਕੇ ਮੁੜ ਨਜਾਇਜ਼ ਕਬਜ਼ਾ ਕੀਤਾ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਹਾਲਾਂਕਿ ਇਸ ਕਾਰਵਾਈ ਦੌਰਾਨ ਕੁਝ ਦੁਕਾਨਦਾਰਾਂ ਵੱਲੋਂ ਕਰਮਚਾਰੀਆਂ ਨਾਲ ਬਹਿਸਬਾਜ਼ੀ ਵੀ ਕੀਤੀ ਗਈ, ਪਰ ਨਗਰ ਕੌਂਸਲ ਕਰਮਚਾਰੀਆਂ ਨੇ ਸਖ਼ਤੀ ਨਾਲ ਮੁਹਿੰਮ ਜਾਰੀ ਰੱਖੀ। ਇਸ ਮੌਕੇ ਟਰੈਫਿਕ ਇੰਚਾਰਜ ਸਵਰਣ ਸਿੰਘ, ਏਐਸਆਈ ਗੁਰਭੇਜ ਸਿੰਘ, ਸੰਦੀਪ ਸਿੰਘ ਮੁਨਸ਼ੀ ਥਾਣਾ ਸਿਟੀ ਜ਼ੀਰਾ, ਸੁਖਜਿੰਦਰ ਸਿੰਘ ਹੌਲਦਾਰ, ਬਲਜੀਤ ਸਿੰਘ ਬੱਲੀ, ਤੋਂ ਇਲਾਵਾ ਨਗਰ ਕੌਂਸਲ ਦੇ ਸੈਨਟਰੀ ਕਲਰਕ ਸੁਸ਼ੀਲ ਕੁਮਾਰ ਰਿੰਕੂ, ਦਮਨਜੀਤ ਸ਼ਰਮਾ, ਸਫਾਈ ਮੇਡ ਹਰੀ ਰਾਮ ਆਦਿ ਤੋਂ ਨਗਰ ਕੌਂਸਲ ਦੇ ਕਰਮਚਾਰੀ ਹਾਜ਼ਰ ਸਨ।