ਲਸਣ ’ਚ ਮਲਚਿੰਗ ਤਕਨੀਕ ਨਦੀਨ ਪ੍ਰਬੰਧਨ ਤੇ ਪਰਾਲੀ ਦੀ ਸੰਭਾਲ ਲਈ ਕਾਰਗਾਰ ਵਿਧੀ : ਡਾ. ਗੁਰਮੇਲ ਸਿੰਘ ਲਸਣ ਵਿਚ ਮਲਚਿੰਗ ਤਕਨੀਕ ਨਦੀਨ ਪ੍ਰਬੰਧਨ ਅਤੇ ਪਰਾਲੀ ਦੀ ਸੰਭਾਲ ਲਈ ਕਾਰਗਾਰ ਵਿਧੀ: ਡਾ. ਗੁਰਮੇਲ ਸਿੰਘ
Publish Date: Wed, 11 Nov 2026 03:24 PM (IST)
Updated Date: Wed, 11 Nov 2026 03:27 PM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਫਿਰੋਜ਼ਪੁਰ ਦੀ ਟੀਮ ਵੱਲੋਂ ਲੱਸਣ ਦੀ ਵੱਡੇ ਪੱਧਰ ’ਤੇ ਕਾਸ਼ਤ ਕਰ ਰਹੇ ਅਤੇ ਝੋਨੇ ਦੀ ਪਰਾਲੀ ਨੂੰ ਬਿਨਾਂ ਸਾੜੇ ਲੱਸਣ ਵਿਚ ਹੀ ਮਲਚ ਦੇ ਤੌਰ ਤੇ ਵਰਤ ਰਹੇ ਪਿੰਡਾਂ-ਵਾੜਾ ਕਾਲੀ ਰਾਉਣ, ਮਾਹਲੇਵਾਲਾ, ਲਾਲੂਵਾਲਾ ਅਤੇ ਖਿਆਲੀ ਦੇ ਕਿਸਾਨਾਂ ਲਈ ਸਬਜ਼ੀਆਂ ਦੀ ਕਾਸ਼ਤ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਦੌਰਾਨ ਡਾ. ਗੁਰਮੇਲ ਸਿੰਘ, ਡਿਪਟੀ ਡਾਇਰੈਕਟਰ (ਟਰੇਨਿੰਗ), ਕੇ.ਵੀ.ਕੇ. ਫਿਰੋਜ਼ਪੁਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਹ ਕੈਂਪ ਖੇਤ ਬਚਾਓ ਅਭਿਆਨ ਤਹਿਤ ਕਿਸਾਨਾਂ ਨੂੰ ਸਬਜ਼ੀਆਂ ਵਿਚ ਝੋਨੇ ਦੀ ਪਰਾਲੀ ਦਾ ਮਲਚ ਦੇ ਤੌਰ ’ਤੇ ਉਪਯੋਗ ਅਤੇ ਮਿੱਟੀ ਅਤੇ ਪਾਣੀ ਪਰਖ ਬਾਰੇ ਜਾਗਰੂਕ ਕਰਨ ਲਈ ਲਗਾਇਆ ਗਿਆ। ਉਨ੍ਹਾਂ ਕਿਹਾ ਕਿ ਮਲਚ ਦੇ ਰੂਪ ਵਿਚ ਖੇਤ ਵਿਚ ਪਈ ਪਰਾਲੀ ਸਮਾਂ ਪਾ ਕੇ ਖੇਤ ਵਿਚ ਹੀ ਗਲਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵਿਚ ਸੁਧਾਰ ਹੁੰਦਾ ਹੈ। ਡਾ. ਬੀ.ਐੱਸ. ਸੇਖੋਂ, ਸਹਾਇਕ ਪ੍ਰੋਫੈਸਰ, ਸਬਜ਼ੀ ਵਿਗਿਆਨ ਨੇ ਕਿਸਾਨਾਂ ਨੂੰ ਲਸਣ ਵਿਚ ਮਲਚਿੰਗ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਲਸਣ ਵਿੱਚ ਬਿਜਾਈ ਤੋਂ ਤੁਰੰਤ ਬਾਅਦ 25 ਕੁਇੰਟਲ ਪ੍ਰਤੀ ਏਕੜ ਸੁੱਕੀ ਝੋਨੇ ਦੀ ਪਰਾਲੀ ਦੀ ਇਕਸਾਰ ਤਹਿ ਵਿਛਾਉਣ (ਮਲਚਿੰਗ) ਦੀ ਸਿਫ਼ਾਰਸ਼ ਹੈ। ਇਸ ਤਰੀਕੇ ਪਰਾਲੀ ਦੀ ਕੀਤੀ ਮਲਚਿੰਗ ਨਦੀਨਾਂ ਨੂੰ ਉੱਗਣ ਤੋਂ ਰੋਕਦੀ ਹੈ, ਜ਼ਮੀਨ ਦੀ ਨਮੀ ਬਚਾਉਂਦੀ ਹੈ ਅਤੇ ਜ਼ਮੀਨ ਨੂੰ ਪੋਲਾ ਰੱਖਦੀ ਹੈ ਅਤੇ ਝਾੜ ਵਿਚ ਵੀ ਵਾਧਾ ਦੇਖਣ ਨੂੰ ਮਿਲਦਾ ਹੈ। ਉਨ੍ਹਾਂ ਦੱਸਿਆ ਕਿ ਇਸ ਵਿਧੀ ਨੂੰ ਅਪਨਾਉਣ ਲਈ ਲਸਣ, ਆਲੂ, ਮਿਰਚ ਤੇ ਭਿੰਡੀ ਦੇ ਕਾਸ਼ਤਕਾਰ 25 ਕੁਇੰਟਲ ਦੇ ਹਿਸਾਬ ਨਾਲ ਅਤੇ ਹਲਦੀ ਵਿਚ 25 ਤੋਂ 36 ਕੁਇੰਟਲ ਦੇ ਹਿਸਾਬ ਨਾਲ ਝੋਨੇ ਦੀ ਪਰਾਲੀ ਵਿਛਾਉਣ ਨਾਲ ਬਿਹਤਰ ਨਦੀਨ ਪ੍ਰਬੰਧਨ, ਸਿੰਚਾਈ ਪ੍ਰਬੰਧਨ ਅਤੇ ਖਾਦ ਪ੍ਰਬੰਧਨ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਤਰੀਕੇ ਇਕ ਏਕੜ ਦੀ ਝੋਨੇ ਦੀ ਪਰਾਲੀ ਇੱਕ ਏਕੜ ਲਸਣ ਦੇ ਖੇਤ ਵਿਚ ਹੀ ਸੰਭਾਲੀ ਜਾ ਸਕਦੀ ਹੈ। ਇਸੇ ਵਿਧੀ ਨਾਲ ਲਸਣ ਦੀ ਬਿਜਾਈ ਕਰ ਰਹੇ ਪਿੰਡ ਵਾੜਾ ਕਾਲੀ ਰਾਉਣ ਦੇ ਅਗਾਂਹਵਧੂ ਕਿਸਾਨ ਸ. ਗੁਰਚਰਨ ਸਿੰਘ ਦੇ ਮਲਚਿੰਗ ਵਿਧੀ ਵਾਲੇ ਲਸਣ ਦੇ ਖੇਤ ਦਾ ਅਤੇ ਪਿੰਡ ਮਾਹਲੇਵਾਲਾ ਦੇ ਲਖਵਿੰਦਰ ਸਿੰਘ ਅਤੇ ਪਿੰਡ ਖੰਨਾ ਦੇ ਪਰਮਜੀਤ ਸਿੰਘ ਦੇ ਖੇਤਾਂ ਦਾ ਦੌਰਾ ਕੀਤਾ ਗਿਆ। ਆਪਣੇ ਵਿਚਾਰ ਸਾਂਝੇ ਕਰਦਿਆਂ ਕਿਸਾਨਾਂ ਨੇ ਦੱਸਿਆ ਕਿ ਪਰਾਲੀ ਦੀ ਤਹਿ ਵਿਛਾਉਣ ਨਾਲ ਝਾੜ ਵਧਣ ਦੇ ਨਾਲ-ਨਾਲ ਗੁਡਾਈ ਦਾ ਖਰਚ ਵੀ ਘਟਦਾ ਹੈ ਅਤੇ ਇਹ ਵਿਧੀ ਹੋਰਨਾਂ ਕਿਸਾਨਾਂ ਨੂੰ ਵੀ ਅਪਨਾਉਣੀ ਚਾਹੀਦੀ ਹੈ। ਸਿਖਲਾਈ ਕੈਂਪ ਦੌਰਾਨ ਦੀਪਕ ਕੁਮਾਰ, ਪ੍ਰੋਗਰਾਮ ਸਹਾਇਕ (ਮਿੱਟੀ ਅਤੇ ਪਾਣੀ ਪਰਖ ਲੈਬ) ਨੇ ਕਿਸਾਨਾਂ ਨੂੰ ਮਿੱਟੀ ਅਤੇ ਪਾਣੀ ਪਰਖ ਦੇ ਆਧਾਰ ਤੇ ਖਾਦਾਂ ਦੀ ਸੰਤੁਲਿਤ ਵਰਤੋਂ ਕਰਨ ਦੀ ਅਪੀਲ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਕਣਕ ਦੀ ਬਿਜਾਈ ਵੀ ਸੁਪਰ ਸੀਡਰ, ਸਮਾਰਟ ਸੀਡਰ, ਸਰਫੇਸ ਸੀਡਰ, ਮਲਚਰ ਅਤੇ ਪਲੋਅ ਦੀ ਵਰਤੋਂ ਕਰਕੇ ਪਰਾਲੀ ਖੇਤ ਵਿਚ ਸੰਭਾਲਣ ਬਾਰੇ ਵੀ ਜਾਣਕਾਰੀ ਦਿੱਤੀ।