70ਵੀਆਂ ਪੰਜਾਬ ਰਾਜ ਅੰਤਰ-ਜ਼ਿਲ੍ਹਾ ਸਕੂਲ ਖੇਡਾਂ ਵਿੱਚ ਮੋਹਾਲੀ ਬਣਿਆ ਕ੍ਰਿਕਟ ਅੰਡਰ-19 ਲੜਕੀਆਂ ਦਾ ਚੈਂਪੀਅਨ 70ਵੀਆਂ ਪੰਜਾਬ ਰਾਜ ਅੰਤਰ-ਜ਼ਿਲ੍ਹਾ ਸਕੂਲ ਖੇਡਾਂ ਵਿੱਚ ਮੋਹਾਲੀ ਬਣਿਆ ਕ੍ਰਿਕਟ ਅੰਡਰ-19 ਲੜਕੀਆਂ ਦਾ ਚੈਂਪੀਅਨ
Publish Date: Fri, 25 Sep 2026 06:56 PM (IST)
Updated Date: Fri, 25 Sep 2026 06:57 PM (IST)
ਪਰਮਿੰਦਰ ਸਿੰਘ ਥਿੰਦ,ਪੰਜਾਬੀ ਜਾਗਰਣ ਫ਼ਿਰੋਜ਼ਪੁਰ : 70ਵੀਆਂ ਪੰਜਾਬ ਰਾਜ ਅੰਤਰ-ਜ਼ਿਲ੍ਹਾ ਸਕੂਲ ਖੇਡਾਂ (2026-27) ਤਹਿਤ ਕ੍ਰਿਕਟ ਅੰਡਰ-19 ਲੜਕੀਆਂ ਦੇ ਰਾਜ ਪੱਧਰੀ ਮੁਕਾਬਲੇ 22 ਸਤੰਬਰ ਤੋਂ 25 ਸਤੰਬਰ ਤੱਕ ਕਰਵਾਏ ਗਏ। ਇਨ੍ਹਾਂ ਰਾਜ ਪੱਧਰੀ ਮੁਕਾਬਲਿਆਂ ਦੇ ਸਮਾਪਤੀ ਸਮਾਗਮ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ. ਸਿੱ.) ਫ਼ਿਰੋਜ਼ਪੁਰ ਸ੍ਰੀਮਤੀ ਮੁਨੀਲਾ ਅਰੋੜਾ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ. ਸਿੱ.) ਨੈਸ਼ਨਲ ਅਵਾਰਡੀ ਡਾ. ਸਤਿੰਦਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਖਿਡਾਰਨਾਂ ਦੀ ਹੌਸਲਾ ਅਫ਼ਜ਼ਾਈ ਕੀਤੀ।ਟੂਰਨਾਮੈਂਟ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐੱਮ. ਸਪੋਰਟਸ ਅਕਸ਼ ਕੁਮਾਰ ਅਤੇ ਲੈਕਚਰਾਰ ਦਲਬੀਰ ਸਿੰਘ ਨੇ ਦੱਸਿਆ ਕਿ ਰਾਜ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਪਹੁੰਚੀਆਂ ਟੀਮਾਂ ਨੇ ਪੂਰੇ ਉਤਸ਼ਾਹ, ਅਨੁਸ਼ਾਸਨ ਅਤੇ ਖੇਡ ਭਾਵਨਾ ਨਾਲ ਮੁਕਾਬਲਿਆਂ ਵਿੱਚ ਭਾਗ ਲਿਆ ਅਤੇ ਹਰ ਮੈਚ ਦੌਰਾਨ ਖਿਡਾਰਨਾਂ ਵੱਲੋਂ ਸ਼ਾਨਦਾਰ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ ਗਿਆ। ਸ਼ੁੱਕਰਵਾਰ ਨੂੰ ਖੇਡੇ ਗਏ ਫਾਈਨਲ ਮੁਕਾਬਲੇ ਵਿੱਚ ਐੱਸ.ਏ.ਐੱਸ. ਨਗਰ (ਮੋਹਾਲੀ) ਅਤੇ ਕਪੂਰਥਲਾ ਦੀਆਂ ਟੀਮਾਂ ਆਹਮੋ-ਸਾਹਮਣੇ ਹੋਈਆਂ। ਮੋਹਾਲੀ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਤ 15 ਓਵਰਾਂ ਵਿੱਚ 132 ਦੌੜਾਂ ਬਣਾਈਆਂ। ਮੋਹਾਲੀ ਦੀ ਖਿਡਾਰਨ ਪਾਵਨੀ ਕੰਗ ਨੇ ਸ਼ਾਨਦਾਰ ਬੱਲੇਬਾਜ਼ੀ ਦਾ ਪ੍ਰਦਰਸ਼ਨ ਕਰਦਿਆਂ 55 ਗੇਂਦਾਂ ਵਿੱਚ 94 ਦੌੜਾਂ ਦੀ ਨਾਟਆਉਟ ਪਾਰੀ ਖੇਡੀ ਅਤੇ ਆਪਣੀ ਟੀਮ ਦੇ ਸਕੋਰ ਨੂੰ ਮਜ਼ਬੂਤ ਆਧਾਰ ਪ੍ਰਦਾਨ ਕੀਤਾ। ਟੀਚੇ ਦਾ ਪਿੱਛਾ ਕਰਦਿਆਂ ਕਪੂਰਥਲਾ ਦੀ ਟੀਮ 106 ਦੌੜਾਂ ਹੀ ਬਣਾ ਸਕੀ, ਜਿਸ ਨਾਲ ਮੋਹਾਲੀ ਦੀ ਟੀਮ ਨੇ ਸ਼ਾਨਦਾਰ ਜਿੱਤ ਦਰਜ ਕਰਦਿਆਂ ਰਾਜ ਪੱਧਰੀ ਖਿਤਾਬ ਆਪਣੇ ਨਾਮ ਕੀਤਾ ਅਤੇ ਕਪੂਰਥਲਾ ਦੀ ਟੀਮ ਉੱਪ ਜੇਤੂ ਰਹੀ।ਗੇਂਦਬਾਜੀ ਕਰਦਿਆਂ ਕਪਤਾਨ ਹਰਲੀਨ ਅਤੇ ਪਾਵਨੀ ਕੰਗ ਨੇ ਦੋ ਦੋ ਵਿਕਟਾਂ ਹਾਸਲ ਕੀਤੀਆ । ਇਸੇ ਤਰ੍ਹਾਂ ਤੀਜੇ ਸਥਾਨ ਲਈ ਹੋਏ ਮੁਕਾਬਲੇ ਵਿੱਚ ਲੁਧਿਆਣਾ ਦੀ ਟੀਮ ਨੇ ਮੋਗਾ ਨੂੰ ਹਰਾ ਕੇ ਤੀਜਾ ਸਥਾਨ ਹਾਸਲ ਕੀਤਾ। ਮੁਕਾਬਲਿਆਂ ਦੇ ਸਮਾਪਤੀ ਮੌਕੇ ਜੇਤੂ, ਉੱਪ ਜੇਤੂ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੀਆਂ ਟੀਮਾਂ ਦੀਆਂ ਖਿਡਾਰਨਾਂ ਨੂੰ ਮੈਡਲ ਪਾ ਕੇ ਸਨਮਾਨਿਤ ਕੀਤਾ ਗਿਆ, ਜਦਕਿ ਜੇਤੂ ਅਤੇ ਉੱਪ ਜੇਤੂ ਟੀਮਾਂ ਨੂੰ ਸ਼ੀਲਡਾਂ ਪ੍ਰਦਾਨ ਕੀਤੀਆਂ ਗਈਆਂ। ਇਸ ਮੌਕੇ ਅਬਜ਼ਰਵਰ ਸੰਦੀਪ ਕੁਮਾਰੀ ਨੇ ਜ਼ਿਲ੍ਹਾ ਫ਼ਿਰੋਜ਼ਪੁਰ ਵੱਲੋਂ ਕਰਵਾਏ ਗਏ ਰਾਜ ਪੱਧਰੀ ਮੁਕਾਬਲਿਆਂ ਦੇ ਸੁਚੱਜੇ ਪ੍ਰਬੰਧਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਖਿਡਾਰਨਾਂ ਨੂੰ ਬਿਹਤਰ ਖੇਡ ਮਾਹੌਲ ਪ੍ਰਦਾਨ ਕਰਨ ਲਈ ਕੀਤੇ ਗਏ ਪ੍ਰਬੰਧ ਸ਼ਲਾਘਾਯੋਗ ਰਹੇ। ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ. ਸਿੱ.) ਫ਼ਿਰੋਜ਼ਪੁਰ ਮੁਨੀਲਾ ਅਰੋੜਾ ਨੇ ਜੇਤੂ ਅਤੇ ਹੋਰ ਸਥਾਨ ਹਾਸਲ ਕਰਨ ਵਾਲੀਆਂ ਸਾਰੀਆਂ ਖਿਡਾਰਨਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਉਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਨੈਸ਼ਨਲ ਪੱਧਰ ਦੇ ਮੁਕਾਬਲਿਆਂ ਲਈ ਚੁਣੇ ਜਾਣ ਵਾਲੇ ਖਿਡਾਰੀਆਂ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ. ਸਿੱ.) ਨੈਸ਼ਨਲ ਅਵਾਰਡੀ ਡਾ. ਸਤਿੰਦਰ ਸਿੰਘ ਨੇ ਸਮੂਹ ਖਿਡਾਰਨਾਂ, ਅਧਿਆਪਕਾਂ, ਕੋਚਾਂ ਅਤੇ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਨ੍ਹਾਂ ਮੁਕਾਬਲਿਆਂ ਰਾਹੀਂ ਵਿਦਿਆਰਥੀਆਂ ਨੂੰ ਆਪਣੀ ਖੇਡ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲਿਆ ਹੈ ਅਤੇ ਖਿਡਾਰਨਾਂ ਵੱਲੋਂ ਦਿਖਾਈ ਖੇਡ ਭਾਵਨਾ ਅਤੇ ਪ੍ਰਤਿਭਾ ਕਾਬਿਲ-ਏ-ਤਾਰੀਫ਼ ਹੈ। ਇਸ ਮੌਕੇ ਅਬਜ਼ਰਵਰ ਸ੍ਰੀਮਤੀ ਸੰਦੀਪ ਕੁਮਾਰੀ, ਨੇਹਾ ਖਾਨ, ਸ਼ਰਨਜੀਤ ਕੌਰ ਜਲੰਧਰ, ਰਵਿੰਦਰ ਸਿੰਘ ਬਠਿੰਡਾ, ਨਵਿੰਦਰ ਕੁਮਾਰ, ਜਸਵੀਰ ਕੌਰ, ਸੂਰਜ ਪ੍ਰਕਾਸ਼, ਬੀ.ਪੀ.ਈ.ਓ. ਜੀਰਾ ਭੁਪਿੰਦਰ ਸਿੰਘ, ਰਵੀ ਇੰਦਰ ਸਿੰਘ, ਕੋਚ ਕਿਸ਼ਨ ਮਹਿਤਾ ਮੋਹਾਲੀ, ਈਸ਼ਵਰ ਸ਼ਰਮਾ, ਸਰਬਜੀਤ ਸਿੰਘ ਭਾਵੜਾ, ਵਰਿੰਦਰਪਾਲ ਸਿੰਘ, ਮਨਦੀਪ ਕੌਰ, ਅਮਨਦੀਪ ਕੌਰ, ਮਨਪ੍ਰੀਤ ਕੌਰ, ਮੋਨਿਕਾ, ਡਿੰਪਲ, ਅਮਨਦੀਪ, ਗੁਰਸਾਹਿਬ ਸਿੰਘ, ਗੁਰਵਿੰਦਰ ਸਿੰਘ ਮਠਾੜੂ, ਗੁਰਚਰਨ ਸਿੰਘ, ਗੁਰਬਚਨ ਸਿੰਘ ਭੁੱਲਰ, ਤਲਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਸੁਨੀਲ ਕੁਮਾਰ ਬਾਜੇ ਕੇ, ਸਮਸ਼ੇਰ ਸਿੰਘ, ਸੁਰਿੰਦਰ ਸਿੰਘ, ਜੁਗਦੀਪ ਬਰਾੜ, ਕੁਲਦੀਪ ਰਾਜ, ਸ਼ੇਰ ਸਿੰਘ, ਮੁਕੇਸ਼ ਕੁਮਾਰ, ਸੰਦੀਪ ਕੰਬੋਜ, ਨੀਤਿਨ, ਹਰੀਸ਼ ਕੁਮਾਰ, ਸੁਨੀਲ ਕੁਮਾਰ ਸਮੇਤ ਸਿੱਖਿਆ ਵਿਭਾਗ ਦੇ ਅਧਿਕਾਰੀ, ਅਧਿਆਪਕ, ਕੋਚ, ਖਿਡਾਰੀਆਂ ਦੇ ਮਾਪੇ ਅਤੇ ਹੋਰ ਪਤਵੰਤੇ ਹਾਜ਼ਰ ਸਨ।