ਮਨਰੇਗਾ ਸਟਾਫ਼ ਦੀ ਕਲਮ-ਛੋੜ ਹੜਤਾਲ ਸੱਤਵੇਂ ਦਿਨ ਵੀ ਜਾਰੀ
ਮਨਰੇਗਾ ਸਟਾਫ਼ ਦੀ ਕਲਮ-ਛੋੜ ਹੜਤਾਲ ਸੱਤਵੇਂ ਦਿਨ ਵੀ ਜਾਰੀ
Publish Date: Mon, 08 Jun 2026 03:28 PM (IST)
Updated Date: Mon, 08 Jun 2026 03:29 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਬਲਾਕ ਫਿਰੋਜ਼ਪੁਰ ਦੇ ਮਨਰੇਗਾ ਸਟਾਫ਼ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਵਿੱਢੀ ਗਈ ਕਲਮ-ਛੋੜ ਹੜਤਾਲ ਅੱਜ ਸਤਵੇਂ ਦਿਨ ਵੀ ਲਗਾਤਾਰ ਜਾਰੀ ਰਹੀ। ਇਸ ਦੌਰਾਨ ਮੁਲਾਜ਼ਮਾਂ ਵੱਲੋਂ ਹਲਕਾ ਵਿਧਾਇਕ ਰਣਬੀਰ ਸਿੰਘ ਭੁੱਲਰ ਨੂੰ ਇਕ ਮੰਗ ਪੱਤਰ ਸੌਂਪਿਆ ਗਿਆ। ਇਸ ਵਿਚ ਪਿਛਲੇ ਸੱਤ ਮਹੀਨਿਆਂ ਤੋਂ ਰੁਕੀਆਂ ਤਨਖਾਹਾਂ ਤੁਰੰਤ ਜਾਰੀ ਕਰਨ ਅਤੇ ਮਨਰੇਗਾ ਸਟਾਫ਼ ਨੂੰ ਪੰਚਾਇਤੀ ਵਿਭਾਗ ਦੀਆਂ ਖਾਲੀ ਪਈਆਂ ਅਸਾਮੀਆਂ ’ਤੇ ਪੱਕੇ ਤੌਰ ’ਤੇ ਮਰਜ (ਸ਼ਾਮਲ) ਕਰਨ ਦੀ ਪੁਰਜ਼ੋਰ ਮੰਗ ਕੀਤੀ ਗਈ। ਮਨਰੇਗਾ ਕਰਮਚਾਰੀ ਯੂਨੀਅਨ ਵੱਲੋਂ ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਦੇ ਹੱਲ ਲਈ ਸਰਕਾਰ ਖਿਲਾਫ਼ ਮੋਰਚਾ ਖੋਲ੍ਹਿਆ ਹੋਇਆ ਹੈ। ਫਿਰੋਜ਼ਪੁਰ ਬਲਾਕ ਵਿਖੇ ਚੱਲ ਰਹੀ ਇਸ ਹੜਤਾਲ ਦੇ ਸੱਤਵੇਂ ਦਿਨ ’ਚ ਸ਼ਾਮਲ ਹੋ ਗਈ। ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਮੁਲਾਜ਼ਮ ਪਿਛਲੇ ਸੱਤ ਮਹੀਨਿਆਂ ਤੋਂ ਬਿਨ੍ਹਾ ਤਨਖਾਹ ਤੋਂ ਕੰਮ ਕਰਨ ਲਈ ਮਜ਼ਬੂਰ ਹਨ, ਜਿਸ ਕਾਰਨ ਉਨ੍ਹਾਂ ਦੇ ਘਰਾਂ ਦਾ ਗੁਜ਼ਾਰਾ ਚਲਾਉਣਾ ਬੇਹੱਦ ਮੁਸ਼ਕਲ ਹੋ ਗਿਆ ਹੈ। ਆਪਣੀਆਂ ਮੰਗਾਂ ਨੂੰ ਸਰਕਾਰ ਤੱਕ ਪਹੁੰਚਾਉਣ ਲਈ ਯੂਨੀਅਨ ਦੇ ਇਕ ਵਿਸ਼ੇਸ਼ ਵਫ਼ਦ ਨੇ ਹਲਕਾ ਵਿਧਾਇਕ ਰਣਬੀਰ ਸਿੰਘ ਭੁੱਲਰ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਆਪਣਾ ਮੰਗ-ਪੱਤਰ ਦਿੱਤਾ। ਮੁਲਾਜ਼ਮਾਂ ਨੇ ਮੰਗ ਕੀਤੀ ਕਿ ਜਿੱਥੇ ਉਨ੍ਹਾਂ ਦੀਆਂ ਰੁਕੀਆਂ ਹੋਈਆਂ ਤਨਖਾਹਾਂ ਤੁਰੰਤ ਜਾਰੀ ਕੀਤੀਆਂ ਜਾਣ, ਉੱਥੇ ਹੀ ਪੰਚਾਇਤ ਵਿਭਾਗ ਵਿਚ ਖਾਲੀ ਪਏ ਅਹੁਦਿਆਂ ’ਤੇ ਮਨਰੇਗਾ ਸਟਾਫ਼ ਨੂੰ ਐਡਜਸਟ ਕਰਕੇ ਉਨ੍ਹਾਂ ਦਾ ਭਵਿੱਖ ਸੁਰੱਖਿਅਤ ਕੀਤਾ ਜਾਵੇ। ਵਿਧਾਇਕ ਭੁੱਲਰ ਨੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਸੁਣਿਆ ਅਤੇ ਇਸ ਮਸਲੇ ਨੂੰ ਉੱਚ ਪੱਧਰ ’ਤੇ ਉਠਾ ਕੇ ਜਲਦ ਹੱਲ ਕਰਵਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਮੰਗ-ਪੱਤਰ ਸੌਂਪਣ ਸਮੇਂ ਮਨਰੇਗਾ ਕਰਮਚਾਰੀ ਯੂਨੀਅਨ ਦੇ ਸੀਨੀਅਰ ਆਗੂ ਹਰਪਿੰਦਰ ਸਿੰਘ ਟਿੱਬੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਉਨ੍ਹਾਂ ਦੇ ਨਾਲ ਯੂਨੀਅਨ ਦੇ ਉਪ ਪ੍ਰਧਾਨ ਅਖਿਲ ਅਰੋੜਾ ਅਤੇ ਜ਼ਿਲ੍ਹਾ ਪ੍ਰੈਸ ਸਕੱਤਰ ਵਿਕਰਮ ਖੋਖਰ ਨੇ ਵੀ ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾਈ। ਇਸ ਪ੍ਰਦਰਸ਼ਨ ਅਤੇ ਮੰਗ-ਪੱਤਰ ਦੇਣ ਵਾਲੇ ਵਫ਼ਦ ਵਿਚ ਮੀਨੂ ਸ਼ਰਮਾ ਏਪੀਓ ਨਰੇਗਾ, ਵਰਿੰਦਰ ਪਾਲ ਸਿੰਘ ਲੇਖਾਕਾਰ, ਗੁਰਪ੍ਰੀਤ ਕੌਰ, ਮੋਨਿਕਾ ਸ਼ਰਮਾ, ਵੀਰਪਾਲ ਕੌਰ, ਅਮਨਪ੍ਰੀਤ ਕੌਰ, ਗੁਰਪ੍ਰੀਤ ਸਿੰਘ, ਗੁਰਵਿੰਦਰ ਸਿੰਘ, ਰਾਜਨ ਚਿਨਵਾਲ ਅਤੇ ਗੁਰਵਿੰਦਰ ਸਿੰਘ ਭੁੱਲਰ ਬੀਐੱਫਟੀ ਯੂਨੀਅਨ ਸਮੇਤ ਹੋਰ ਮਨਰੇਗਾ ਕਰਮਚਾਰੀ ਹਾਜ਼ਰ ਸਨ। ਮੁਲਾਜ਼ਮਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਵੱਲ ਤੁਰੰਤ ਧਿਆਨ ਨਾ ਦਿੱਤਾ ਗਿਆ ਤਾਂ ਇਹ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।