ਪਿੰਡਾਂ ਦੇ ਸਰਵਪੱਖੀ ਵਿਕਾਸ ਅਤੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਸਰਕਾਰ ਦੀ ਮੁੱਖ ਤਰਜੀਹ : ਭੁੱਲਰ ਵਿਧਾਇਕ ਰਣਬੀਰ ਸਿੰਘ ਭੁੱਲਰ ਵੱਲੋਂ ਕਈ ਪਿੰਡਾਂ ਦਾ ਦੌਰਾ, ਲੋਕਾਂ ਦੀਆਂ ਸੁਣੀਆਂ ਮੁਸ਼ਕਲਾਂ
Publish Date: Tue, 07 Jul 2026 03:53 PM (IST)
Updated Date: Tue, 07 Jul 2026 03:54 PM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਫ਼ਿਰੋਜ਼ਪੁਰ ਸ਼ਹਿਰੀ ਹਲਕੇ ਦੇ ਵਿਧਾਇਕ ਰਣਬੀਰ ਸਿੰਘ ਭੁੱਲਰ ਵੱਲੋਂ ਹਲਕੇ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਕੇ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕੀਤਾ ਗਿਆ। ਆਪਣੇ ਵਿਸ਼ੇਸ਼ ਜਨ-ਸੰਪਰਕ ਮੁਹਿੰਮ ਤਹਿਤ ਉਨ੍ਹਾਂ ਪਿੰਡ ਕਮਾਲਾ ਮਿੱਡੂ, ਫੱਤਾ ਬੋੜਾ, ਗੁਰਦਿੱਤੀ ਵਾਲਾ ਅਤੇ ਜੈਮਲ ਵਾਲਾ ਵਿਖੇ ਵੱਡੀਆਂ ‘ਲੋਕ ਮਿਲਣੀਆਂ’ ਕੀਤੀਆਂ। ਇਸ ਦੌਰਾਨ ਉਨ੍ਹਾਂ ਇਲਾਕਾ ਨਿਵਾਸੀਆਂ ਦੇ ਰੂ-ਬ-ਰੂ ਹੋ ਕੇ ਜਿੱਥੇ ਉਨ੍ਹਾਂ ਦੀਆਂ ਦਰਪੇਸ਼ ਮੁਸ਼ਕਲਾਂ ਨੂੰ ਬੜੇ ਧਿਆਨ ਨਾਲ ਸੁਣਿਆ, ਉੱਥੇ ਹੀ ਪਿੰਡਾਂ ਦੇ ਰੁਕੇ ਪਏ ਵਿਕਾਸ ਕਾਰਜਾਂ ਨੂੰ ਮੁੜ ਲੀਹ ’ਤੇ ਲਿਆਉਣ ਲਈ ਸਥਾਨਕ ਲੋਕਾਂ ਤੋਂ ਕੀਮਤੀ ਸੁਝਾਅ ਵੀ ਲਏ। ਇਨ੍ਹਾਂ ਲੋਕ ਮਿਲਣੀ ਸਮਾਗਮਾਂ ਦੌਰਾਨ ਪਿੰਡਾਂ ਦੇ ਲੋਕਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਵੱਡੀ ਗਿਣਤੀ ਵਿਚ ਇਲਾਕਾ ਵਾਸੀਆਂ ਨੇ ਸ਼ਮੂਲੀਅਤ ਕੀਤੀ। ਇਕੱਤਰ ਹੋਏ ਲੋਕਾਂ ਨੇ ਆਪਣੇ-ਆਪਣੇ ਪਿੰਡਾਂ ਦੇ ਵਿਕਾਸ ਨਾਲ ਸਬੰਧਤ ਵੱਖ-ਵੱਖ ਅਹਿਮ ਮੁੱਦੇ, ਗਲੀਆਂ-ਨਾਲੀਆਂ ਦੀ ਮੁਰੰਮਤ, ਪੀਣ ਵਾਲੇ ਸਾਫ਼ ਪਾਣੀ ਦੀ ਸਹੂਲਤ ਅਤੇ ਹੋਰ ਭਲਾਈ ਸਕੀਮਾਂ ਬਾਰੇ ਮੰਗਾਂ ਵਿਧਾਇਕ ਦੇ ਸਾਹਮਣੇ ਰੱਖੀਆਂ। ਲੋਕਾਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਸੁਣਦਿਆਂ ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਮੌਕੇ ’ਤੇ ਹੀ ਵਿਸ਼ਵਾਸ ਦਿਵਾਇਆ ਕਿ ਹਰ ਇੱਕ ਜਾਇਜ਼ ਮੰਗ ਦਾ ਤਰਜੀਹੀ ਆਧਾਰ ਤੇ ਜਲਦੀ ਹੀ ਨਿਪਟਾਰਾ ਕੀਤਾ ਜਾਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਹਲਕੇ ਦੇ ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਪਿੰਡ ਵਾਸੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕ ਭੁੱਲਰ ਨੇ ਆਖਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਦੇ ਹਰ ਵਰਗ ਅਤੇ ਹਰ ਖੇਤਰ ਦੇ ਸੰਤੁਲਿਤ ਅਤੇ ਸਰਵਪੱਖੀ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਮੁੱਖ ਮਨੋਰਥ ਲੋਕਾਂ ਨੂੰ ਬਿਹਤਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣਾ, ਪ੍ਰਸ਼ਾਸਨਿਕ ਕੰਮਾਂ ਵਿਚ ਪਾਰਦਰਸ਼ਤਾ ਲਿਆਉਣਾ ਅਤੇ ਲੋਕ-ਪੱਖੀ ਸ਼ਾਸਨ ਪ੍ਰਣਾਲੀ ਨੂੰ ਯਕੀਨੀ ਬਣਾਉਣਾ ਹੈ, ਜਿਸ ਲਈ ਸਰਕਾਰ ਵੱਲੋਂ ਦਿਨ-ਰਾਤ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਦੱਸਿਆ ਕਿ ਫ਼ਿਰੋਜ਼ਪੁਰ ਸ਼ਹਿਰੀ ਹਲਕੇ ਦੇ ਹਰ ਇੱਕ ਪਿੰਡ ਅਤੇ ਹਰ ਵਾਰਡ ਤੱਕ ਵਿਕਾਸ ਦੀਆਂ ਸਹੂਲਤਾਂ ਪਹੁੰਚਾਉਣਾ ਮੇਰੀ ਸਭ ਤੋਂ ਪਹਿਲੀ ਜ਼ਿੰਮੇਵਾਰੀ ਅਤੇ ਤਰਜੀਹ ਹੈ। ਆਮ ਲੋਕਾਂ ਦੇ ਸਹਿਯੋਗ ਅਤੇ ਆਪਸੀ ਤਾਲਮੇਲ ਨਾਲ ਵਿਕਾਸ ਦੀ ਇਸ ਰਫ਼ਤਾਰ ਨੂੰ ਭਵਿੱਖ ਵਿੱਚ ਹੋਰ ਵੀ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨੇਕ ਪ੍ਰਤਾਪ ਸਿੰਘ, ਰਾਜ ਬਹਾਦੁਰ ਸਿੰਘ, ਹਿਮਾਂਸ਼ੂ ਠੱਕਰ, ਦਿਲਬਾਗ ਸਿੰਘ ਨੰਡਾ ਚੇਅਰਮੈਨ ਬਲਾਕ ਸੰਮਤੀ ਫਿਰੋਜ਼ਪੁਰ, ਹਰਮੀਤ ਸਿੰਘ ਖਾਈ, ਸੁੁਖਚੈਨ ਸਿੰਘ ਖਾਈ, ਮੇਜਰ ਸਿੰਘ ਕੌਂਸਲਰ ਅਤੇ ਹੋਰ ਵੀ ਹਾਜ਼ਰ ਸਨ।