ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਅਨਾਜ ਮੰਡੀ ਮਹਾਲਮ, ਬਸਤੀ ਵਕੀਲਾਂ ਵਾਲੀ ਅਤੇ ਆਰਿਫ਼ ਕੇ ਵਿਖੇ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ
Publish Date: Tue, 06 Oct 2026 05:00 PM (IST)
Updated Date: Tue, 06 Oct 2026 05:02 PM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਜ਼ਿਲ੍ਹੇ ਦੀਆਂ ਅਨਾਜ ਮੰਡੀਆਂ ਵਿਚ ਝੋਨੇ ਦੀ ਆਮਦ ਹੋਣ ਦੇ ਨਾਲ ਹੀ ਸਰਕਾਰੀ ਖ਼ਰੀਦ ਸ਼ੁਰੂ ਹੋ ਗਈ ਹੈ। ਅੱਜ ਵਿਧਾਨ ਸਭਾ ਹਲਕਾ ਫ਼ਿਰੋਜ਼ਪੁਰ ਸ਼ਹਿਰੀ ਦੇ ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਅਨਾਜ ਮੰਡੀ ਮਹਾਲਮ, ਬਸਤੀ ਵਕੀਲਾਂ ਵਾਲੀ ਅਤੇ ਆਰਿਫ਼ ਕੇ ਵਿਖੇ ਪਹੁੰਚ ਕੇ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ। ਇਸ ਮੌਕੇ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ, ਕਿਸਾਨ ਵੀਰਾਂ ਨੂੰ ਅਨਾਜ ਮੰਡੀਆਂ ਵਿਚ ਹਰ ਸੁਵਿਧਾ ਉਪਲੱਬਧ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸੀਜ਼ਨ ਦੌਰਾਨ ਕਿਸਾਨਾਂ, ਆੜ੍ਹਤੀਆਂ ਅਤੇ ਮਜ਼ਦੂਰਾਂ ਨੂੰ ਮੰਡੀਆਂ ਵਿਚ ਕੋਈ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੰਡੀਆਂ ਵਿਚ ਝੋਨੇ ਦੀ ਆਮਦ, ਖਰੀਦ, ਲਿਫਟਿੰਗ ਅਤੇ ਸਮੇਂ ਸਿਰ ਅਦਾਇਗੀ ਲਈ ਢੁੱਕਵੇਂ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਫ਼ਸਲ ਦੇ ਦਾਣੇ-ਦਾਣੇ ਦੀ ਖਰੀਦ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਮੂਹ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਝੋਨੇ ਦੀ ਖਰੀਦ, ਲਿਫਟਿੰਗ, ਬਾਰਦਾਨੇ ਦੀ ਉਪਲਬੱਧਤਾ, ਟਰਾਂਸਪੋਰਟੇਸ਼ਨ, ਲੇਬਰ ਸਮੇਤ ਬਿਜਲੀ, ਪੀਣ ਲਈ ਸਾਫ਼ ਪਾਣੀ, ਸਾਫ਼ ਸਫ਼ਾਈ, ਪਖਾਨਿਆਂ ਦੀ ਸੁਵਿਧਾ ਸਬੰਧੀ ਕੋਈ ਵੀ ਲਾਪਰਵਾਹੀ ਨਾ ਵਰਤਣ ਅਤੇ ਸਰਕਾਰ ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਨ ਦੇ ਸਪੱਸ਼ਟ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਉਹ ਫ਼ਸਲ ਪੂਰੀ ਤਰ੍ਹਾਂ ਪੱਕ ਜਾਣ ’ਤੇ ਹੀ ਵਾਢੀ ਕਰਨ, ਤਾਂ ਜੋ ਨਿਰਧਾਰਿਤ 17 ਫ਼ੀਸਦੀ ਤੋਂ ਵੱਧ ਨਮੀ ਦੀ ਮਾਤਰਾ ਨਾ ਹੋਵੇ। ਉਨ੍ਹਾਂ ਨੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ, ਖੇਤੀਬਾੜੀ ਵਿਭਾਗ ਵੱਲੋਂ ਉਪਲੱਬਧ ਮਸ਼ੀਨਰੀ ਦੀ ਵਰਤੋਂ ਕਰਕੇ ਜ਼ਿੰਮੇਵਾਰੀ ਨਾਲ ਫ਼ਸਲ ਦੀ ਰਹਿੰਦ-ਖੂਹੰਦ ਦਾ ਪ੍ਰਬੰਧਨ ਕਰਨ ਦੀ ਅਪੀਲ ਵੀ ਕੀਤੀ ਤਾਂ ਜੋ ਵਾਤਾਵਰਣ ਪ੍ਰਦੂਸ਼ਿਤ ਨਾ ਹੋਵੇ। ਇਸ ਮੌਕੇ ਰਾਜ ਬਹਾਦੁਰ ਸਿੰਘ ਗਿੱਲ, ਹਿਮਾਂਸ਼ੂ ਠੱਕਰ, ਦਿਲਬਾਗ ਸਿੰਘ ਨੰਡਾ ਚੇਅਰਮੈਨ ਬਲਾਕ ਸੰਮਤੀ, ਹਰਮੀਤ ਸਿੰਘ ਸੰਧੂ ਚੇਅਰਮੈਨ ਮਾਰਕੀਟ ਕਮੇਟੀ ਫਿਰੋਜ਼ਪੁਰ ਸ਼ਹਿਰ, ਸੁਖਚੈਨ ਸਿੰਘ ਖਾਈ ਮੈਂਬਰ ਬਲਾਕ ਸੰਮਤੀ, ਲਖਵਿੰਦਰ ਸਿੰਘ ਕੌਂਸਲਰ, ਨਰੇਸ਼ ਕੰਤੋੜ ਕੌਸਲਰ, ਮੇਜਰ ਸਿੰਘ ਕੌਂਸਲਰ,ਐਲਵਿਨ ਭੱਟੀ, ਬੋਹੜ ਸਿੰਘ ਮੈਂਬਰ ਜ਼ਿਲ੍ਹਾ ਪਰੀਸ਼ਦ, ਗੁਰਭੇਜ ਸਿੰਘ ਅਤੇ ਹੋਰ ਵੀ ਹਾਜ਼ਰ ਸਨ।