ਸ਼ਹੀਦਾਂ ਦੇ ਵਿਖਾਏ ਰਾਹ ’ਤੇ ਚੱਲਣਾ ਹੀ ਸੱਚੀ ਸ਼ਰਧਾਂਜਲੀ : ਵਿਧਾਇਕ ਭੁੱਲਰ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਵਸ ’ਤੇ ਵਿਧਾਇਕ ਰਣਬੀਰ ਭੁੱਲਰ ਦੇਣਗੇ ਸੱਚੀ ਸ਼ਰਧਾਂਜਲੀ
Publish Date: Sun, 27 Sep 2026 05:33 PM (IST)
Updated Date: Sun, 27 Sep 2026 05:36 PM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਬੀਤੇ ਕਈ ਦਹਾਕਿਆਂ ਤੋਂ ਅਕਸਰ ਹੀ ਚਰਚਾ ਵਿੱਚ ਰਹਿੰਦੇ ਸ਼ਹਿਰ ਦੇ ਮੁਲਤਾਨੀ ਗੇਟ ਸਥਿੱਤ ਚੌਂਕ ਦਾ ਹੁਣ ਕਾਇਆ ਕਲਪ ਹੋਣ ਜਾ ਰਿਹਾ ਹੈ। ਦੇਸ਼ ਦੇ ਮਹਾਨ ਕ੍ਰਾਂਤੀਕਾਰੀ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਵਸ ਦੇ ਸ਼ੁਭ ਮੋਕੇ ਤੇ ਇਸ ਸਬੰਧੀ ਸੋਮਵਾਰ ਸਵੇਰੇ ਫ਼ਿਰੋਜ਼ਪੁਰ ਸ਼ਹਿਰ ਵਿਖੇ ਇੱਕ ਵਿਸ਼ੇਸ਼ ਅਤੇ ਯਾਦਗਾਰੀ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਖ਼ਾਸ ਮੌਕੇ ’ਤੇ ਹਲਕਾ ਵਿਧਾਇਕ ਰਣਬੀਰ ਸਿੰਘ ਭੁੱਲਰ ਫ਼ਿਰੋਜ਼ਪੁਰ ਸ਼ਹਿਰ ਦੇ ਮੁਲਤਾਨੀ ਗੇਟ ਚੌਂਕ ਵਿਖੇ ਸਥਿਤ ਸਰਦਾਰ ਭਗਤ ਸਿੰਘ ਜੀ ਦੇ ਛੋਟੇ ਤਿੰਨ ਫੁੱਟ ਦੇ ਬੁੱਤ ਦੀ ਜਗ੍ਹਾ ਵੱਡਾ ਅਤੇ ਹੋਰ ਆਕਰਸ਼ਕ ਬੁੱਤ ਲਗਾ ਕੇ ਨਵੇਂ ਰੂਪ ਵਿੱਚ ਸਥਾਪਿਤ ਕਰਨ ਜਾ ਰਹੇ ਹਨ । ਇਸ ਸਬੰਧੀ ਜਾਣਕਾਰੀ ਦਿੰਦਿਆਂ ਫ਼ਿਰੋਜ਼ਪੁਰ ਸ਼ਹਿਰੀ ਹਲਕੇ ਦੇ ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਦੱਸਿਆ ਕਿ ਫ਼ਿਰੋਜ਼ਪੁਰ ਦੀ ਇਹ ਪਵਿੱਤਰ ਧਰਤੀ ਸ਼ਹੀਦਾਂ ਦੀ ਧਰਤੀ ਵਜੋਂ ਜਾਣੀ ਜਾਂਦੀ ਹੈ। ਸ਼ਹੀਦ ਭਗਤ ਸਿੰਘ ਜੀ ਦੀਆਂ ਯਾਦਾਂ, ਕੁਰਬਾਨੀਆਂ, ਬਹਾਦਰੀ ਅਤੇ ਦੇਸ਼ ਪ੍ਰਤੀ ਅਥਾਹ ਸਮਰਪਣ ਸਾਡੇ ਸਾਰਿਆਂ ਲਈ ਸਦਾ ਪ੍ਰੇਰਣਾ ਦਾ ਸਰੋਤ ਰਹੇਗਾ। ਉਨ੍ਹਾਂ ਦੀ ਅਜ਼ੀਮ ਵਿਰਾਸਤ ਨੂੰ ਸਤਿਕਾਰ ਅਤੇ ਸਨਮਾਨ ਦੇਣ ਦੇ ਉਦੇਸ਼ ਨਾਲ ਹੀ ਮੁਲਤਾਨੀ ਗੇਟ ਚੌਂਕ ਦੇ ਸੁੰਦਰੀਕਰਨ ਅਤੇ ਪ੍ਰਤਿਮਾ ਨੂੰ ਵੱਡਾ ਕਰਨ ਦਾ ਇਹ ਉਪਰਾਲਾ ਕੀਤਾ ਗਿਆ ਹੈ। ਵਿਧਾਇਕ ਭੁੱਲਰ ਨੇ ਸ਼ਹਿਰ ਵਾਸੀਆਂ ਨੂੰ ਇਸ ਇਤਿਹਾਸਕ ਅਤੇ ਯਾਦਗਾਰੀ ਮੌਕੇ ਦਾ ਹਿੱਸਾ ਬਣਨ ਲਈ ਭਾਵਪੂਰਤ ਅਪੀਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਹ ਸਮਾਗਮ 28 ਸਤੰਬਰ 2026 ਨੂੰ ਸਵੇਰੇ 10 ਵਜੇ ਮੁਲਤਾਨੀ ਗੇਟ, ਫ਼ਿਰੋਜ਼ਪੁਰ ਵਿਖੇ ਕਰਵਾਇਆ ਜਾਵੇਗਾ। ਉਨ੍ਹਾਂ ਫ਼ਿਰੋਜ਼ਪੁਰ ਦੇ ਸਮੂਹ ਨਿਵਾਸੀਆਂ, ਪਾਰਟੀ ਵਰਕਰਾਂ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਵਧ-ਚੜ੍ਹ ਕੇ ਪਹੁੰਚਣ ਦੀ ਅਪੀਲ ਕੀਤੀ ਤਾਂ ਜੋ ਸ਼ਹੀਦ-ਏ-ਆਜ਼ਮ ਦੀ ਲਾਸਾਨੀ ਸ਼ਹਾਦਤ ਨੂੰ ਨਮਨ ਕੀਤਾ ਜਾ ਸਕੇ। ਇਸ ਮੋਕੇ ਹੋਰਨਾਂ ਤੋਂ ਇਲਾਵਾ ਰਾਜਬਹਾਦੁਰ ਸਿੰਘ ਗਿੱਲ, ਹਿਮਾਂਸ਼ੂ ਠੱਕਰ, ਦਿਲਬਾਗ ਸਿੰਘ ਨੰਡਾ ਚੇਅਰਮੈਨ ਬਲਾਕ ਸੰਮਤੀ, ਹਰਮੀਤ ਸਿੰਘ ਸੰਧੂ ਚੇਅਰਮੈਨ ਮਾਰਕੀਟ ਕਮੇਟੀ ਫਿਰੋਜ਼ਪੁਰ ਸ਼ਹਿਰ, ਸੁਖਚੈਨ ਸਿੰਘ ਖਾਈ ਮੈਂਬਰ ਬਲਾਕ ਸੰਮਤੀ, ਲਖਵਿੰਦਰ ਸਿੰਘ ਕੌਂਸਲਰ,ਨਰੇਸ਼ ਕੰਤੋੜ ਕੌਸਲਰ, ਮੇਜਰ ਸਿੰਘ ਕੌਂਸਲਰ,ਐਲਵਿਨ ਭੱਟੀ, ਬੋਹੜ ਸਿੰਘ ਮੈਂਬਰ ਜ਼ਿਲ੍ਹਾ ਪਰੀਸ਼ਦ, ਗੁਰਭੇਜ ਸਿੰਘ ਅਤੇ ਹੋਰ ਵੀ ਹਾਜ਼ਰ ਸਨ।