
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਹਰਿਦੁਆਰ–ਰਿਸ਼ੀਕੇਸ਼ ਤੀਰਥ ਯਾਤਰਾ ਦੀ ਵਿਧਾਇਕ ਰਣਬੀਰ ਭੁੱਲਰ ਨੇ ਕੀਤੀ ਸ਼ੁਰੂਆਤ

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੰਗਤ ਦੀਆਂ ਧਾਰਮਿਕ ਭਾਵਨਾਵਾਂ ਦਾ ਪੂਰਨ ਸਤਿਕਾਰ ਕਰਦਿਆਂ ਹਰਿਦੁਆਰ ਅਤੇ ਰਿਸ਼ੀਕੇਸ਼ ਲਈ ਵਿਸ਼ੇਸ਼ ਤੀਰਥ ਯਾਤਰਾ ਦੀ ਸ਼ੁਰੂਆਤ ਕੀਤੀ ਗਈ ਹੈ। ਹਲਕਾ ਸ਼ਹਿਰੀ ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਹਰੀ ਝੰਡੀ ਦਿਖਾ ਕੇ 32 ਸੀਟਾਂ ਵਾਲੀ ਆਧੁਨਿਕ ਏ.ਸੀ. ਸਲੀਪਰ ਬੱਸ ਨੂੰ ਰਵਾਨਾ ਕੀਤਾ। ਇਹ ਯਾਤਰਾ 2 ਦਿਨ ਅਤੇ 3 ਰਾਤਾਂ ਦੀ ਹੋਵੇਗੀ, ਜਿਸ ਵਿਚ ਸ਼ਰਧਾਲੂਆਂ ਲਈ ਰਹਿਣ, ਖਾਣ-ਪੀਣ ਅਤੇ ਸੁਰੱਖਿਅਤ ਸਫ਼ਰ ਦੀ ਮੁਫ਼ਤ ਸੁਵਿਧਾ ਉਪਲਬੱਧ ਕਰਵਾਈ ਗਈ ਹੈ। ਪੰਜਾਬ ਸਰਕਾਰ ਵੱਲੋਂ ਚਲਾਈ ਗਈ ਇਸ ਯਾਤਰਾ ਦਾ ਮੁੱਖ ਮਕਸਦ ਸ਼ਰਧਾਲੂਆਂ ਨੂੰ ਬਿਨਾਂ ਕਿਸੇ ਖੇਚਲ ਤੋਂ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣਾ ਹੈ। ਯਾਤਰਾ ਦੌਰਾਨ 2 ਦਿਨ ਅਤੇ 3 ਰਾਤਾਂ ਲਈ ਸ਼ਰਧਾਲੂਆਂ ਦੇ ਠਹਿਰਨ ਲਈ ਵਧੀਆ ਹੋਟਲਾਂ ਦੀ ਸੁਵਿਧਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਪੂਰੀ ਯਾਤਰਾ ਦੌਰਾਨ ਸ਼ੁੱਧ ਅਤੇ ਸੁਆਦਲੇ ਭੋਜਨ ਦਾ ਪ੍ਰਬੰਧ ਵੀ ਸਰਕਾਰ ਵੱਲੋਂ ਕੀਤਾ ਗਿਆ ਹੈ। ਸ਼ਰਧਾਲੂਆਂ ਦੀ ਸੁਰੱਖਿਆ ਅਤੇ ਸੁਖਦ ਅਨੁਭਵ ਨੂੰ ਸਭ ਤੋਂ ਪਹਿਲੀ ਤਰਜੀਹ ਦਿੱਤੀ ਗਈ ਹੈ, ਹਰੇਕ ਯਾਤਰੀ ਨਿਰਭੈ ਹੋ ਕੇ ਆਪਣੇ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰ ਸਕੇ। ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਬੱਸ ਨੂੰ ਰਵਾਨਾ ਕਰਦਿਆਂ ਆਖਿਆ ਕਿ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਦੀ ਸੇਵਾ, ਆਸਥਾ ਦੇ ਸਤਿਕਾਰ ਅਤੇ ਪੰਜਾਬ ਦੀ ਤਰੱਕੀ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਧਾਰਮਿਕ ਯਾਤਰਾਵਾਂ ਨਾਲ ਜਿੱਥੇ ਆਪਸੀ ਭਾਈਚਾਰਕ ਸਾਂਝ ਮਜ਼ਬੂਤ ਹੁੰਦੀ ਹੈ, ਉੱਥੇ ਹੀ ਲੋਕਾਂ ਨੂੰ ਆਪਣੇ ਪਵਿੱਤਰ ਧਾਰਮਿਕ ਅਸਥਾਨਾਂ ਨਾਲ ਜੁੜਨ ਦਾ ਸੁਨਹਿਰੀ ਮੌਕਾ ਮਿਲਦਾ ਹੈ। ਸੰਗਤ ਨੇ ਇਸ ਉਪਰਾਲੇ ਲਈ ਪੰਜਾਬ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਦਾ ਵਿਸ਼ੇਸ਼ ਧੰਨਵਾਦ ਕੀਤਾ।