
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਵਿਧਾਇਕ ਰਣਬੀਰ ਭੁੱਲਰ ਵੱਲੋਂ ਪਿੰਡ ਖਾਈ ਅਤੇ ਮਾਛੀਵਾੜਾ ਵਿੱਚ ਨਵੇਂ ਖੇਡ ਮੈਦਾਨਾਂ ਦਾ ਕੀਤਾ ਗਿਆ ਉਦਘਾਟਨ

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਪੰਜਾਬ ਸਰਕਾਰ ਵੱਲੋਂ ਸੂਬੇ ਵਿਚ ਖੇਡਾਂ ਦੀ ਪੁਨਰ-ਸੁਰਜੀਤੀ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਹਲਕਾ ਫਿਰੋਜ਼ਪੁਰ ਸ਼ਹਿਰੀ ਦੇ ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਵੱਡਾ ਉਪਰਾਲਾ ਕੀਤਾ ਹੈ। ਸੂਬੇ ਭਰ ਵਿੱਚ ਉਸਾਰੇ ਜਾ ਰਹੇ 3100 ਨਵੇਂ ਖੇਡ ਮੈਦਾਨਾਂ ਦੀ ਲੜੀ ਦੇ ਹਿੱਸੇ ਵਜੋਂ, ਬਲਾਕ ਫਿਰੋਜ਼ਪੁਰ ਦੇ ਪਿੰਡ ਖਾਈ ਅਤੇ ਮਾਛੀਵਾੜਾ-104 ਵਿਖੇ ਤਿਆਰ ਕੀਤੇ ਗਏ ਨਵੇਂ ਖੇਡ ਮੈਦਾਨਾਂ ਦਾ ਰਸਮੀ ਉਦਘਾਟਨ ਕੀਤਾ ਗਿਆ। ਇਸ ਦੌਰਾਨ ਸਥਾਨਕ ਨੌਜਵਾਨਾਂ ਅਤੇ ਪਿੰਡ ਵਾਸੀਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਉਦਘਾਟਨੀ ਸਮਾਰੋਹ ਦੌਰਾਨ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਅਤੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੇ ਵਿਸ਼ੇਸ਼ ਸਹਿਯੋਗ ਨਾਲ ਪੰਜਾਬ ਦੇ ਪਿੰਡਾਂ ਵਿੱਚ ਖੇਡ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾ ਜਾ ਰਹਾ ਹੈ। ਉਨ੍ਹਾਂ ਕਿਹਾ ਕਿ ਇਹ ਨਵੇਂ ਖੇਡ ਮੈਦਾਨ ਨਾ ਕੇਵਲ ਨੌਜਵਾਨਾਂ ਨੂੰ ਆਪਣੀ ਖੇਡ ਪ੍ਰਤਿਭਾ ਨਿਖਾਰਨ ਦਾ ਵਧੀਆ ਅਵਸਰ ਪ੍ਰਦਾਨ ਕਰਨਗੇ, ਸਗੋਂ ਉਨ੍ਹਾਂ ਨੂੰ ਸਿਹਤਮੰਦ ਅਤੇ ਅਨੁਸ਼ਾਸਨਬੱਧ ਜੀਵਨਸ਼ੈਲੀ ਅਪਣਾਉਣ ਲਈ ਵੀ ਪ੍ਰੇਰਿਤ ਕਰਨਗੇ। ਵਿਧਾਇਕ ਭੁੱਲਰ ਨੇ ਦੋਵਾਂ ਪਿੰਡਾਂ ਦੀਆਂ ਪੰਚਾਇਤਾਂ, ਨੌਜਵਾਨਾਂ ਅਤੇ ਨਿਵਾਸੀਆਂ ਨੂੰ ਇਸ ਨਵੀਂ ਸਹੂਲਤ ਦੀ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਖ ਮਨੋਰਥ ਸੂਬੇ ਦੇ ਹਰ ਪਿੰਡ ਤੱਕ ਵਧੀਆ ਖੇਡ ਸਹੂਲਤਾਂ ਪਹੁੰਚਾਉਣਾ ਹੈ ਤਾਂ ਜੋ ਨੌਜਵਾਨਾਂ ਦੀ ਊਰਜਾ ਨੂੰ ਹਾਂਵਾਚੀ ਦਿਸ਼ਾ ਵੱਲ ਮੋੜਿਆ ਜਾ ਸਕੇ। ਪਿੰਡਾਂ ਵਿੱਚ ਮਾਨਕ ਖੇਡ ਮੈਦਾਨਾਂ ਦੇ ਬਣਨ ਨਾਲ ਪਿੰਡਾਂ ਵਿੱਚੋਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਪੈਦਾ ਹੋਣਗੇ। ਇਸ ਮੌਕੇ ਉਨ੍ਹਾਂ ਭਰੋਸਾ ਦਿਵਾਇਆ ਕਿ ਖੇਤਰ ਦੇ ਵਿਕਾਸ ਅਤੇ ਨੌਜਵਾਨਾਂ ਦੇ ਸੁਨਹਿਰੀ ਭਵਿੱਖ ਲਈ ਅਜਿਹੇ ਪ੍ਰੋਜੈਕਟ ਭਵਿੱਖ ਵਿਚ ਵੀ ਜਾਰੀ ਰਹਿਣਗੇ। ਇਸ ਮੌਕੇ ਨੇਕ ਪ੍ਰਤਾਪ ਸਿੰਘ, ਰਾਜ ਬਹਾਦੁਰ ਸਿੰਘ, ਹਿਮਾਂਸ਼ੂ ਠੱਕਰ, ਦਿਲਬਾਗ ਸਿੰਘ ਨੰਡਾ ਚੇਅਰਮੈਨ ਬਲਾਕ ਸੰਮਤੀ ਫਿਰੋਜ਼ਪੁਰ, ਹਰਮੀਤ ਸਿੰਘ ਖਾਈ, ਸੁੁਖਚੈਨ ਸਿੰਘ ਖਾਈ, ਮੇਜਰ ਸਿੰਘ ਕੌਂਸਲਰ ਤੋਂ ਇਲਾਵ ਪੰਚਾਇਤ ਮੈਂਬਰ, ਖੇਡ ਪ੍ਰੇਮੀ ਅਤੇ ਪਿੰਡ ਦੇ ਪਤਵੰਤੇ ਸੱਜਣ ਹਾਜ਼ਰ ਸਨ।