ਬਿਮਾਰਾਂ ਦੇ ਇਲਾਜ ’ਚ ਕੋਈ ਕਮੀ ਨਹੀਂ ਛੱਡੀ ਜਾਵੇਗੀ, ਹੋਵੇਗਾ ਮੁਫ਼ਤ ਇਲਾਜ : ਦਹੀਆ
ਵਿਧਾਇਕ ਰਜਨੀਸ਼ ਦਹੀਆ ਨੇ ਪਿੰਡ ਹਜ਼ਾਰਾ ਸਿੰਘ ਵਾਲਾ ਵਿਖੇ ਪਹੁੰਚ ਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਦਿੱਤੇ ਜ਼ਰੂਰੀ ਨਿਰਦੇਸ਼
Publish Date: Sun, 29 Mar 2026 05:44 PM (IST)
Updated Date: Sun, 29 Mar 2026 05:45 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਵਿਧਾਨ ਸਭਾ ਹਲਕਾ ਫਿਰੋਜ਼ਪੁਰ ਦਿਹਾਤੀ ਦੇ ਵਿਧਾਇਕ ਰਜਨੀਸ਼ ਕੁਮਾਰ ਦਹੀਆ ਵੱਲੋਂ ਪਿੰਡ ਹਜ਼ਾਰਾ ਸਿੰਘ ਵਾਲਾ ਵਿਖ਼ੇ ਪਹੁੰਚ ਕੇ ਦੂਸ਼ਿਤ ਪਾਣੀ ਪੀਣ ਕਾਰਨ ਬੀਮਾਰ ਹੋਏ ਪਿੰਡ ਵਾਸੀਆਂ ਦੇ ਇਲਾਜ ਅਤੇ ਹੋਰ ਜ਼ਰੂਰੀ ਸਹੂਲਤਾਂ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਕ੍ਰਿਸ਼ਨਾ ਪਾਲ ਰਾਜਪੂਤ ਵੀ ਹਾਜ਼ਰ ਸਨ। ਵਿਧਾਇਕ ਰਜਨੀਸ਼ ਕੁਮਾਰ ਦੀਆਂ ਨੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ ਕਿਹਾ ਕਿ ਪਿੰਡ ਵਿਚ ਮੈਡੀਕਲ ਕੈਂਪ, ਲੋਕਾਂ ਦੀ ਸਿਹਤ ਜਾਂਚ ਅਤੇ ਪੀਣ ਵਾਲਾ ਸਾਫ ਪਾਣੀ ਮੁਹੱਈਆ ਹਰ ਵੇਲੇ ਹੋਣਾ ਚਾਹੀਦਾ ਹੈ ਅਤੇ ਪਿੰਡ ਵਾਸੀਆਂ ਨੂੰ ਕਿਸੇ ਤਰ੍ਹਾਂ ਦੀ ਮੁਢਲੀ ਸਹੂਲਤ ਤੋਂ ਪ੍ਰੇਸ਼ਾਨੀ ਨਹੀਂ ਆਉਣੀ ਚਾਹੀਦੀ। ਵਿਧਾਇਕ ਰਜਨੀਸ਼ ਕੁਮਾਰ ਦਹੀਆ ਨੇ ਇਸ ਮੌਕੇ ਮਰੀਜ਼ਾਂ ਦਾ ਸਿਹਤ ਵਿਭਾਗ ਦੇ ਅਧਿਕਾਰੀਆਂ ਤੋਂ ਹਾਲ ਜਾਣਿਆ, ਉਨ੍ਹਾਂ ਨੇ ਇਸ ਦੌਰਾਨ ਡਾਕਟਰਾਂ ਨਾਲ ਗੱਲਬਾਤ ਕਰਕੇ ਮਰੀਜ਼ਾਂ ਦੇ ਹੋ ਰਹੇ ਇਲਾਜ ਸਬੰਧੀ ਜਾਣਕਾਰੀ ਲਈ ਅਤੇ ਉਨ੍ਹਾਂ ਨੂੰ ਨਿਰਦੇਸ਼ ਵੀ ਦਿੱਤੇ ਕਿ ਇਨ੍ਹਾਂ ਮਰੀਜ਼ਾਂ ਦੇ ਇਲਾਜ ਵਿਚ ਕਿਸੇ ਤਰ੍ਹਾਂ ਦੀ ਕਮੀ ਨਹੀਂ ਰਹਿਣੀ ਚਾਹੀਦੀ। ਇਸ ਮੌਕੇ ਵਿਧਾਇਕ ਦਹੀਆ ਨੇ ਪਿੰਡ ਵਾਸੀਆਂ ਨਾਲ ਵੀ ਗੱਲਬਾਤ ਕੀਤੀ ਅਤੇ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਇਸ ਘੜੀ ਵਿਚ ਪੂਰੀ ਤਰ੍ਹਾਂ ਉਨ੍ਹਾਂ ਦੇ ਨਾਲ ਖੜ੍ਹਾ ਹੈ ਅਤੇ ਮਰੀਜ਼ਾਂ ਦੇ ਇਲਾਜ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ।