- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਧਾਇਕ ਰਜਨੀਸ਼ ਦਹੀਯਾ ਨੇ ਮਮਦੋਟ ਅਤੇ ਮੁੱਦਕੀ ਦੀਆਂ ਬਣਨ ਵਾਲੀਆਂ ਸੜਕਾਂ ਦਾ ਮੁੱਦਾ ਵਿਧਾਨ ਸਭਾ ਵਿੱਚ ਉਠਾਇਆ

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ : ਹਲਕਾ ਵਿਧਾਇਕ ਫ਼ਿਰੋਜ਼ਪੁਰ ਦਿਹਾਤੀ ਰਜਨੀਸ਼ ਕੁਮਾਰ ਦਹੀਯਾ ਨੇ ਮਮਦੋਟ ਅਤੇ ਮੁੱਦਕੀ ਦੀਆਂ ਬਣਨ ਵਾਲੀਆਂ ਸੜਕਾਂ ਦਾ ਮੁੱਦਾ ਪੰਜਾਬ ਵਿਧਾਨ ਸਭਾ ਵਿੱਚ ਉਠਾਇਆ ਜਿਸ ਤੇ ਸਬੰਧਤ ਵਿਭਾਗ ਦੇ ਮੰਤਰੀ ਡਾ. ਹਰਭਜਨ ਸਿੰਘ ਈ.ਟੀ.ਓ. ਵੱਲੋਂ ਆਪਣਾ ਜਵਾਬ ਦਿੱਤਾ ਗਿਆ। ਵਿਧਾਇਕ ਦਹੀਯਾ ਨੇ ਸਵਾਲ ’ਤੇ ਕੈਬਨਿਟ ਮੰਤਰੀ ਵੱਲੋਂ ਦੱਸਿਆ ਗਿਆ ਕਿ 31 ਅਕਤੂਬਰ ਤੱਕ ਸੜਕਾਂ ਦੇ ਕੰਮ ਮੁਕੰਮਲ ਕਰ ਦਿੱਤੇ ਜਾਣਗੇ। ਵਿਧਾਇਕ ਰਜਨੀਸ਼ ਕੁਮਾਰ ਦਹੀਯਾ ਵੱਲੋਂ ਵਿਧਾਨ ਸਭਾ ਵਿੱਚ ਮੁੱਦਕੀ ਅਤੇ ਮਮਦੋਟ ਦੀਆਂ ਬਣਨ ਵਾਲੀਆਂ ਸੜਕਾਂ ਦੇ ਕੀਤੇ ਗਏ ਸੁਆਲ ਦੇ ਜਵਾਬ ਦਿੰਦਿਆਂ ਕੈਬਨਿਟ ਮੰਤਰੀ ਡਾ. ਹਰਭਜਨ ਸਿੰਘ ਈ.ਟੀ.ਓ. ਨੇ ਕਿਹਾ ਕਿ ਫਿਰੋਜ਼ਪੁਰ ਦਿਹਾਤੀ ਹਲਕੇ ਦੇ ਮੁਦਕੀ ਕਸਬੇ ਦੀਆਂ ਲਿੰਕ ਸੜਕਾਂ ਦੀ ਉਸਾਰੀ ਅਤੇ ਰੱਖ ਰਖਾਵ ਦਾ ਕੰਮ ਮਹਿਕਮਾ ਪੰਜਾਬ ਮੰਡੀ ਬੋਰਡ ਫਿਰੋਜ਼ਪੁਰ ਵੱਲੋਂ ਕੀਤਾ ਜਾਂਦਾ ਤੇ ਮਮਦੋਟ ਕਸਬੇ ਅਧੀਨ ਪੈਂਦੀਆਂ ਸੜਕਾਂ ਜਿਨਾਂ ਦੀ ਉਸਾਰੀ ਦਾ ਤੇ ਰੱਖ ਰਖਾਵ ਦਾ ਕੰਮ ਮਹਿਕਮਾ ਲੋਕ ਨਿਰਮਾਣ ਵਿਭਾਗ ਵੱਲੋਂ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਮਮਦੋਟ ਕਸਬੇ ਵਿੱਚ ਸੀਵਰੇਜ ਵਿਭਾਗ ਵੱਲ ਨੂੰ ਕੁੱਲ ਪੰਜ ਸੜਕਾਂ ਉੱਪਰ ਸੀਵਰੇਜ ਪਾਇਆ ਗਿਆ ਇਹਨਾਂ ਸੜਕਾਂ ਵਿੱਚੋਂ ਤਿੰਨ ਸੜਕਾਂ ਵੱਖ-ਵੱਖ ਸਕੀਮਾਂ ਤਹਿਤ ਪ੍ਰਵਾਨ ਹੋਈਆਂ ਹਨ। ਜਿਨਾਂ ਦੇ ਕੰਮ ਸੰਬੰਧਿਤ ਠੇਕੇਦਾਰ ਏਜੰਸੀਆਂ ਨੂੰ 8 ਕਰੋੜ 10 ਲੱਖ 92000 ਰੁਪਏ ਅਲਾਟ ਕੀਤੇ ਗਏ ਹਨ ਅਤੇ ਇਹਨਾਂ ਵਿੱਚੋਂ ਇੱਕ ਸੜਕ ਅਲਫੂ ਕੇ ਲਿੰਕ ਸੜਕ ਦਾ ਕੰਮ ਹੋ ਚੁੱਕਾ ਹੈ ਬਾਕੀ ਦੋ ਸੜਕਾਂ ਤੇ ਮੌਕੇ ਤੇ ਕੰਮ ਪ੍ਰਗਤੀ ਅਧੀਨ ਹੈ ਇਹ ਕੰਮ 31 ਅਕਤੂਬਰ 2026 ਤੱਕ ਮੁਕੰਮਲ ਕਰ ਲਏ ਜਾਣਗੇ। ਉਨ੍ਹਾਂ ਕਿਹਾ ਕਿ ਬਾਕੀ ਰਹਿੰਦੀਆਂ ਦੋ ਸੜਕਾਂ ਫਿਰਨੀ ਪਿੰਡ ਮਮਦੋਟ ਜਿਸ ਦੀ ਰਿਪੇਅਰ ਦੀ ਲਾਗਤ 7 ਲੱਖ 34 ਹਜ਼ਾਰ ਹੈ ਤੇ ਮਮਦੋਟ ਤੋਂ ਦੋਨਾਂ ਰਹਿਮਤ ਵਾਲਾ ਜਿਸ ਦੀ ਰਿਪੇਅਰ ਦੀ ਲਾਗਤ 7 ਲੱਖ 26 ਹਜ਼ਾਰ ਦੇ ਟੈਂਡਰ ਕਾਲ ਕਰ ਦਿੱਤੇ ਗਏ ਹਨ ਜੋ ਕਿ 14 ਅਗਸਤ 2026 ਨੂੰ ਖੋਲੇ ਜਾਣੇ ਹਨ। ਮੁੱਦਕੀ ਦੀਆਂ ਸੜਕਾਂ ਦੇ ਸੁਆਲ ਦਾ ਜਵਾਬ ਦਿੰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਤੇ ਲੋਕਾਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਲਿੰਕ ਸੜਕ ਮੁਦਕੀ ਤੋਂ ਕਬਰਵੱਛਾ ਲੰਬਾਈ 0.80 ਕਿਲੋਮੀਟਰ ਤੇ ਚੌੜਾਈ 3.75 ਮੀਟਰ ਦੀ ਮੁਰੰਮਤ ਦਾ ਕੰਮ ਮੁਕੰਮਲ ਕਰਵਾਇਆ ਜਾ ਚੁੱਕਾ ਹੈ ਬਾਕੀ ਰਹਿੰਦੀਆਂ ਦੋ ਸੜਕਾਂ ਮੁਦਕੀ ਤੋਂ ਗਿੱਲ ਅਤੇ ਮੁਦਕੀ-ਮਿਸ਼ਰੀਵਾਲ ਰੋਡ ਤੋਂ ਮੁਦਕੀ ਕਬਰਵੱਛਾ ਰੋਡ ਨਜ਼ਦੀਕ ਸੇਮਨਾਲਾ ਬਾਕੀ ਰਹਿੰਦੀ ਲੰਬਾਈ 1.397 ਕਿਲੋਮੀਟਰ ਦੀ ਮੁਰੰਮਤ ਸਬੰਧੀ ਮੰਡੀ ਬੋਰਡ ਵੱਲੋਂ ਸੰਬੰਧਿਤ ਵਿਭਾਗ ਨੂੰ ਯਾਦ ਪੱਤਰ ਲਿਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸਬੰਧਿਤ ਵਿਭਾਗ ਵੱਲ ਨੂੰ ਲੋੜੀਂਦੇ ਫੰਡ ਜਮ੍ਹਾ ਕਰਵਾਉਣ ਉਪਰੰਤ ਇਹ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ ਅਤੇ ਜਲਦੀ ਸਬੰਧਤ ਵਿਭਾਗ ਤੋਂ ਫੰਡਸ ਰਿਲੀਜ਼ ਕਰਵਾਏ ਜਾਣਗੇ।