ਹੜ੍ਹ ਪੀੜਤਾਂ ਦੇ ਹੱਕਾਂ ਲਈ ਮਿਸਲ ਸਤਲੁਜ ਦੀ ਲੜਾਈ ਰਹੇਗੀ ਜਾਰੀ ਹੜ੍ਹ ਪੀੜਤਾਂ ਦੇ ਹੱਕਾਂ ਲਈ ਮਿਸਲ ਸਤਲੁਜ ਦੀ ਲੜਾਈ ਰਹੇਗੀ ਜਾਰੀ, ਸ਼ੁਕਰਾਨਾ ਸਮਾਗਮ ਵਿਚ ਪਹੁੰਚੀਆਂ ਸਮੂਹ ਜਥੇਬੰਦੀਆਂ ਦਾ ਧੰਨਵਾਦ
Publish Date: Sat, 21 Nov 2026 04:58 PM (IST)
Updated Date: Sun, 22 Nov 2026 04:02 AM (IST)
ਸ਼ੁਕਰਾਨਾ ਸਮਾਗਮ ਵਿਚ ਪਹੁੰਚੀਆਂ ਸਮੂਹ ਜਥੇਬੰਦੀਆਂ ਦਾ ਧੰਨਵਾਦ, ਮਾਲਕੀ ਵਾਲੀਆਂ ਜ਼ਮੀਨਾਂ ਵਿੱਚੋਂ ਦਰਿਆ ਵਗਣ ਦੇ ਬਾਵਜੂਦ ਕਿਸਾਨਾਂ ਨੂੰ ਕੋਈ ਲਾਭ ਨਹੀਂ, ਸਰਕਾਰ ਪੱਕਾ ਹੱਲ ਕਰੇ : ਦਵਿੰਦਰ ਸਿੰਘ ਸੇਖੋਂ ਪਿੱਪਲ ਸਿੰਘ ਭੁੱਲਰ, ਪੰਜਾਬੀ ਜਾਗਰਣ, ਮੱਲਾਂਵਾਲਾ : 2025 ਵਿੱਚ ਆਏ ਹੜ੍ਹਾਂ ਦੌਰਾਨ ਲੋਕਾਂ ਦੀ ਮਦਦ ਲਈ ਅੱਗੇ ਆਈਆਂ ਵੱਖ-ਵੱਖ ਸੰਸਥਾਵਾਂ, ਜਥੇਬੰਦੀਆਂ ਅਤੇ ਸੇਵਾ ਕਰਨ ਵਾਲੇ ਵੀਰਾਂ-ਭੈਣਾਂ ਦੇ ਸਨਮਾਨ ਅਤੇ ਧੰਨਵਾਦ ਲਈ ਮਿਸਲ ਸਤਲੁਜ ਵੱਲੋਂ ਪਿੰਡ ਕੁਤਬਦੀਨ ਵਿਖੇ ਕਰਵਾਏ ਗਏ ਸ਼ੁਕਰਾਨਾ ਸਮਾਗਮ ਵਿੱਚ ਸਮੂਹ ਜਥੇਬੰਦੀਆਂ ਅਤੇ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਮਿਸਲ ਸਤਲੁਜ ਦੇ ਪ੍ਰਧਾਨ ਅਜੈਪਾਲ ਸਿੰਘ ਬਰਾੜ ਅਤੇ ਜਨਰਲ ਸਕੱਤਰ ਦਵਿੰਦਰ ਸਿੰਘ ਸੇਖੋਂ ਨੇ ਸਮਾਗਮ ਵਿੱਚ ਪਹੁੰਚੀਆਂ ਸਮੂਹ ਜਥੇਬੰਦੀਆਂ, ਸੰਸਥਾਵਾਂ ਅਤੇ ਸੰਗਤਾਂ ਦਾ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਪ੍ਰਧਾਨ ਅਜੈਪਾਲ ਸਿੰਘ ਬਰਾੜ ਨੇ ਕਿਹਾ ਕਿ ਜਿਨ੍ਹਾਂ ਕਿਸਾਨਾਂ ਦੀਆਂ ਮਾਲਕੀ ਵਾਲੀਆਂ ਜ਼ਮੀਨਾਂ ਵਿੱਚੋਂ ਦਰਿਆ ਵਹਿ ਰਹੇ ਹਨ, ਉਨ੍ਹਾਂ ਕਿਸਾਨਾਂ ਨੂੰ ਸਰਕਾਰ ਵੱਲੋਂ ਜ਼ਮੀਨਾਂ ਦਾ ਬਣਦਾ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ। ਜੇਕਰ ਸਰਕਾਰ ਜ਼ਮੀਨਾਂ ਦਾ ਪੂਰਾ ਮੁੱਲ ਦੇਣ ਦੇ ਸਮਰੱਥ ਨਹੀਂ ਹੈ ਤਾਂ ਘੱਟੋ-ਘੱਟ ਹਰ ਸਾਲ ਹੜ੍ਹਾਂ ਦੌਰਾਨ ਉਨ੍ਹਾਂ ਕਿਸਾਨਾਂ ਨੂੰ ਵਿਸ਼ੇਸ਼ ਮੁਆਵਜ਼ਾ ਅਤੇ ਆਰਥਿਕ ਸਹਾਇਤਾ ਦਿੱਤੀ ਜਾਵੇ। ਇਸ ਮਸਲੇ ਨੂੰ ਲਟਕਾਉਣ ਦੀ ਬਜਾਏ ਸਰਕਾਰ ਕੋਈ ਸਥਾਈ ਹੱਲ ਕੱਢੇ। ਮਿਸਲ ਸਤਲੁਜ ਦੇ ਜਨਰਲ ਸਕੱਤਰ ਦਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਕਿਸਾਨਾਂ ਦੀ ਮਾਲਕੀ ਵਾਲੀ ਜ਼ਮੀਨ ਵਿੱਚੋਂ ਦਰਿਆ ਵਗਣ ਕਾਰਨ ਉਨ੍ਹਾਂ ਨੂੰ ਦੋਹਰਾ ਨੁਕਸਾਨ ਝੱਲਣਾ ਪੈ ਰਿਹਾ ਹੈ। ਕਿਸਾਨ ਨਾ ਤਾਂ ਉਸ ਜ਼ਮੀਨ ਵਿੱਚ ਖੇਤੀ ਕਰ ਸਕਦਾ ਹੈ, ਨਾ ਉੱਥੋਂ ਰੇਤ ਚੁੱਕ ਸਕਦਾ ਹੈ ਅਤੇ ਨਾ ਹੀ ਦਰਿਆ ਵਿੱਚ ਮੌਜੂਦ ਮੱਛੀਆਂ ਫੜਨ ਦਾ ਠੇਕਾ ਆਪਣੀ ਮਰਜ਼ੀ ਨਾਲ ਕਿਸੇ ਨੂੰ ਦੇ ਸਕਦਾ ਹੈ। ਉਨ੍ਹਾਂ ਸਵਾਲ ਕਰਦਿਆਂ ਕਿਹਾ ਕਿ ਜੇਕਰ ਕਿਸਾਨ ਆਪਣੀ ਮਾਲਕੀ ਵਾਲੀ ਜ਼ਮੀਨ ਵਿੱਚੋਂ ਕੋਈ ਲਾਭ ਹੀ ਨਹੀਂ ਲੈ ਸਕਦਾ ਤਾਂ ਫਿਰ ਉਸ ਦੀ ਮਾਲਕੀ ਦਾ ਕੀ ਮਤਲਬ ਰਹਿ ਜਾਂਦਾ ਹੈ? ਉਨ੍ਹਾਂ ਕਿਹਾ ਕਿ ਕਈ ਕਿਸਾਨਾਂ ਦੀਆਂ ਦਸ-ਦਸ ਕਿੱਲੇ ਜ਼ਮੀਨਾਂ ਵਿੱਚੋਂ ਅੱਠ ਕਿੱਲਿਆਂ ਤੱਕ ਦਰਿਆ ਵਹਿ ਰਿਹਾ ਹੈ। ਜਦੋਂ ਸਰਕਾਰ ਨੇ ਇਹ ਜ਼ਮੀਨਾਂ ਕਿਸਾਨਾਂ ਨੂੰ ਮਾਲਕੀ ਹੱਕਾਂ ਤਹਿਤ ਅਲਾਟ ਕੀਤੀਆਂ ਸਨ ਤਾਂ ਅੱਜ ਉਨ੍ਹਾਂ ਜ਼ਮੀਨਾਂ ਦਾ ਅਜਿਹਾ ਹਾਲ ਹੋਣ ਤੇ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਪਿੱਛੇ ਕਿਵੇਂ ਹਟ ਸਕਦੀ ਹੈ? ਸਰਕਾਰ ਨੂੰ ਇਸ ਮਸਲੇ ਦਾ ਕਾਨੂੰਨੀ ਅਤੇ ਪੱਕਾ ਹੱਲ ਕੱਢਣਾ ਚਾਹੀਦਾ ਹੈ, ਤਾਂ ਜੋ ਕਿਸਾਨਾਂ ਨੂੰ ਉਨ੍ਹਾਂ ਦੀ ਮਾਲਕੀ ਵਾਲੀਆਂ ਜ਼ਮੀਨਾਂ ਦਾ ਅਸਲ ਲਾਭ ਮਿਲ ਸਕੇ। ਦਵਿੰਦਰ ਸਿੰਘ ਸੇਖੋਂ ਨੇ ਸਪੱਸ਼ਟ ਕੀਤਾ ਕਿ ਮਿਸਲ ਸਤਲੁਜ ਕਿਸਾਨਾਂ ਅਤੇ ਹੜ੍ਹ ਪ੍ਰਭਾਵਿਤ ਲੋਕਾਂ ਦੇ ਹੱਕਾਂ ਦੀ ਇਹ ਲੜਾਈ ਨਿਰੰਤਰ ਜਾਰੀ ਰੱਖੇਗੀ, ਜਦੋਂ ਤੱਕ ਲੋਕਾਂ ਨੂੰ ਉਨ੍ਹਾਂ ਦੇ ਬਣਦੇ ਹੱਕ ਨਹੀਂ ਮਿਲ ਜਾਂਦੇ। ਇਸ ਮੌਕੇ ਹੜ੍ਹ ਪੀੜਤ ਕਮੇਟੀ ਦੇ ਪ੍ਰਧਾਨ ਜਸਬੀਰ ਸਿੰਘ ਨੇ ਦੱਸਿਆ ਕਿ 25 ਤਰੀਕ ਨੂੰ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਸਮੂਹ ਜਥੇਬੰਦੀਆਂ ਅਤੇ ਸੰਗਤਾਂ ਨੂੰ ਇਸ ਸਮਾਗਮ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਹੜ੍ਹਾਂ ਦੀ ਸਮੱਸਿਆ ਦਾ ਠੋਸ ਅਤੇ ਸਥਾਈ ਹੱਲ ਕਰਵਾਉਣ ਲਈ ਸਾਰੀਆਂ ਜਥੇਬੰਦੀਆਂ ਨੂੰ ਇਕੱਠੇ ਹੋ ਕੇ ਆਵਾਜ਼ ਬੁਲੰਦ ਕਰਨੀ ਪਵੇਗੀ, ਤਾਂ ਜੋ ਸਰਕਾਰ ਤੱਕ ਲੋਕਾਂ ਦੀ ਆਵਾਜ਼ ਪਹੁੰਚ ਸਕੇ ਅਤੇ ਹਰ ਸਾਲ ਲੋਕਾਂ ਨੂੰ ਇਨ੍ਹਾਂ ਮੁਸੀਬਤਾਂ ਦਾ ਸਾਹਮਣਾ ਨਾ ਕਰਨਾ ਪਵੇ। ਮਿਸਲ ਸਤਲੁਜ ਵੱਲੋਂ ਸਮਾਗਮ ਵਿੱਚ ਪਹੁੰਚੀਆਂ ਸਮੂਹ ਸੰਸਥਾਵਾਂ, ਜਥੇਬੰਦੀਆਂ, ਸੇਵਾਦਾਰਾਂ, ਵੀਰਾਂ-ਭੈਣਾਂ ਤੇ ਸਮੂਹ ਸੰਗਤ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ।