ਮਿਸਲ ਸਤਲੁਜ ਦਾ ਰੋਸ ਮਾਰਚ, ਪਰਮਿੰਦਰ ਝੋਟਾ ਲਈ ਇਨਸਾਫ਼ ਦੀ ਮੰਗ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਮਿਸਲ ਸਤਲੁਜ ਦਾ ਰੋਸ ਮਾਰਚ, ਪਰਮਿੰਦਰ ਸਿੰਘ ਝੋਟਾ ਲਈ ਇਨਸਾਫ਼ ਦੀ ਮੰਗ
Publish Date: Thu, 15 Oct 2026 03:51 PM (IST)
Updated Date: Fri, 16 Oct 2026 04:00 AM (IST)
ਦਵਿੰਦਰ ਸਿੰਘ ਸੇਖੋਂ ਨੇ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਕੀਤੀ ਮੰਗ ਗੁਰਚਰਨ ਸਿੰਘ ਨੂਰਪੁਰ ਨੇ ਨੌਜਵਾਨਾਂ ਲਈ ਰੁਜ਼ਗਾਰ ਤੇ ਖੇਡਾਂ ਦੇ ਮੌਕੇ ਵਧਾਉਣ ’ਤੇ ਦਿੱਤਾ ਜ਼ੋਰ ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ, ਜ਼ੀਰਾ : ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੇ ਕਾਲੇ ਕਾਰੋਬਾਰ ਤੋਂ ਬਚਾਉਣ ਅਤੇ ਪਰਮਿੰਦਰ ਸਿੰਘ ਝੋਟਾ ਨੂੰ ਇਨਸਾਫ਼ ਦਿਵਾਉਣ ਦੀ ਮੰਗ ਨੂੰ ਲੈ ਕੇ ਮਿਸਲ ਸਤਲੁਜ ਵੱਲੋਂ ਰੋਸ ਮਾਰਚ ਕੱਢਿਆ ਗਿਆ। ਇਸ ਦੌਰਾਨ ਨਸ਼ਾ ਤਸਕਰੀ ਖ਼ਿਲਾਫ਼ ਲੋਕਾਂ ਨੂੰ ਲਾਮਬੰਦ ਕਰਦਿਆਂ ਪ੍ਰਸ਼ਾਸਨ ਤੋਂ ਠੋਸ ਕਾਰਵਾਈ ਦੀ ਮੰਗ ਉਠਾਈ ਗਈ। ਮਿਸਲ ਸਤਲੁਜ ਦੇ ਜਨਰਲ ਸਕੱਤਰ ਅਤੇ ਹਲਕਾ ਇੰਚਾਰਜ ਜ਼ੀਰਾ ਦਵਿੰਦਰ ਸਿੰਘ ਸੇਖੋਂ ਨੇ ਸਪੱਸ਼ਟ ਕੀਤਾ ਕਿ ਪੰਜਾਬ ਦੀ ਨੌਜਵਾਨੀ ਦੇ ਭਵਿੱਖ ਨਾਲ ਖਿਲਵਾੜ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਦਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਇਹ ਰੋਸ ਮਾਰਚ ਸਿਰਫ਼ ਪਰਮਿੰਦਰ ਸਿੰਘ ਝੋਟਾ ਲਈ ਇਨਸਾਫ਼ ਦੀ ਆਵਾਜ਼ ਨਹੀਂ, ਸਗੋਂ ਨਸ਼ਿਆਂ ਦੇ ਖ਼ਾਤਮੇ ਲਈ ਲੋਕਾਂ ਨੂੰ ਇਕ ਮੰਚ ’ਤੇ ਲਿਆਉਣ ਅਤੇ ਪ੍ਰਸ਼ਾਸਨ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਯਾਦ ਦਿਵਾਉਣ ਦਾ ਉਪਰਾਲਾ ਵੀ ਹੈ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰੀ ਵਿੱਚ ਸ਼ਾਮਲ ਵਿਅਕਤੀਆਂ ਅਤੇ ਉਨ੍ਹਾਂ ਨੂੰ ਕਥਿਤ ਸਰਪ੍ਰਸਤੀ ਦੇਣ ਵਾਲਿਆਂ ਖ਼ਿਲਾਫ਼ ਬਿਨਾਂ ਕਿਸੇ ਭੇਦਭਾਵ ਦੇ ਸਖ਼ਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਮਿਸਲ ਸਤਲੁਜ ਇਸ ਮੁੱਦੇ ਤੇ ਸ਼ਾਂਤਮਈ ਅਤੇ ਕਾਨੂੰਨੀ ਸੰਘਰਸ਼ ਜਾਰੀ ਰੱਖੇਗੀ। ਇਸ ਮੌਕੇ ਗੁਰਚਰਨ ਸਿੰਘ ਨੂਰਪੁਰ ਨੇ ਕਿਹਾ ਕਿ ਨਸ਼ਿਆਂ ਅਤੇ ਬੇਰੁਜ਼ਗਾਰੀ ਦੀ ਮਾਰ ਪੰਜਾਬ ਦੇ ਅਨੇਕਾਂ ਪਰਿਵਾਰਾਂ ਨੂੰ ਪ੍ਰਭਾਵਿਤ ਕਰ ਰਹੀ ਹੈ। ਨੌਜਵਾਨਾਂ ਨੂੰ ਇਸ ਦਲਦਲ ਤੋਂ ਬਚਾਉਣ ਲਈ ਸਖ਼ਤ ਕਾਨੂੰਨੀ ਕਾਰਵਾਈ ਦੇ ਨਾਲ ਰੁਜ਼ਗਾਰ, ਖੇਡਾਂ ਅਤੇ ਸਹੀ ਮਾਰਗਦਰਸ਼ਨ ਦੇ ਮੌਕੇ ਮੁਹੱਈਆ ਕਰਵਾਉਣੇ ਵੀ ਲਾਜ਼ਮੀ ਹਨ। ਅੰਤ ਵਿੱਚ ਦਵਿੰਦਰ ਸਿੰਘ ਸੇਖੋਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਖ਼ਿਲਾਫ਼ ਇਸ ਲੋਕ ਲਹਿਰ ਦਾ ਹਿੱਸਾ ਬਣਨ। ਉਨ੍ਹਾਂ ਕਿਹਾ ਜੇਕਰ ਅੱਜ ਅਸੀਂ ਨਸ਼ਿਆਂ ਖ਼ਿਲਾਫ਼ ਨਹੀਂ ਬੋਲੇ, ਤਾਂ ਕੱਲ੍ਹ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਕਦੇ ਮੁਆਫ਼ ਨਹੀਂ ਕਰਨਗੀਆਂ। ਇਸ ਮੌਕੇ ਹਰਜਿੰਦਰ ਸਿੰਘ ਸਹੋਤਾ, ਤਜਿੰਦਰ ਸਿੰਘ ਕਸੋਆਣਾ, ਜਸ਼ਨਦੀਪ ਸਿੰਘ ਧੰਨਾ ਸ਼ਹੀਦ, ਅੰਮ੍ਰਿਤਪਾਲ ਸਿੰਘ ਜ਼ੀਰਾ, ਸਿਮਰਤ ਪਾਲ ਸਿੰਘ ਧੰਨਾ ਸ਼ਹੀਦ, ਅਮਨਦੀਪ ਸਿੰਘ ਜ਼ੀਰਾ, ਲਵੀ ਜੋਸ਼ੀ, ਗੁਰਨਾਮ ਸਿੰਘ ਮਹਿਆਂ ਵਾਲਾ, ਕਮਲਜੀਤ ਸਿੰਘ ਕੱਸੋਆਣਾ, ਗੁਰਮਨ ਸਿੰਘ, ਸਵਰਨ ਸਿੰਘ ਜ਼ੀਰਾ, ਜਤਿੰਦਰ ਸਿੰਘ ਸਹੋਤਾ, ਵਰਿੰਦਰ ਸਿੰਘ ਕੱਸੋਆਣਾ, ਨਵਦੀਪ ਸਿੰਘ ਜ਼ੀਰਾ, ਬਾਜ਼ ਸਿੰਘ ਖਾਲਸਾ, ਗੁਰਪ੍ਰੀਤ ਸਿੰਘ ਫੌਜੀ, ਦਲਜੀਤ ਸਿੰਘ, ਅਮਾਨਤਜੀਤ ਸਿੰਘ ਜ਼ੀਰਾ, ਗੁਰਨਾਮ ਸਿੰਘ ਦੁਸਾਂਝ, ਗੁਰਪ੍ਰੇਮ ਸਿੰਘ ਅਤੇ ਗੋਰਾ ਬੰਡਾਲਾ ਹਾਜ਼ਰ ਸਨ।