ਮਿਸਲ ਸਤਲੁਜ ਨੇ ਹਰਪ੍ਰੀਤ ਕੌਰ ਨੂੰ ਜ਼ੀਰਾ ਵੂਮੈਨ ਵਿੰਗ ਦੀ ਦਿੱਤੀ ਜ਼ਿੰਮੇਵਾਰੀ ਮਿਸਲ ਸਤਲੁਜ ਨੇ ਬੀਬੀਆਂ ਨੂੰ ਦਿੱਤੀ ਸੰਗਠਨ ਦੀ ਅਗਵਾਈ, ਹਰਪ੍ਰੀਤ ਕੌਰ ਨੂੰ ਜ਼ੀਰਾ ਵੂਮੈਨ ਵਿੰਗ ਦੀ ਜ਼ਿੰਮੇਵਾਰੀ
Publish Date: Wed, 25 Nov 2026 05:16 PM (IST)
Updated Date: Wed, 25 Nov 2026 05:19 PM (IST)
ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ, ਜ਼ੀਰਾ: ਮਿਸਲ ਸਤਲੁਜ ਵੱਲੋਂ ਜ਼ੀਰਾ ਹਲਕੇ ਵਿੱਚ ਜਥੇਬੰਦੀ ਨੂੰ ਹੋਰ ਮਜ਼ਬੂਤ ਕਰਨ ਅਤੇ ਬੀਬੀਆਂ ਦੀ ਭੂਮਿਕਾ ਨੂੰ ਨਵੀਂ ਦਿਸ਼ਾ ਦੇਣ ਦੇ ਉਦੇਸ਼ ਨਾਲ ਅਹਿਮ ਮੀਟਿੰਗ ਕੀਤੀ ਗਈ। ਇਸ ਦੌਰਾਨ ਜਥੇਬੰਦੀ ਦੇ ਵਿਸਥਾਰ, ਸਮਾਜ ਦੇ ਹਰ ਵਰਗ ਦੀ ਸ਼ਮੂਲੀਅਤ ਅਤੇ ਬੀਬੀਆਂ ਨੂੰ ਅਗਵਾਈ ਦੇ ਮੌਕੇ ਪ੍ਰਦਾਨ ਕਰਨ ਬਾਰੇ ਗੰਭੀਰ ਵਿਚਾਰ-ਵਟਾਂਦਰਾ ਹੋਇਆ। ਮੀਟਿੰਗ ਵਿੱਚ ਬੀਬੀਆਂ ਨੂੰ ਸਿਰਫ਼ ਸਹਿਯੋਗੀ ਭੂਮਿਕਾ ਤੱਕ ਸੀਮਤ ਨਾ ਰੱਖ ਕੇ ਜ਼ਿੰਮੇਵਾਰ ਅਹੁਦਿਆਂ ’ਤੇ ਅੱਗੇ ਲਿਆਉਣ ਦੀ ਲੋੜ ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ। ਇਸ ਮੌਕੇ ਮਿਸਲ ਸਤਲੁਜ ਦੇ ਹਲਕਾ ਇੰਚਾਰਜ ਜ਼ੀਰਾ ਦਵਿੰਦਰ ਸਿੰਘ ਸੇਖੋਂ ਨੇ ਸ਼੍ਰੀਮਤੀ ਹਰਪ੍ਰੀਤ ਕੌਰ ਨੂੰ ਜ਼ੀਰਾ ਹਲਕੇ ਦੇ ਵੂਮੈਨ ਵਿੰਗ ਦਾ ਇੰਚਾਰਜ ਨਿਯੁਕਤ ਕੀਤਾ। ਉਨ੍ਹਾਂ ਦੇ ਨਾਲ ਪ੍ਰਕਾਸ਼ ਕੌਰ, ਮਨਪ੍ਰੀਤ ਕੌਰ ਅਤੇ ਦਵਿੰਦਰ ਕੌਰ ਵੀ ਜਥੇਬੰਦੀ ਦੀਆਂ ਸਰਗਰਮੀਆਂ ਵਿੱਚ ਆਪਣਾ ਯੋਗਦਾਨ ਪਾਉਣਗੀਆਂ। ਨਵੀਂ ਜ਼ਿੰਮੇਵਾਰੀ ਮਿਲਣ ਤੇ ਜਥੇਬੰਦੀ ਵੱਲੋਂ ਉਮੀਦ ਪ੍ਰਗਟਾਈ ਗਈ ਕਿ ਹਰਪ੍ਰੀਤ ਕੌਰ ਆਪਣੀ ਮਿਹਨਤ, ਲਗਨ ਅਤੇ ਸੁਚੱਜੀ ਕਾਰਗੁਜ਼ਾਰੀ ਨਾਲ ਵੂਮੈਨ ਵਿੰਗ ਨੂੰ ਮਜ਼ਬੂਤ ਬਣਾਉਣਗੇ ਅਤੇ ਵੱਧ ਤੋਂ ਵੱਧ ਬੀਬੀਆਂ ਨੂੰ ਜਥੇਬੰਦੀ ਨਾਲ ਜੋੜਨਗੇ। ਦਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਅੱਜ ਦੀਆਂ ਬੀਬੀਆਂ ਹਰ ਖੇਤਰ ’ਚ ਆਪਣੀ ਸਮਰੱਥਾ ਦਾ ਲੋਹਾ ਮਨਵਾ ਰਹੀਆਂ ਹਨ ਅਤੇ ਜਥੇਬੰਦੀ ਦੇ ਕੰਮਾਂ ਵਿੱਚ ਵੀ ਆਪਣੇ ਵੀਰਾਂ ਦੇ ਬਰਾਬਰ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮਿਸਲ ਸਤਲੁਜ ਸਭ ਨੂੰ ਨਾਲ ਲੈ ਕੇ ਚੱਲਣ ਦੀ ਸੋਚ ਰੱਖਦੀ ਹੈ। ਇੱਥੇ ਨਾ ਕੋਈ ਵੱਡਾ ਹੈ ਅਤੇ ਨਾ ਕੋਈ ਛੋਟਾ, ਸਗੋਂ ਹਰੇਕ ਸਾਥੀ ਨੂੰ ਬਰਾਬਰ ਸਨਮਾਨ ਅਤੇ ਅੱਗੇ ਵਧਣ ਦੇ ਮੌਕੇ ਦਿੱਤੇ ਜਾਣਗੇ।ਉਨ੍ਹਾਂ ਕਿਹਾ ਕਿ ਜਥੇਬੰਦੀ ਦਾ ਮੁੱਖ ਉਦੇਸ਼ ਉਨ੍ਹਾਂ ਲੋਕਾਂ ਨੂੰ ਅੱਗੇ ਲਿਆਉਣਾ ਹੈ, ਜਿਨ੍ਹਾਂ ਨੂੰ ਸਮਾਜ ਅਤੇ ਵੱਖ-ਵੱਖ ਖੇਤਰਾਂ ਵਿੱਚ ਆਪਣੀ ਯੋਗਤਾ ਦਿਖਾਉਣ ਦੇ ਬਣਦੇ ਮੌਕੇ ਨਹੀਂ ਮਿਲੇ। ਮਿਸਲ ਸਤਲੁਜ ਅਜਿਹਾ ਮੰਚ ਤਿਆਰ ਕਰਨਾ ਚਾਹੁੰਦੀ ਹੈ, ਜਿੱਥੇ ਹਰ ਵਰਗ ਦੀ ਆਵਾਜ਼ ਨੂੰ ਸੁਣਿਆ ਜਾਵੇ ਅਤੇ ਹਰ ਵਿਅਕਤੀ ਨੂੰ ਜ਼ਿੰਮੇਵਾਰੀ ਨਿਭਾਉਣ ਦਾ ਮੌਕਾ ਮਿਲੇ। ਇਸ ਮੌਕੇ ਹਰਜਿੰਦਰ ਸਿੰਘ ਸਹੋਤਾ ਜੁਆਇੰਟ ਸਕੱਤਰ ਪੰਜਾਬ, ਕਮਲਜੀਤ ਸਿੰਘ ਜ਼ੀਰਾ, ਜਸਨੂਰ ਬਰਾੜ ਅਤੇ ਸਿਮਰਤਪਾਲ ਸਿੰਘ ਖੋਸਾ ਸਮੇਤ ਹੋਰ ਸਾਥੀ ਹਾਜ਼ਰ ਸਨ।