ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਨਾਂ ਮੰਨਣ ਤੇ ਕੀਤੇ ਜਾਣਗੇ ਸੰਘਰਸ਼ : ਪਿੱਪਲ ਸਿੰਘ
ਮਨਿਸਟੀਰੀਅਲ ਸਰਵਿਸ ਯੂਨੀਅਨ ਨੇ ਵੱਖ-ਵੱਖ ਵਿਭਾਗਾਂ ਦੇ ਦਫਤਰਾਂ ’ਚ ਕੀਤੀਆਂ ਗੇਟ ਰੈਲੀਆਂ
Publish Date: Wed, 18 Feb 2026 04:38 PM (IST)
Updated Date: Wed, 18 Feb 2026 04:39 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸ ਯੂਨੀਅਨ ਦੇ ਸੱਦੇ ’ਤੇ ਜ਼ਿਲ੍ਹਾ ਇਕਾਈ ਫਿਰੋਜ਼ਪੁਰ ਵੱਲੋਂ ਜ਼ਿਲ੍ਹੇ ਭਰ ਦੇ ਵੱਖ-ਵੱਖ ਵਿਭਾਗਾਂ ਦੇ ਦਫਤਰਾਂ ਜਿਵੇਂ ਕਮਿਸ਼ਨਰ ਦਫਤਰ, ਡੀਸੀ ਦਫਤਰ, ਲੋਕ ਨਿਰਮਾਣ ਵਿਭਾਗ, ਐੱਸਡੀਐੱਮ ਦਫਤਰ, ਸਕਾਰਤਾ ਵਿਭਾਗ, ਸਿੰਚਾਈ ਵਿਭਾਗ, ਆਬਕਾਰੀ ਤੇ ਕਰ ਵਿਭਾਗ, ਖੇਤੀਬਾੜੀ ਵਿਭਾਗ, ਰੋਡਵੇਜ਼, ਜੰਗਲਾਤ ਵਿਭਾਗ ਅਤੇ ਹੋਰ ਵੱਖ-ਵੱਖ ਵਿਭਾਗਾਂ ਵਿੱਚ ਗੇਟ ਰੈਲੀਆਂ ਕੀਤੀਆਂ ਗਈਆਂ ਤੇ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਰੈਲੀਆਂ ਨੂੰ ਸੰਬੋਧਨ ਕਰਦਿਆਂ ਪੀਐੱਸਐੱਮਐੱਸਯੂ ਦੇ ਜ਼ਿਲ੍ਹਾ ਪ੍ਰਧਾਨ ਪਿੱਪਲ ਸਿੰਘ ਸਿੱਧੂ ਅਤੇ ਜ਼ਿਲ੍ਹਾ ਜਨਰਲ ਸਕੱਤਰ ਸੋਨੂੰ ਕਸ਼ਯਪ ਨੇ ਕਿਹਾ ਕਿ ਸਰਕਾਰ ਨੂੰ ਜਥੇਬੰਦੀ ਵੱਲੋਂ ਦਿੱਤੇ ਗਏ ਮੰਗ ਪੱਤਰ ’ਚ ਦਰਸਾਏ ਅਨੁਸਾਰ ਮੁਲਾਜ਼ਮਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਤੇ ਸਰਕਾਰ ਦੇ ਲਗਭਗ 4 ਸਾਲ ਪੂਰੇ ਹੋ ਗਏ ਹਨ। ਸਰਕਾਰ ਨਾਲ ਜਥੇਬੰਦੀ ਦੇ ਸੂਬਾਈ ਆਗੂਆਂ ਦੀਆਂ ਬਹੁਤ ਮੀਟਿੰਗਾਂ ਹੋਈਆਂ, ਪਰ ਮੀਟਿੰਗ ਵਿਚ ਸਰਕਾਰ ਵੱਲੋ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਮੰਨ ਕੇ ਵੀ ਮੰਗਾਂ ਨੂੰ ਲਾਗੂ ਨਹੀਂ ਕੀਤਾ ਗਿਆ, ਜਿਸ ਕਾਰਨ ਪੰਜਾਬ ਦੇ ਸਮੂਹ ਮੁਲਾਜਮਾਂ ’ਚ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ, ਕਿਉਂ ਜੋ ਸਰਕਾਰ ਨੇ ਸੱਤਾ ਸੰਭਾਲਣ ਤੋਂ ਪਹਿਲਾਂ ਉਨ੍ਹਾਂ ਨਾਲ ਜੋ ਵਾਅਦੇ ਕੀਤੇ ਸਨ, ਅਜੇ ਤੱਕ ਪੂਰੇ ਨਹੀਂ ਕੀਤੇ, ਜਿਵੇਂ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨਾ, ਕੱਚੇ ਮੁਲਾਜਮਾਂ ਨੂੰ ਪੱਕੇ ਕਰਨਾ, ਨਵੇਂ ਭਰਤੀ ਕ੍ਰਮਚਾਰੀਆਂ ਨੂੰ ਪ੍ਰੋਬੇਸ਼ਨ ਪੀਰੀਅਡ ਦੌਰਾਨ ਪੂਰੀ ਤਨਖਾਹ ਦੇਣਾ 4, 9, 14 ਪ੍ਰਵੀਨਤਾ ਤਰੱਕੀ, ਬੰਦ ਕੀਤੇ ਭੱਤੇ ਮੁੜ ਬਹਾਲ ਕਰਨਾ, ਡੀਏ ਦੀਆਂ ਕਿਸਤਾਂ ਦੀ ਅਦਾਇਗੀ ਤੋਂ ਇਲਾਵਾ ਬਹੁਤੀਆਂ ਮੰਗਾਂ ਪੈਡਿੰਗ ਹੀ ਚੱਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੀਆਂ ਚੋਣਾਂ ਦੌਰਾਨ ਸਰਕਾਰ ਮੁਲਾਜਮਾਂ ਦੀ ਬੇਰੁਖੀ ਦੇ ਨਤੀਜੇ ਭੁਗਤਣ ਲਈ ਤਿਆਰ ਰਹੇ। ਕਿਸਾਨ, ਮਜਦੂਰ, ਦੁਕਾਨਦਾਰ ਦੇ ਨਾਲ-ਨਾਲ ਮੁਲਾਜ਼ਮ ਵਰਗ ਨੂੰ ਵੀ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਜਲਦੀ ਹੀ ਪੰਜਾਬ ਸਰਕਾਰ ਮੁਲਜ਼ਮਾਂ ਦੀਆਂ ਮੰਗਾਂ ਮੰਨਣ ਨਹੀਂ ਤਾਂ ਮੁਲਾਜ਼ਮਾਂ ਵੱਲੋਂ ਵੱਡੇ ਪੱਧਰ ਤੇ ਐਕਸ਼ਨ ਕਰਕੇ ਆਉਣ ਵਾਲੇ ਵਿਧਾਨ ਸਭਾ ਸ਼ੈਸ਼ਨ ਦਾ ਘਿਰਾਓ ਕੀਤਾ ਜਾਵੇਗਾ ਜਿਸ ਦੀ ਸਾਰੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।