ਆਪਸੀ ਸਤਿਕਾਰ ਤੇ ਭਾਈਚਾਰਕ ਸਾਂਝ ਨਾਲ ਹੀ ਮਜ਼ਬੂਤ ਹੋਵੇਗਾ ਦੇਸ਼ : ਨਰਿੰਦਰ ਸਿੰਘ ਲਹਿਰਾ ਰੋਹੀ ਸਕੂਲ ’ਚ ਸਦਭਾਵਨਾ ਦਿਵਸ ਮੌਕੇ ਏਕਤਾ, ਸ਼ਾਂਤੀ ਤੇ ਭਾਈਚਾਰੇ ਦਾ ਸੁਨੇਹਾ
Publish Date: Sat, 22 Aug 2026 04:47 PM (IST)
Updated Date: Sat, 22 Aug 2026 04:48 PM (IST)
ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਜ਼ਿਲ੍ਹਾ ਫਿਰੋਜ਼ਪੁਰ ਐਨਜੀਓ ਕੋਆਰਡੀਨੇਸ਼ਨ ਕਮੇਟੀ ਬਲਾਕ ਜ਼ੀਰਾ ਵੱਲੋਂ ਸਰਕਾਰੀ ਹਾਈ ਸਮਾਰਟ ਸਕੂਲ ਲਹਿਰਾ ਰੋਹੀ ਵਿਖੇ ਮੁੱਖ ਅਧਿਆਪਕਾ ਰਜਿੰਦਰ ਕੌਰ ਦੀ ਦੇਖ-ਰੇਖ ਹੇਠ ਸਦਭਾਵਨਾ ਦਿਵਸ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦੌਰਾਨ ਵਿਦਿਆਰਥੀਆਂ ਨੂੰ ਰਾਸ਼ਟਰੀ ਏਕਤਾ, ਸ਼ਾਂਤੀ,ਆਪਸੀ ਭਾਈਚਾਰੇ ਅਤੇ ਸਦਭਾਵਨਾ ਦੀ ਮਹੱਤਤਾ ਤੋਂ ਜਾਣੂ ਕਰਵਾਇਆ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਸੇਵਾ-ਮੁਕਤ ਲੈਕਚਰਾਰ ਤੇ ਐੱਨਜੀਓ ਕੋਆਰਡੀਨੇਸ਼ਨ ਕਮੇਟੀ ਜੀਰਾ ਦੇ ਪ੍ਰਧਾਨ ਨਰਿੰਦਰ ਸਿੰਘ ਨੇ ਕਿਹਾ ਕਿ ਦੇਸ਼ ਦੇ ਨਿਰੰਤਰ ਵਿਕਾਸ ਲਈ ਸਮਾਜ ਵਿੱਚ ਫਿਰਕੂ ਸਦਭਾਵਨਾ ਅਤੇ ਭਾਵਨਾਤਮਕ ਏਕਤਾ ਨੂੰ ਮਜ਼ਬੂਤ ਕਰਨਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀ ਤਰੱਕੀ ਸਿਰਫ਼ ਆਰਥਿਕ ਵਿਕਾਸ ਨਾਲ ਨਹੀਂ, ਸਗੋਂ ਸਮਾਜਿਕ ਏਕਤਾ,ਆਪਸੀ ਸਤਿਕਾਰ ਅਤੇ ਭਾਈਚਾਰਕ ਸਾਂਝ ਨਾਲ ਵੀ ਜੁੜੀ ਹੋਈ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਜਾਤ, ਧਰਮ, ਭਾਸ਼ਾ ਅਤੇ ਖੇਤਰ ਦੇ ਭੇਦਭਾਵ ਤੋਂ ਉੱਪਰ ਉੱਠ ਕੇ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਯੋਗਦਾਨ ਪਾਉਣ ਦਾ ਸੱਦਾ ਦਿੱਤਾ।ਉਨ੍ਹਾਂ ਵਾਤਾਵਰਨ ਦੀ ਸੁਰੱਖਿਆ, ਹਰਿਆਲੀ ਦੀ ਸੰਭਾਲ ਅਤੇ ਜੈਵ-ਵਿਭਿੰਨਤਾ ਨੂੰ ਬਚਾਉਣ ਦੀ ਲੋੜ ’ਤੇ ਵੀ ਜ਼ੋਰ ਦਿੱਤਾ। ਅੰਤ ਵਿੱਚ ਵਿਦਿਆਰਥੀਆਂ ਨੇ ਸਦਭਾਵਨਾ ਦੀ ਸਹੁੰ ਚੁੱਕਦਿਆਂ ਸੰਕਲਪ ਲਿਆ ਕਿ ਉਹ ਹਿੰਸਾ ਦੀ ਥਾਂ ਗੱਲਬਾਤ ਅਤੇ ਸੰਵਿਧਾਨਕ ਤਰੀਕਿਆਂ ਰਾਹੀਂ ਮਤਭੇਦਾਂ ਦਾ ਹੱਲ ਕਰਨਗੇ। ਇਸ ਮੌਕੇ ਮਨਪ੍ਰੀਤ ਕੌਰ, ਰਵਨੀਤ ਕੌਰ, ਸਿਮਰਨਜੀਤ ਕੌਰ, ਪਿੰਕੀ ਰਾਣੀ ਸਮੇਤ ਅਧਿਆਪਕ ਹਾਜ਼ਰ ਸਨ। ਮੁੱਖ ਅਧਿਆਪਕਾ ਰਜਿੰਦਰ ਕੌਰ ਨੇ ਐਨਜੀਓ ਕੋਆਰਡੀਨੇਸ਼ਨ ਕਮੇਟੀ ਦਾ ਧੰਨਵਾਦ ਕੀਤਾ।