- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨੌਜਵਾਨਾਂ ਨੂੰ ਵਿਰਾਸਤ ਸੰਭਾਲ ਅਤੇ ਵਾਤਾਵਰਣ ਪ੍ਰਤੀ ਜਾਗਰੂਕ ਕਰਨ ਦਾ ਦਿੱਤਾ ਸੰਦੇਸ਼

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਿਰੋਜ਼ਪੁਰ : ‘ਦ ਇੰਡੀਅਨ ਨੈਸ਼ਨਲ ਟਰੱਸਟ ਫਾਰ ਆਰਟ ਐਂਡ ਕਲਚਰਲ ਹੈਰੀਟੇਜ’ (ਇਨਟੈਕ) ਫਿਰੋਜ਼ਪੁਰ ਚੈਪਟਰ ਵੱਲੋਂ ਡੀਸੀ ਮਾਡਲ ਇੰਟਰਨੈਸ਼ਨਲ ਸਕੂਲ ’ਚ ਵਿਰਾਸਤ ਤੇ ਨਾਗਰਿਕ ਜਾਗਰੂਕਤਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਪ੍ਰੋਗਰਾਮ ਦੌਰਾਨ ਸਿੱਖਿਆ ਸ਼ਾਸਤਰੀ ਡਾ. ਰਮੇਸ਼ਵਰ ਸਿੰਘ ਨੇ ਕਿਹਾ ਕਿ ਭਾਰਤ ਦੀ ਸੱਭਿਆਚਾਰਕ ਵਿਰਾਸਤ ਸਭ ਤੋਂ ਵੱਡੀ ਅਮਾਨਤ ਹੈ, ਜਿਸ ਨੂੰ ਸੰਭਾਲ ਕੇ ਰੱਖਣਾ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਨੇ ਜ਼ਿਲ੍ਹਾ ਪੱਧਰ ’ਤੇ ਮੌਜ਼ੂਦ ਇਤਿਹਾਸਕ ਅਤੇ ਸੱਭਿਆਚਾਰਕ ਵਿਰਾਸਤਾਂ ਦੀ ਸੰਭਾਲ ਵਿਚ ਆ ਰਹੀਆਂ ਚੁਣੌਤੀਆਂ ’ਤੇ ਚਾਨਣਾ ਪਾਉਂਦਿਆਂ ਨੌਜਵਾਨਾਂ ਨੂੰ ਇਨ੍ਹਾਂ ਦੀ ਸੰਭਾਲ ਵਿੱਚ ਸਰਗਰਮ ਭੂਮਿਕਾ ਨਿਭਾਉਣ ਦਾ ਸੱਦਾ ਦਿੱਤਾ। ਬਾਬਾ ਈਸ਼ਵਰ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮੋਗਾ ਦੇ ਮੈਨੇਜਿੰਗ ਡਾਇਰੈਕਟਰ ਡਾ. ਦਿਲਜੀਤ ਸਿੰਘ ਸੰਧੂ ਨੇ ਵਾਤਾਵਰਣ ਦੀ ਸੰਭਾਲ ਬਾਰੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਮਿੱਟੀ ਦੀ ਘਟ ਰਹੀ ਉਪਜਾਊ ਸ਼ਕਤੀ ’ਤੇ ਚਿੰਤਾ ਪ੍ਰਗਟ ਕਰਦਿਆਂ ਕੁਦਰਤੀ ਸਰੋਤਾਂ ਦੀ ਸੰਭਾਲ, ਵੱਧ ਤੋਂ ਵੱਧ ਪੌਦੇ ਲਗਾਉਣ ਅਤੇ ਵਾਤਾਵਰਣ ਦਾ ਸੰਤੁਲਨ ਬਣਾਈ ਰੱਖਣ ਦੀ ਲੋੜ ’ਤੇ ਜ਼ੋਰ ਦਿੱਤਾ। ਇਨਟੈਕ ਦੇ ਕੋ-ਕਨਵੀਨਰ ਵਿਕਰਮਾਦਿਤਿਆ ਸ਼ਰਮਾ ਨੇ ਕਿਹਾ ਕਿ ਚੈਪਟਰ ਦੇ ਕਨਵੀਨਰ ਡਾ. ਅਨਿਰੁਧ ਗੁਪਤਾ ਦੀ ਅਗਵਾਈ ਹੇਠ ਸਰਹੱਦੀ ਜ਼ਿਲ੍ਹੇ ਵਿਚ ਵਿਰਾਸਤ ਦੀ ਸੰਭਾਲ ਅਤੇ ਨਾਗਰਿਕ ਜਾਗਰੂਕਤਾ ਨਾਲ ਜੁੜੇ ਕਈ ਸਾਰਥਕ ਯਤਨ ਕੀਤੇ ਜਾ ਰਹੇ ਹਨ। ਇਨ੍ਹਾਂ ਗਤੀਵਿਧੀਆਂ ਰਾਹੀਂ ਨੌਜਵਾਨਾਂ ਨੂੰ ਆਪਣੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਸਮਝਣ ਅਤੇ ਉਸ ਦੀ ਸੰਭਾਲ ਕਰਨ ਦੀ ਪ੍ਰੇਰਨਾ ਮਿਲ ਰਹੀ ਹੈ। ਉਨ੍ਹਾਂ ਨੇ ਇਨਟੈਕ ਪੰਜਾਬ ਦੇ ਕਨਵੀਨਰ ਮੇਜਰ ਜਨਰਲ ਬਲਵਿੰਦਰ ਸਿੰਘ (ਸੇਵਾਮੁਕਤ) ਵੀਐੱਸਐੱਮ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਦੇ ਸਹਿਯੋਗ ਸਦਕਾ ਇਹ ਵਰਕਸ਼ਾਪ ਸਫ਼ਲਤਾਪੂਰਵਕ ਨੇਪਰੇ ਚੜ੍ਹ ਸਕੀ। ਇਨਟੈਕ ਮੈਂਬਰ ਪਰਮਿੰਦਰ ਸਿੰਘ ਥਿੰਦ ਨੇ ਵਰਕਸ਼ਾਪ ਦੇ ਅੰਤ ਵਿਚ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਇਨਟੈਕ ਫ਼ਰੀਦਕੋਟ ਚੈਪਟਰ ਦੇ ਕਨਵੀਨਰ ਬਲਤੇਜ ਸਿੰਘ ਬਰਾੜ, ਪ੍ਰਿੰਸੀਪਲ ਅਨੁਰਾਧਾ ਚੰਦੇਲ, ਰੰਜਨ ਸ਼ਰਮਾ, ਡਾ. ਅਮਨ ਚੁੱਘ, ਡਾ. ਕੁਲਵਿੰਦਰ ਨੰਦਾ, ਅਨੁਰਾਗ ਐਰੀ, ਡਾ. ਕੇਸੀ ਅਰੋੜਾ, ਰਾਜੇਸ਼ ਵਰਮਾ, ਐਡਵੋਕੇਟ ਵਿਵੇਕ ਜੈਨ, ਯੋਗੇਸ਼ ਬਾਂਸਲ, ਅਕਸ਼ੈ ਗਲਹੋਤਰਾ ਸਮੇਤ ਹੋਰ ਵੀ ਪਤਵੰਤੇ ਹਾਜ਼ਰ ਸਨ।