ਵਿਧਾਨ ਸਭਾ ਚੋਣਾਂ-2027 ਦੀਆਂ ਤਿਆਰੀਆਂ ਤਹਿਤ ਡੀਸੀ ਵੱਲੋਂ ਸਿਆਸੀ ਪਾਰਟੀਆਂ ਦੇ ਪ੍ਰਤੀਨਿਧੀਆਂ ਨਾਲ ਮੀਟਿੰਗ ਵਿਧਾਨ ਸਭਾ ਚੋਣਾਂ-2027 ਦੀਆਂ ਤਿਆਰੀਆਂ ਤਹਿਤ ਈਵੀਐਮ ਅਤੇ ਵੀਵੀਪੈਟ ਮਸ਼ੀਨਾਂ ਦੀ ਫਸਟ ਲੈਵਲ ਚੈਕਿੰਗ ਸਬੰਧੀ ਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿਧੀਆਂ ਨਾਲ ਮੀਟਿੰਗ
Publish Date: Thu, 05 Nov 2026 04:11 PM (IST)
Updated Date: Fri, 06 Nov 2026 04:02 AM (IST)
-12 ਨਵੰਬਰ ਤੋਂ ਈਵੀਐੱਮ ਵੇਅਰਹਾਊਸ, ਫ਼ਿਰੋਜ਼ਪੁਰ ਵਿਖੇ ਸ਼ੁਰੂ ਹੋਵੇਗੀ ਫਸਟ ਲੈਵਲ ਚੈਕਿੰਗ ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ : ਪੰਜਾਬ ਵਿਧਾਨ ਸਭਾ ਚੋਣਾਂ-2027 ਦੀਆਂ ਤਿਆਰੀਆਂ ਤਹਿਤ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਚੋਣ ਤਹਿਸੀਲਦਾਰ ਸੁਖਦੇਵ ਸਿੰਘ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਫ਼ਿਰੋਜ਼ਪੁਰ ਵਿਖੇ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿਧੀਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਈ.ਵੀ.ਐੱਮ. ਅਤੇ ਵੀ.ਵੀ.ਪੈਟ ਮਸ਼ੀਨਾਂ ਦੀ ਫਸਟ ਲੈਵਲ ਚੈਕਿੰਗ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਇਸ ਮੌਕੇ ਚੋਣ ਤਹਿਸੀਲਦਾਰ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਦੀਆਂ ਮਸ਼ੀਨਾਂ ਦੀ ਫਸਟ ਲੈਵਲ ਚੈਕਿੰਗ 12 ਨਵੰਬਰ 2026 ਤੋਂ ਈ.ਵੀ.ਐਮ. ਵੇਅਰਹਾਊਸ, ਹਾਊਸਿੰਗ ਬੋਰਡ ਕਲੋਨੀ, ਫ਼ਿਰੋਜ਼ਪੁਰ ਵਿਖੇ ਸ਼ੁਰੂ ਹੋਵੇਗੀ। ਇਹ ਚੈਕਿੰਗ ਭਾਰਤ ਇਲੈਕਟਰੋਨਿਕਸ ਲਿਮਿਟਿਡ ਦੇ ਅਧਿਕਾਰਤ ਇੰਜੀਨੀਅਰਾਂ ਵੱਲੋਂ ਕੀਤੀ ਜਾਵੇਗੀ ਅਤੇ ਛੁੱਟੀ ਵਾਲੇ ਦਿਨਾਂ ਸਮੇਤ ਰੋਜ਼ਾਨਾ ਸਵੇਰੇ 9 ਵਜੇ ਤੋਂ ਸ਼ਾਮ 7 ਵਜੇ ਤੱਕ ਜਾਰੀ ਰਹੇਗੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ 935 ਪੋਲਿੰਗ ਸਟੇਸ਼ਨਾਂ ਲਈ 2133 ਬੈਲਟ ਯੂਨਿਟਾਂ, 1406 ਕੰਟਰੋਲ ਯੂਨਿਟਾਂ ਅਤੇ 1494 ਵੀ.ਵੀ.ਪੈਟ ਮਸ਼ੀਨਾਂ ਦੀ ਫਸਟ ਲੈਵਲ ਚੈਕਿੰਗ ਕੀਤੀ ਜਾਵੇਗੀ। ਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿਧੀਆਂ ਦੀ ਮੌਜੂਦਗੀ ਵਿੱਚ ਮਸ਼ੀਨਾਂ ਖੋਲ੍ਹ ਕੇ ਅੰਦਰਲੇ ਪੁਰਜ਼ਿਆਂ ਦੀ ਜਾਂਚ ਕੀਤੀ ਜਾਵੇਗੀ ਅਤੇ ਭਾਰਤ ਇਲੈਕਟਰੋਨਿਕ ਲਿਮਿਟਡ ਦੇ ਇੰਜੀਨੀਅਰਾਂ ਵੱਲੋਂ ਇਹ ਪ੍ਰਮਾਣਿਤ ਕੀਤਾ ਜਾਵੇਗਾ ਕਿ ਮਸ਼ੀਨਾਂ ਦੇ ਸਾਰੇ ਪੁਰਜ਼ੇ ਅਸਲੀ ਹਨ। ਹਰ ਮਸ਼ੀਨ ਦੇ ਹਰੇਕ ਬਟਨ ਲਈ 6 ਵੋਟਾਂ ਦੀ ਮੌਕ ਪੋਲ ਕਰਕੇ ਕੰਟਰੋਲ ਯੂਨਿਟ ਦੇ ਨਤੀਜੇ ਦਾ ਵੀ.ਵੀ.ਪੈਟ. ਪਰਚੀਆਂ ਨਾਲ ਮਿਲਾਨ ਕੀਤਾ ਜਾਵੇਗਾ। ਇਸ ਤੋਂ ਇਲਾਵਾ 2 ਫ਼ੀਸਦੀ ਮਸ਼ੀਨਾਂ ’ਤੇ 500 ਵੋਟਾਂ, 2 ਫ਼ੀਸਦੀ ਮਸ਼ੀਨਾਂ ’ਤੇ 1000 ਵੋਟਾਂ ਅਤੇ 1 ਫ਼ੀਸਦੀ ਮਸ਼ੀਨਾਂ ’ਤੇ 1200 ਵੋਟਾਂ ਦੀ ਵਿਸਤ੍ਰਿਤ ਮੌਕ ਪੋਲ ਵੀ ਕੀਤੀ ਜਾਵੇਗੀ। ਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿਧੀ ਮੌਕ ਪੋਲ ਲਈ ਮਸ਼ੀਨਾਂ ਆਪਣੀ ਮਰਜ਼ੀ ਨਾਲ ਚੁਣ ਸਕਣਗੇ ਅਤੇ ਲੋੜ ਅਨੁਸਾਰ ਖ਼ੁਦ ਵੀ ਵੋਟਾਂ ਪਾ ਸਕਣਗੇ। ਠੀਕ ਕੰਟਰੋਲ ਯੂਨਿਟਾਂ ਨੂੰ ਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿਧੀਆਂ ਦੀ ਹਾਜ਼ਰੀ ਵਿੱਚ ਪਿੰਕ ਪੇਪਰ ਸੀਲ ਨਾਲ ਸੀਲ ਕੀਤਾ ਜਾਵੇਗਾ ਅਤੇ ਸੀਲ ’ਤੇ ਉਨ੍ਹਾਂ ਦੇ ਦਸਤਖ਼ਤ ਵੀ ਲਏ ਜਾਣਗੇ। ਸੀਲ ਨੰਬਰਾਂ ਵਾਲੇ ਰਜਿਸਟਰ ਦੀ ਕਾਪੀ ਅਤੇ ਫਸਟ ਲੈਵਲ ਚੈਕਿੰਗ ਮੁਕੰਮਲ ਹੋਣ ਉਪਰੰਤ ਠੀਕ ਪਾਈਆਂ ਗਈਆਂ ਮਸ਼ੀਨਾਂ ਦੀ ਸੂਚੀ ਸਾਰੀਆਂ ਸਬੰਧਤ ਰਾਜਨੀਤਿਕ ਪਾਰਟੀਆਂ ਨੂੰ ਮੁਹੱਈਆ ਕਰਵਾਈ ਜਾਵੇਗੀ। ਚੋਣ ਤਹਿਸੀਲਦਾਰ ਨੇ ਕਿਹਾ ਕਿ ਚੋਣ ਪ੍ਰਕਿਰਿਆ ਵਿੱਚ ਪੂਰੀ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਫਸਟ ਲੈਵਲ ਚੈਕਿੰਗ ਦੀ ਸਮੁੱਚੀ ਪ੍ਰਕਿਰਿਆ ਦੀ ਵੈੱਬਕਾਸਟਿੰਗ ਅਤੇ ਵੀਡੀਓ ਰਿਕਾਰਡਿੰਗ ਕੀਤੀ ਜਾਵੇਗੀ। ਫਸਟ ਲੈਵਲ ਚੈਕਿੰਗ ਹਾਲ ਵਿੱਚ 24 ਘੰਟੇ ਹਥਿਆਰਬੰਦ ਪੁਲਿਸ ਗਾਰਦ ਤਾਇਨਾਤ ਰਹੇਗੀ ਅਤੇ ਸੀ.ਸੀ.ਟੀ.ਵੀ. ਕੈਮਰਿਆਂ ਰਾਹੀਂ ਨਿਗਰਾਨੀ ਕੀਤੀ ਜਾਵੇਗੀ। ਚੋਣ ਤਹਿਸੀਲਦਾਰ ਨੇ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਅਧਿਕਾਰਤ ਪ੍ਰਤੀਨਿਧੀਆਂ ਦੇ ਨਾਮ, ਮੋਬਾਈਲ ਨੰਬਰ ਅਤੇ ਅਧਿਕਾਰ-ਪੱਤਰ 10 ਨਵੰਬਰ 2026 ਤੱਕ ਜ਼ਿਲ੍ਹਾ ਚੋਣ ਦਫ਼ਤਰ ਨੂੰ ਭੇਜ ਦੇਣ, ਤਾਂ ਜੋ ਉਨ੍ਹਾਂ ਨੂੰ ਸਮੇਂ ਸਿਰ ਪਾਸ ਜਾਰੀ ਕੀਤੇ ਜਾ ਸਕਣ। ਉਨ੍ਹਾਂ ਪਾਰਟੀਆਂ ਦੇ ਪ੍ਰਤੀਨਿਧੀਆਂ ਨੂੰ ਫਸਟ ਲੈਵਲ ਚੈਕਿੰਗ ਦੀ ਪੂਰੀ ਪ੍ਰਕਿਰਿਆ ਦੌਰਾਨ ਹਾਜ਼ਰ ਰਹਿਣ ਅਤੇ ਪੂਰਾ ਸਹਿਯੋਗ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਨਾਲ ਚੋਣ ਪ੍ਰਕਿਰਿਆ ਨੂੰ ਨਿਰਪੱਖ, ਪਾਰਦਰਸ਼ੀ ਅਤੇ ਭਰੋਸੇਯੋਗ ਢੰਗ ਨਾਲ ਨੇਪਰੇ ਚਾੜ੍ਹਨ ਵਿੱਚ ਮਦਦ ਮਿਲੇਗੀ। ਮੀਟਿੰਗ ਵਿਚ ਸੀ.ਪੀ.ਆਈ. (ਐਮ) ਵੱਲੋਂ ਹੀਰਾ ਸਿੰਘ, ਭਾਰਤੀ ਜਨਤਾ ਪਾਰਟੀ ਵੱਲੋਂ ਸੁਰਿੰਦਰਪਾਲ ਸਿੰਘ, ਬਹੁਜਨ ਸਮਾਜ ਪਾਰਟੀ ਵੱਲੋਂ ਅਸ਼ੋਕ ਕੁਮਾਰ ਅਤੇ ਆਈ.ਐੱਨ.ਸੀ. ਵੱਲੋਂ ਗੁਰਭਜਨ ਸਿੰਘ ਤੋਂ ਇਲਾਵਾ ਜ਼ਿਲ੍ਹਾ ਚੋਣ ਦਫ਼ਤਰ ਦੇ ਅਧਿਕਾਰੀ/ਕਰਮਚਾਰੀ ਹਾਜ਼ਰ ਸਨ