ਪਰਾਲੀ ਦੀ ਸੰਭਾਲ ਯਕੀਨੀ ਬਣਾਉਣ ਲਈ ਬੇਲਰ ਮਾਲਕਾਂ ਨਾਲ ਚਰਚਾ ਪਰਾਲੀ ਦੀ ਸੰਭਾਲ ਲਈ ਬੇਲਰ ਮਾਲਕਾਂ ਨਾਲ ਮੀਟਿੰਗ
Publish Date: Wed, 26 Aug 2026 04:31 PM (IST)
Updated Date: Wed, 26 Aug 2026 04:34 PM (IST)
ਹਰਚਰਨ ਸਿੰਘ ਸਾਮਾ, ਪੰਜਾਬੀ ਜਾਗਰਣ ਫਿਰੋਜ਼ਪੁਰ : ਆਗਾਮੀ ਝੋਨੇ ਦੇ ਸੀਜ਼ਨ ਦੌਰਾਨ ਪਰਾਲੀ ਦੀ ਸਾਂਭ-ਸੰਭਾਲ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਯਕੀਨੀ ਬਣਾਉਣ ਲਈ ਖੇਤੀਬਾੜੀ ਵਿਭਾਗ ਵੱਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸੇ ਤਹਿਤ ਫਿਰੋਜ਼ਪੁਰ ਬਲਾਕ ਦੇ ਏਡੀਓ ਨੀਰਜ ਸ਼ਰਮਾ ਵੱਲੋਂ ਆਪਣੇ ਬਲਾਕ ਦੇ ਬੇਲਰ ਮਸ਼ੀਨ ਮਾਲਕਾਂ ਨਾਲ ਵਿਸ਼ੇਸ਼ ਮੀਟਿੰਗ ਕਰਕੇ ਪਰਾਲੀ ਦੀ ਸੰਭਾਲ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਦੌਰਾਨ ਕਰੀਬ 10-12 ਬੇਲਰ ਮਸ਼ੀਨ ਮਾਲਕਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਬੇਲਰ ਮਾਲਕਾਂ ਵੱਲੋਂ ਉਨ੍ਹਾਂ ਪਿੰਡਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਝੋਨੇ ਦੀ ਕਟਾਈ ਉਪਰੰਤ ਪਰਾਲੀ ਨੂੰ ਬੇਲਰ ਮਸ਼ੀਨਾਂ ਰਾਹੀਂ ਇਕੱਠਾ ਕਰਕੇ ਸੰਭਾਲਣ ਦੀਆਂ ਸੰਭਾਵਨਾਵਾਂ ਮੌਜ਼ੂਦ ਹਨ। ਇਸ ਤੋਂ ਇਲਾਵਾ ਪਰਾਲੀ ਦੀਆਂ ਗੱਠਾਂ ਤਿਆਰ ਕਰਨ, ਉਨ੍ਹਾਂ ਨੂੰ ਖੇਤਾਂ ਵਿੱਚੋਂ ਚੁਕਵਾਉਣ ਅਤੇ ਅੱਗੇ ਯੋਗ ਥਾਵਾਂ ’ਤੇ ਪਹੁੰਚਾਉਣ ਸਬੰਧੀ ਵੀ ਵਿਚਾਰ ਕੀਤਾ ਗਿਆ। ਏਡੀਓ ਨੀਰਜ ਸ਼ਰਮਾ ਨੇ ਕਿਹਾ ਕਿ ਝੋਨੇ ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਪਰਾਲੀ ਪ੍ਰਬੰਧਨ ਲਈ ਲੋੜੀਂਦੇ ਉਪਰਾਲੇ ਕੀਤੇ ਜਾ ਰਹੇ ਹਨ, ਤਾਂ ਜੋ ਕਿਸਾਨਾਂ ਨੂੰ ਪਰਾਲੀ ਦੀ ਸੰਭਾਲ ਲਈ ਸੁਚੱਜੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ। ਉਨ੍ਹਾਂ ਕਿਹਾ ਕਿ ਬੇਲਰ ਮਸ਼ੀਨ ਮਾਲਕਾਂ ਦੀ ਭੂਮਿਕਾ ਪਰਾਲੀ ਪ੍ਰਬੰਧਨ ਵਿੱਚ ਬਹੁਤ ਅਹਿਮ ਹੈ ਅਤੇ ਵਿਭਾਗ ਵੱਲੋਂ ਉਨ੍ਹਾਂ ਨਾਲ ਲਗਾਤਾਰ ਤਾਲਮੇਲ ਬਣਾਈ ਰੱਖਿਆ ਜਾਵੇਗਾ। ਉਨ੍ਹਾਂ ਬੇਲਰ ਮਾਲਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ-ਆਪਣੇ ਖੇਤਰਾਂ ਵਿਚ ਕਿਸਾਨਾਂ ਨਾਲ ਤਾਲਮੇਲ ਕਰਕੇ ਪਰਾਲੀ ਦੀ ਸਮੇਂ ਸਿਰ ਸੰਭਾਲ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਇਸ ਦੀ ਯੋਗ ਤਰੀਕੇ ਨਾਲ ਸੰਭਾਲ ਕਰਕੇ ਵਾਤਾਵਰਣ ਦੀ ਸੁਰੱਖਿਆ ਦੇ ਨਾਲ-ਨਾਲ ਖੇਤੀਬਾੜੀ ਲਈ ਵੀ ਲਾਹੇਵੰਦ ਬਣਾਇਆ ਜਾ ਸਕਦਾ ਹੈ। ਮੀਟਿੰਗ ਵਿਚ ਸ਼ਾਮਲ ਬੇਲਰ ਮਾਲਕਾਂ ਨੇ ਵੀ ਵਿਭਾਗ ਨੂੰ ਭਰੋਸਾ ਦਿੱਤਾ ਕਿ ਆਗਾਮੀ ਝੋਨੇ ਦੇ ਸੀਜ਼ਨ ਦੌਰਾਨ ਪਰਾਲੀ ਦੀ ਸੰਭਾਲ ਲਈ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ। ਵਿਭਾਗ ਵੱਲੋਂ ਇਸ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਲਈ ਪਿੰਡ ਪੱਧਰ ’ਤੇ ਕਿਸਾਨਾਂ ਨਾਲ ਸੰਪਰਕ ਅਤੇ ਜਾਗਰੂਕਤਾ ਗਤੀਵਿਧੀਆਂ ਵੀ ਜਾਰੀ ਰੱਖਣ ਦੀ ਗੱਲ ਆਖੀ ਗਈ।