ਮੈਡੀਕਲ ਸਟੋਰਾਂ ’ਤੇ ਛਾਪੇਮਾਰੀ ਦੌਰਾਨ 43 ਲੱਖ ਰੁਪਏ ਦੀਆਂ ਦਵਾਈਆਂ ਜ਼ਬਤ ਮੈਡੀਕਲ ਸਟੋਰਾਂ ’ਤੇ ਛਾਪੇਮਾਰੀ ਦੌਰਾਨ 43 ਲੱਖ ਰੁਪਏ ਦੀਆਂ ਦਵਾਈਆਂ ਜ਼ਬਤ
Publish Date: Sat, 19 Sep 2026 04:00 PM (IST)
Updated Date: Sat, 19 Sep 2026 04:02 PM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਫਿਰੋਜ਼ਪੁਰ, ਫਾਜ਼ਿਲਕਾ ਤੇ ਫਰੀਦਕੋਟ ਦੇ ਡਰੱਗ ਕੰਟਰੋਲ ਅਫਸਰਾਂ ’ਤੇ ਅਧਾਰਿਤ ਇਕ ਸਾਂਝੀ ਟੀਮ ਵੱਲੋਂ ਫਿਰੋਜ਼ਪੁਰ ਦੇ ਵੱਖ-ਵੱਖ ਮੈਡੀਕਲ ਸਟੋਰਾਂ ਅਤੇ ਗੋਦਾਮਾਂ ਤੇ ਛਾਪੇਮਾਰੀ ਕਰਦਿਆਂ ਕਰੀਬ 43 ਲੱਖ ਰੁਪਏ ਮੁੱਲ ਦੀਆਂ ਦਵਾਈਆਂ ਜਬਤ ਕੀਤੀਆਂ ਗਈਆਂ ਹਨ। ‘ਡਰੱਗਜ਼ ਅਤੇ ਕਾਸਮੈਟਿਕਸ ਐਕਟ’ ਤਹਿਤ ਗੈਰ-ਕਾਨੂੰਨੀ ਦਵਾਈਆਂ ਦੀ ਵਿਕਰੀ ਕਰਨ ਵਾਲਿਆਂ ਵਿਰੁੱਧ ਅਮਲ ਵਿੱਚ ਲਿਆਂਦੀ ਗਈ ਇਸ ਕਾਰਵਾਈ ਵਿੱਚ ਡਰੱਗ ਕੰਟਰੋਲ ਅਫ਼ਸਰ ਫ਼ਿਰੋਜ਼ਪੁਰ ਸੋਨੀਆ ਗੁਪਤਾ, ਡਰੱਗ ਕੰਟਰੋਲ ਅਫ਼ਸਰ ਫ਼ਰੀਦਕੋਟ ਹਰਜਿੰਦਰ ਸਿੰਘ ਅਤੇ ਡਰੱਗ ਕੰਟਰੋਲ ਅਫ਼ਸਰ ਫਾਜ਼ਿਲਕਾ ਹਰਿਤਾ ਬੰਸਲ ਵੀ ਸ਼ਾਮਲ ਸਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਭਾਗੀ ਅਧਿਕਾਰੀਆਂ ਨੇ ਦੱਸਿਆ ਕਿ ਛਾਪੇਮਾਰੀ ਦੌਰਾਨ ਟੀਮ ਵੱਲੋਂ ਸਭ ਤੋਂ ਪਹਿਲਾਂ ਮੈਸ. ਪਿਲ ਕਲੱਬ, ਫਿਰੋਜ਼ਪੁਰ ਸਿਟੀ ਦੀ ਚੈਕਿੰਗ ਕੀਤੀ ਗਈ। ਜਾਂਚ ਦੌਰਾਨ ਮੌਕੇ ਤੇ ਸਬੰਧਤ ਫਰਮ ਦੇ ਮਾਲਕ ਕੋਲੋ ਜਦੋ ਦਵਾਈਆ ਦੇ ਖਰੀਦ-ਵਿਕਰੀ ਦੇ ਰਿਕਾਰਡ ਦੀ ਚੈਕਿੰਗ ਕੀਤੀ ਗਈ ਤਾਂ ਵੱਡੀਆਂ ਖਾਮੀਆਂ ਪਾਈਆਂ ਗਈ। ਸਬੰਧਤ ਫਰਮ ਦਾ ਮਾਲਕ ਇਸ ਬਾਰੇ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕਿਆ। ਇਸ ਦੇ ਚੱਲਦਿਆਂ ਟੀਮ ਨੇ 5 ਤਰ੍ਹਾਂ ਦੀਆਂ ਐਲੋਪੈਥਿਕ ਦਵਾਈਆਂ ਜ਼ਬਤ ਕੀਤੀਆਂ, ਜਿਨ੍ਹਾਂ ਵਿੱਚ 14,100 ਟੈਬਲੇਟਾਂ ਅਤੇ 7,920 ਐਮ ਟੀ ਪੀ ਕਿੱਟਾਂ ਸ਼ਾਮਲ ਹਨ। ਜ਼ਬਤ ਕੀਤੀਆਂ ਗਈਆਂ ਦਵਾਈਆਂ ਦੀ ਕੁੱਲ ਕੀਮਤ 30,24,380 ਰੁਪਏ ਦੇ ਕਰੀਬ ਬਣਦੀ ਹੈ।ਇਸ ਉਪਰੰਤ ਟੀਮ ਵੱਲੋਂ ਮੈਸ. ਆਰ.ਐਸ. ਫਾਰਮਾ ਦੇ ਗੋਬਰ ਮੰਡੀ ਸਥਿੱਤ ਗੋਦਾਮ ਚ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਫਰਮ ਦੇ ਮਾਲਕ ਜੋ ਕਿ ਮੌਕੇ ਤੇ ਮੌਜੂਦ ਸਨ ਕੋਲੋ ਸਟਾਕ ਅਤੇ ਖਰੀਦ-ਵੇਚ ਰਿਕਾਰਡ ਦੀ ਚੈਕਿੰਗ ਕੀਤੀ ਤਾਂ ਇਥੇ ਵੀ ਰਿਕਾਰਡ ਵਿੱਚ ਕਾਫ਼ੀ ਖਾਮੀਆ ਪਾਈਆਂ ਗਈਆਂ। ਟੀਮ ਵੱਲੋਂ ਮੌਕੇ ਤੇ 8 ਵੱਖ-ਵੱਖ ਤਰ੍ਹਾਂ ਦੀਆਂ ਦਵਾਈਆਂ ਜ਼ਬਤ ਕੀਤੀਆਂ ਗਈਆਂ, ਜਿਨ੍ਹਾਂ ਵਿੱਚ 1,511 ਐਮ ਟੀ ਪੀ ਕਿੱਟਾਂ, 44,400 ਕੈਪਸੂਲ ਅਤੇ 1,569 ਟੈਬਲੇਟਾਂ ਸ਼ਾਮਲ ਹਨ। ਇਸ ਜ਼ਬਤੀ ਦੀ ਕੁੱਲ ਕੀਮਤ ਲਗਭਗ 12,75,698 ਰੁਪਏ ਹੈ। ਇਸ ਪੂਰੀ ਕਾਰਵਾਈ ਦੌਰਾਨ ਸਿਹਤ ਵਿਭਾਗ ਦੀ ਟੀਮ ਨੇ ਕੁੱਲ 42,99,978 ਰੁਪਏ ਦੀਆਂ ਅਨਿਯਮਿਤ ਦਵਾਈਆਂ ਅਤੇ ਐਮ ਟੀ ਪੀ ਕਿੱਟਾਂ ਜ਼ਬਤ ਕੀਤੀਆਂ ਗਈਆ। ਡਰੱਗ ਕੰਟਰੋਲ ਅਫ਼ਸਰ ਫਿਰੋਜ਼ਪੁਰ ਸੋਨੀਆ ਗੁਪਤਾ ਨੇ ਦੱਸਿਆ ਕਿ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ ਅਤੇ ਡਰੱਗਜ਼ ਐਂਡ ਕਾਸਮੈਟਿਕਸ ਐਕਟ ਤਹਿਤ ਸਬੰਧਤ ਫਰਮਾ ਖਿਲਾਫ ਬਣਦੀ ਵਿਭਾਗੀ ਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।