ਜਣੇਪੇ ਦੌਰਾਨ ਮਾਵਾਂ ਦੀਆਂ ਮੌਤਾਂ ਨੇ ਵਜਾਈ ਖ਼ਤਰੇ ਦੀ ਘੰਟੀ ਜਣੇਪੇ ਦੌਰਾਨ ਮਾਵਾਂ ਦੀਆਂ ਮੌਤਾਂ ਕਾਰਣ ਚਿੰਤਾ
Publish Date: Wed, 01 Jul 2026 06:27 PM (IST)
Updated Date: Wed, 01 Jul 2026 06:28 PM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਫਿਰੋਜ਼ਪੁਰ ਜ਼ਿਲ੍ਹੇ ਵਿੱਚ ਜਣੇਪੇ ਦੌਰਾਨ ਗਰਭਵਤੀ ਔਰਤਾਂ ਦੀਆਂ ਮੌਤਾਂ ਨੇ ਸਿਹਤ ਵਿਭਾਗ ਦੀ ਚਿੰਤਾ ਵਧਾ ਦਿੱਤੀ ਹੈ। ਖ਼ਾਸ ਕਰਕੇ ਗੁਰੂਹਰਸਹਾਏ ਅਤੇ ਕੱਸੂਆਣਾ ਸਿਹਤ ਬਲਾਕਾਂ ਵਿੱਚ ਬੀਤੇ ਸਮੇਂ ਦੌਰਾਨ ਵਾਪਰੀਆਂ ਮਾਤਰੀ ਮੌਤਾਂ ਨੇ ਸਰਕਾਰੀ ਸਿਹਤ ਪ੍ਰਣਾਲੀ ਦੀ ਕਾਰਗੁਜ਼ਾਰੀ ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਇਸ ਸਬੰਧੀ ਸਿਹਤ ਵਿਭਾਗ ਵੱਲੋਂ ਮੀਟਿੰਗ ਕਰਕੇ ਚਿੰਤਾ ਤਾਂ ਜਾਹਿਰ ਕੀਤੀ ਜਾ ਰਹੀ ਹੈ ਪਰ , ਹੈਰਾਨੀ ਦੀ ਗੱਲ ਇਹ ਹੈ ਕਿ ਲਗਾਤਾਰ ਹੋਈਆਂ ਮੌਤਾਂ ਦੇ ਬਾਵਜੂਦ ਅਜੇ ਤੱਕ ਕਿਸੇ ਅਧਿਕਾਰੀ ਜਾਂ ਸਿਹਤ ਕਰਮਚਾਰੀ ਦੀ ਜ਼ਿੰਮੇਵਾਰੀ ਤੈਅ ਨਹੀਂ ਕੀਤੀ ਗਈ ਹੈ। ਇਸ ਗੰਭੀਰ ਸਥਿਤੀ ਦੇ ਮੱਦੇਨਜ਼ਰ ਸਿਵਲ ਸਰਜਨ ਦਫ਼ਤਰ ਫਿਰੋਜ਼ਪੁਰ ਵਿਖੇ (ਆਈ.ਏ.ਐੱਸ. ਅੰਡਰ ਟ੍ਰੇਨਿੰਗ) ਹਿਮਾਂਸ਼ੂ ਦੀ ਪ੍ਰਧਾਨਗੀ ਹੇਠ ਇੱਕ ਉੱਚ ਪੱਧਰੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਜ਼ਿਲ੍ਹੇ ਅੰਦਰ ,ਖਾਸ ਕਰਕੇ ਗੁਰੂਹਰਸਹਾਏ ਅਤੇ ਕੱਸੂਆਣਾ ਵਿੱਚ ਹੋਈਆਂ ਮਾਤਰੀ ਮੌਤਾਂ ਦੇ ਕੇਸਾਂ ਦੀ ਸਮੀਖਿਆ ਕਰਕੇ ਕਾਰਨਾਂ ਦਾ ਵਿਸ਼ਲੇਸ਼ਣ ਕੀਤਾ ਗਿਆ। ਮੀਟਿੰਗ ਵਿੱਚ ਸਿਵਲ ਸਰਜਨ ਡਾ. ਮੀਨਾਕਸ਼ੀ ਢੀਂਗਰਾ, ਸਹਾਇਕ ਸਿਵਲ ਸਰਜਨ ਡਾ. ਸੁਸ਼ਮਾ ਠੱਕਰ, ਵੱਖ-ਵੱਖ ਬਲਾਕਾਂ ਦੇ ਐੱਸ.ਐੱਮ.ਓ., ਗਾਇਨੀ ਮਾਹਿਰਾਂ ਅਤੇ ਪੈਰਾ-ਮੈਡੀਕਲ ਸਟਾਫ ਨੇ ਹਿੱਸਾ ਲਿਆ। ਮੀਟਿੰਗ ਦੌਰਾਨ ਆਈ ਏ ਐਸ ਹਿਮਾਂਸ਼ੂ ਨੇ ਅਧਿਕਾਰੀਆਂ ਨੂੰ ਗਰਭਵਤੀ ਮਹਿਲਾਵਾਂ ਦੀ ਜਲਦੀ ਰਜਿਸਟ੍ਰੇਸ਼ਨ, ਨਿਯਮਤ ਜਾਂਚ, ਉੱਚ ਜੋਖਮ ਵਾਲੇ ਕੇਸਾਂ ਦੀ ਡਿਜ਼ੀਟਲ ਟਰੈਕਿੰਗ ਅਤੇ ਹਰ ਜਣੇਪਾ ਸਰਕਾਰੀ ਹਸਪਤਾਲ ਵਿੱਚ ਕਰਵਾਉਣ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ।ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਿਤਵ ਅਭਿਆਨ ਤਹਿਤ ਵਿਸ਼ੇਸ਼ ਜਾਂਚ ਕੈਂਪ, ਉੱਚ ਜੋਖਮ ਵਾਲੀਆਂ ਗਰਭਵਤੀਆਂ ਦੀ ਵੱਖਰੀ ਨਿਗਰਾਨੀ ਅਤੇ ਜਣੇਪੇ ਮਗਰੋਂ ਖੂਨ ਵਹਿਣ ਨੂੰ ਰੋਕਣ ਲਈ ਨਾਨ-ਨਿਊਮੈਟਿਕ ਐਂਟੀ-ਸ਼ੌਕ ਗਾਰਮੈਂਟ ਦੀ ਵਰਤੋਂ ਵਧਾਉਣ ਦਾ ਵੀ ਫ਼ੈਸਲਾ ਕੀਤਾ ਗਿਆ। ਜਿਕਰਯੋਗ ਹੈ ਕਿ ਸਿਹਤ ਵਿਭਾਗ ਦੇ ਅੰਦਰੂਨੀ ਵਿਸ਼ਲੇਸ਼ਣ ਅਨੁਸਾਰ ਦਾਅਵਾ ਕੀਤਾ ਗਿਆ ਹੈ ਕਿ 2024-25 ਦੌਰਾਨ ਫਿਰੋਜ਼ਪੁਰ ਦਾ ਮਾਤਰੀ ਮੌਤ ਅਨੁਪਾਤ ਚਿੰਤਾਜਨਕ ਪੱਧਰ ਤੇ ਪਹੁੰਚ ਗਿਆ ਸੀ। ਉਸ ਸਮੇਂ ਹਰ ਮਹੀਨੇ ਔਸਤ ਤਿੰਨ ਤੋਂ ਪੰਜ ਮਾਵਾਂ ਦੀ ਮੌਤ ਦਰਜ ਹੋ ਰਹੀ ਸੀ। ਹਾਲਾਂਕਿ ਵਿਭਾਗ ਦਾ ਦਾਅਵਾ ਹੈ ਕਿ ਉੱਚ ਜੋਖਮ ਵਾਲੀਆਂ ਗਰਭਵਤੀ ਮਹਿਲਾਵਾਂ ਦੀ ਨਿਗਰਾਨੀ, ਸੰਸਥਾਗਤ ਜਣੇਪਿਆਂ ਨੂੰ ਉਤਸ਼ਾਹ ਅਤੇ ਵਿਸ਼ੇਸ਼ ਸਿਹਤ ਦਖ਼ਲਾਂ ਕਾਰਨ ਹਾਲੀਆ ਸਮੇਂ ਵਿੱਚ ਮੌਤ ਦਰ ਵਿੱਚ ਕਮੀ ਆਈ ਹੈ ਅਤੇ ਕਈ ਮਹੀਨਿਆਂ ਦੌਰਾਨ ਇਹ ਗਿਣਤੀ ਜ਼ੀਰੋ ਜਾਂ ਇੱਕ ਤੱਕ ਸੀਮਤ ਰਹੀ ਹੈ। ਆਡਿਟ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਗੰਭੀਰ ਅਨੀਮੀਆ, ਜਣੇਪੇ ਮਗਰੋਂ ਵੱਧ ਖੂਨ ਵਹਿਣ , ਗਰਭ ਅਵਸਥਾ ਦੌਰਾਨ ਹਾਈ ਬਲੱਡ ਪ੍ਰੈਸ਼ਰ , ਘੱਟ ਭਾਰ ਵਾਲੇ ਨਵਜੰਮੇ ਬੱਚੇ ਅਤੇ ਸਮੇਂ ਸਿਰ ਉੱਚ ਸਿਹਤ ਕੇਂਦਰਾਂ ਵਿੱਚ ਰੈਫਰ ਨਾ ਹੋਣਾ ਮਾਤਰੀ ਮੌਤਾਂ ਦੇ ਮੁੱਖ ਕਾਰਨਾਂ ਵਿੱਚ ਸ਼ਾਮਲ ਹਨ। ਗੁਰੂਹਰਸਹਾਏ ਵਿੱਚ 2023-24 ਦੌਰਾਨ ਮਾਤਰੀ ਮੌਤਾਂ ਦੀ ਦਰ ਸੱਭ ਤੋਂ ਵੱਧ ਰਹੀ , ਜਦਕਿ ਕੱਸੂਆਣਾ ਨੂੰ ਵੀ ਉੱਚ ਜੋਖਮ ਵਾਲੇ ਬਲਾਕ ਵਜੋਂ ਚਿੰਨ੍ਹਿਤ ਕੀਤਾ ਗਿਆ ਹੈ। ਲਾਪਰਵਾਹੀ ਲਈ ਹਾਲੇ ਤੱਕ ਕਿਸੇ ਦੀ ਜ਼ਿੰਮੇਵਾਰੀ ਤੈਅ ਨਹੀਂ ਸਭ ਤੋਂ ਵੱਡਾ ਸਵਾਲ ਅਜੇ ਵੀ ਬਰਕਰਾਰ ਹੈ ਕਿ ਜੇ ਹਰ ਮਾਤਰੀ ਮੌਤ ਦੀ ਸਮੀਖਿਆ ਕੀਤੀ ਜਾਂਦੀ ਹੈ ਤਾਂ ਜਿਨ੍ਹਾਂ ਮਾਮਲਿਆਂ ਵਿੱਚ ਲਾਪਰਵਾਹੀ ਜਾਂ ਇਲਾਜ ਵਿੱਚ ਦੇਰੀ ਸਾਹਮਣੇ ਆਉਂਦੀ ਹੈ, ਉਨ੍ਹਾਂ ਲਈ ਜ਼ਿੰਮੇਵਾਰ ਕੌਣ ਹੈ? ਜਦੋਂ ਤੱਕ ਇਸ ਸਵਾਲ ਦਾ ਜਵਾਬ ਨਹੀਂ ਮਿਲਦਾ, ਉਦੋਂ ਤੱਕ ਮਾਤਰੀ ਮੌਤਾਂ ਨੂੰ ਸਿਰਫ਼ ਅੰਕੜਿਆਂ ਤੱਕ ਸੀਮਤ ਕਰਕੇ ਦੇਖਣਾ ਸਿਹਤ ਪ੍ਰਣਾਲੀ ਲਈ ਵੱਡੀ ਚੁਣੌਤੀ ਬਣਿਆ ਰਹੇਗਾ। ਮਾਤਰੀ ਮੌਤਾਂ ਦਾ ਪ੍ਰਚਾਰ ਕਰਕੇ ਮੈਡੀਕਲ ਮਾਫੀਆ ਦੀ ਮਦਦ ਤਾਂ ਨਹੀਂ ਕਰ ਰਿਹਾ ਸਿਹਤ ਵਿਭਾਗ ਸਿਹਤ ਵਿਭਾਗ ਵੱਲੋਂ ਬੁੱਧਵਾਰ ਨੂੰ ਕੀਤੀ ਗਈ ਮੀਟਿੰਗ ਅਤੇ ਜਾਰੀ ਪ੍ਰੈਸ ਨੋਟ ਸਬੰਧੀ ਕੁੱਝ ਬੁੱਧੀਜੀਵੀਆਂ ਵੱਲੋਂ ਵੱਖਰੇ ਹੀ ਖਦਸ਼ੇ ਪ੍ਰਗਟਾਏ ਜਾ ਰਹੇ ਹਨ। ਇਸ ਸਬੰਧੀ ਸਥਾਨਕ ਸਮਾਜ ਸੇਵੀ ਪੰਡਤ ਪ੍ਰੇਮ ਨਾਥ ਸ਼ਰਮਾ ਨੇ ਆਖਿਆ ਕਿ ਇਹ ਚੰਗੀ ਗੱਲ ਹੈ ਕਿ ਸਿਹਤ ਵਿਭਾਗ ਨੇ ਬੀਤੇ ਸਮੇਂ ਦੌਰਾਨ ਹੋਈਆਂ ਮੌਤਾਂ ਲਈ ਚਿੰਤਾ ਕਰਦਿਆਂ ਮੀਟਿੰਗ ਕੀਤੀ , ਪਰ ਇਸ ਦਾ ਇਸ ਤਰ੍ਹਾਂ ਮੀਡੀਆ ਜਰੀਏ ਜਨਤਕ ਪ੍ਰਚਾਰ ਕਰਨ ਨਾਲ ਆਮ ਲੋਕਾਂ ਵਿੱਚ ਡਰ ਪੈਦਾ ਹੋ ਸਕਦਾ ਹੈ, ‘ਕਿ ਸਰਕਾਰੀ ਹਸਪਤਾਲਾਂ ਵਿੱਚ ਜਣੇਪੇ ਦੌਰਾਨ ਮੌਤਾਂ ਹੁੰਦੀਆਂ ਹਨ।’ ਅਜਿਹੇ ਵਿੱਚ ਉਹ ਮਜਬੂਰਨ ਨਿਜੀ ਹਸਪਤਾਲਾਂ ਵੱਲ ਰੁੱਖ ਕਰਨ ਲਈ ਮਜਬੂਰ ਹੋ ਸੱਕਦੇ ਹਨ। ਉਨ੍ਹਾ ਸਵਾਲ ਕੀਤਾ ਕਿ ਕੀ ਅਜਿਹਾ ਕੁੱਝ ਜਾਣ ਬੂਝ ਕੇ ਤਾਂ ਨਹੀਂ ਕੀਤਾ ਗਿਆ।