- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੋਲਡਨ ਐਨਕਲੇਵ ਦੇ ਸ਼੍ਰੀ ਨਵ ਦੁਰਗਾ ਸ਼ਕਤੀ ਪੀਠ ਮੰਦਰ ਵਿਖੇ ਮਾਤਾ ਰਾਣੀ ਦੀ ਚੌਂਕੀ ਸਜਾਈ

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਨਵਰਾਤਰੀ ਦੇ ਪਵਿੱਤਰ ਮੌਕੇ ’ਤੇ ਗੋਲਡਨ ਐਨਕਲੇਵ ਫ਼ਿਰੋਜ਼ਪੁਰ ਸਥਿਤ ਸ਼੍ਰੀ ਨਵ ਦੁਰਗਾ ਸ਼ਕਤੀ ਪੀਠ ਮੰਦਰ ਵਿਖੇ ਮਾਤਾ ਰਾਣੀ ਦੀ ਵਿਸ਼ੇਸ਼ ਚੌਂਕੀ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਈ ਗਈ। ਇਸ ਧਾਰਮਿਕ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਸ਼ਿਰਕਤ ਕਰਕੇ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਮੰਦਰ ਦੇ ਪੁਜਾਰੀ ਪੰਡਿਤ ਪੰਕਜ ਸ਼ਰਮਾ, ਨਰੇਸ਼ ਹਾਂਡਾ ਅਤੇ ਸਮੂਹ ਮੰਦਰ ਕਮੇਟੀ ਵੱਲੋਂ ਸਮਾਗਮ ਦੇ ਸੁਚੱਜੇ ਪ੍ਰਬੰਧ ਕੀਤੇ ਗਏ। ਨਵਰਾਤਰੀ ਦੇ ਮੱਦੇਨਜ਼ਰ ਮੰਦਰ ਨੂੰ ਸੁੰਦਰ ਢੰਗ ਨਾਲ ਸਜਾਇਆ ਗਿਆ ਸੀ। ਸਮਾਗਮ ਦੀ ਸ਼ੁਰੂਆਤ ਮਾਤਾ ਰਾਣੀ ਦੀ ਜੋਤ ਜਗਾ ਕੇ ਅਤੇ ਭਜਨ-ਕੀਰਤਨ ਨਾਲ ਕੀਤੀ ਗਈ। ਇਸ ਮੌਕੇ ਭਗਤੀ ਭਜਨ ਗਰੁੱਪ ਦੇ ਸੰਸਥਾਪਕ ਧਰਮਪਾਲ ਬਾਂਸਲ ਜੋ ਸ਼ਹੀਦ ਭਗਤ ਸਿੰਘ ਕਾਲਜ ਆਫ਼ ਨਰਸਿੰਗ, ਸੋਢੇਵਾਲਾ, ਫ਼ਿਰੋਜ਼ਪੁਰ ਅਤੇ ਹਾਰਮਨੀ ਆਯੁਰਵੈਦਿਕ ਮੈਡੀਕਲ ਕਾਲਜ ਦੇ ਡਾਇਰੈਕਟਰ ਵੀ ਹਨ, ਨੇ ਮਾਤਾ ਰਾਣੀ ਦੀਆਂ ਮਨਮੋਹਕ ਭੇਟਾਂ ਪੇਸ਼ ਕਰਕੇ ਸੰਗਤ ਨੂੰ ਮੰਤਰਮੁਗਧ ਕਰ ਦਿੱਤਾ। ਉਨ੍ਹਾਂ ਨੇ ‘ਜ਼ਰਾ ਸਾਹਮਣੇ ਤੋਂ ਆਓ ਸ਼ੇਰਾਂ ਵਾਲੀਏ, ‘ਚੱਲ ਤੂੰ ਭਗਤਾ’ ਤੇ ‘ਪੌੜੀ-ਪੌੜੀ ਚੜ੍ਹਦਾ ਜਾ’ ਵਰਗੀਆਂ ਪ੍ਰਸਿੱਧ ਭੇਟਾਂ ਰਾਹੀਂ ਮਾਤਾ ਰਾਣੀ ਦੀ ਮਹਿਮਾ ਦਾ ਗੁਣਗਾਨ ਕੀਤਾ। ਇਸ ਦੌਰਾਨ ਹੋਰ ਵੀ ਕਈ ਸੁੰਦਰ ਭੇਟਾਂ ਪੇਸ਼ ਕੀਤੀਆਂ ਗਈਆਂ। ਗਰੋਵ ਅਨਮੋਲ ਨੇ ਸੰਗੀਤ ਨਿਰਦੇਸ਼ਕ ਵਜੋਂ ਆਪਣਾ ਭਰਪੂਰ ਸਹਿਯੋਗ ਦਿੱਤਾ। ਇਸ ਮੌਕੇ ਅਸ਼ੋਕ ਗਰਗ, ਮੋਹਿੰਦਰ ਬਜਾਜ, ਮੁਕੇਸ਼ ਗੋਇਲ, ਅਸ਼ੋਕ ਕੱਕੜ ਅਤੇ ਕੈਲਾਸ਼ ਸ਼ਰਮਾ ਸਮੇਤ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ। ਸਾਰਿਆਂ ਨੇ ਮਾਤਾ ਰਾਣੀ ਦੇ ਦਰਬਾਰ ਵਿੱਚ ਨਤਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕੀਤਾ। ਸਮਾਗਮ ਦੇ ਅੰਤ ਵਿੱਚ ਮਾਤਾ ਰਾਣੀ ਦੀ ਆਰਤੀ ਕੀਤੀ ਗਈ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਇਸ ਉਪਰੰਤ ਸੰਗਤ ਨੇ ਮਾਤਾ ਰਾਣੀ ਦੇ ਜੈਕਾਰਿਆਂ ਨਾਲ ਮੰਦਰ ਦਾ ਵਾਤਾਵਰਨ ਗੂੰਜਣ ਲਾ ਦਿੱਤਾ। ਮੰਦਰ ਕਮੇਟੀ ਵੱਲੋਂ ਭਗਤੀ ਭਜਨ ਗਰੁੱਪ ਦੀ ਭਗਤੀਮਈ ਪੇਸ਼ਕਾਰੀ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ਗਰੁੱਪ ਵੱਲੋਂ ਮੰਦਰ ਦੇ ਪੁਜਾਰੀ ਪੰਡਿਤ ਪੰਕਜ ਸ਼ਰਮਾ ਨੂੰ ਸਨਮਾਨਿਤ ਵੀ ਕੀਤਾ ਗਿਆ। ਦੱਸਿਆ ਗਿਆ ਕਿ ਭਗਤੀ ਭਜਨ ਗਰੁੱਪ ਵੱਲੋਂ ਲਗਾਤਾਰ ਧਾਰਮਿਕ ਸਮਾਗਮਾਂ, ਭਜਨ-ਕੀਰਤਨ ਅਤੇ ਹੋਰ ਗਤੀਵਿਧੀਆਂ ਰਾਹੀਂ ਸਨਾਤਨ ਧਰਮ ਦਾ ਪ੍ਰਚਾਰ ਅਤੇ ਪ੍ਰਸਾਰ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਦੇ ਉਪਰਾਲੇ ਨੌਜਵਾਨ ਪੀੜ੍ਹੀ ਨੂੰ ਆਪਣੇ ਧਰਮ, ਸੰਸਕ੍ਰਿਤੀ ਅਤੇ ਸੰਸਕਾਰਾਂ ਨਾਲ ਜੋੜਨ ਦੇ ਨਾਲ-ਨਾਲ ਸਮਾਜ ਵਿੱਚ ਧਾਰਮਿਕ ਸਦਭਾਵਨਾ, ਭਾਈਚਾਰਕ ਸਾਂਝ ਅਤੇ ਆਧਿਆਤਮਿਕ ਚੇਤਨਾ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।