ਪੰਜਾਬ ਸਰਕਾਰ ਦੀਆਂ ਮੁਲਾਜ਼ਮ ਤੇ ਪੈਨਸ਼ਨਰ ਵਿਰੋਧੀ ਨੀਤੀਆਂ ਖ਼ਿਲਾਫ਼ ਕੀਤੀ ਗੇਟ ਰੈਲੀ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਅਤੇ ਪੈਨਸ਼ਨਰ ਵਿਰੋਧੀ ਨੀਤੀਆਂ ਵਿਰੁੱਧ ਫ਼ਿਰੋਜ਼ਪੁਰ ’ਚ ਵਿਸ਼ਾਲ ਗੇਟ ਰੈਲੀ
Publish Date: Tue, 18 Aug 2026 03:48 PM (IST)
Updated Date: Tue, 18 Aug 2026 03:51 PM (IST)
ਹਰਚਰਨ ਸਿੰਘ ਸਾਮਾ, ਪੰਜਾਬੀ ਜਾਗਰਣ ਫਿਰੋਜ਼ਪੁਰ : ਫ਼ਿਰੋਜ਼ਪੁਰ ਵਿਚ ਪੰਜਾਬ ਸਰਕਾਰ ਦੀਆਂ ਕਥਿਤ ਮੁਲਾਜ਼ਮ ਅਤੇ ਪੈਨਸ਼ਨਰ ਵਿਰੋਧੀ ਨੀਤੀਆਂ ਖ਼ਿਲਾਫ਼ ਵਣ ਵਿਭਾਗ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ ਜ਼ੋਰਦਾਰ ਗੇਟ ਰੈਲੀ ਕਰਕੇ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਮੰਗਾਂ ਦੀ ਪੂਰਤੀ ਲਈ ਆਵਾਜ਼ ਬੁਲੰਦ ਕੀਤੀ ਗਈ। ਫ਼ਿਰੋਜ਼ਪੁਰ ਵਿਖੇ ਵਣ ਵਿਭਾਗ ਦੇ ਫ਼ਿਰੋਜ਼ਪੁਰ ਸਰਕਲ, ਵਣ ਮੰਡਲ ਦਫ਼ਤਰ ਅਤੇ ਜੰਗਲੀ ਜੀਵ ਮੰਡਲ ਫ਼ਿਰੋਜ਼ਪੁਰ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਵੱਡੀ ਗਿਣਤੀ ਵਿਚ ਇਕੱਠੇ ਹੋ ਕੇ ਪੰਜਾਬ ਸਰਕਾਰ ਦੀਆਂ ਨੀਤੀਆਂ ਵਿਰੁੱਧ ਗੇਟ ਰੈਲੀ ਕੀਤੀ। ਇਸ ਰੋਸ ਪ੍ਰਦਰਸ਼ਨ ਦੌਰਾਨ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਆਗੂਆਂ ਨੇ ਸਰਕਾਰ ’ਤੇ ਦੋਸ਼ ਲਾਇਆ ਕਿ ਸਾਲ 2016 ਤੋਂ ਬਕਾਇਆ ਮਹਿੰਗਾਈ ਭੱਤਾ ਡੀਏ ਦੇਣ ਵਿੱਚ ਲਗਾਤਾਰ ਟਾਲ-ਮਟੋਲ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ 2.59 ਫੈਕਟਰ ਦੇ ਆਧਾਰ ’ਤੇ ਪੈਨਸ਼ਨ ਫਿਕਸ ਨਾ ਕੀਤੇ ਜਾਣ ਕਰਕੇ ਵੀ ਪੈਨਸ਼ਨਰਾਂ ਵਿਚ ਭਾਰੀ ਰੋਸ ਹੈ। ਰੈਲੀ ਦੌਰਾਨ ਆਗੂਆਂ ਨੇ ਮੁੱਖ ਮੰਗਾਂ ਰੱਖਦਿਆਂ ਕਿਹਾ ਕਿ ਬਕਾਇਆ ਡੀਏ ਤੁਰੰਤ ਰਿਲੀਜ਼ ਕੀਤਾ ਜਾਵੇ, ਪੈਨਸ਼ਨਰਾਂ ਦੀ ਪੈਨਸ਼ਨ 2.59 ਫੈਕਟਰ ਨਾਲ ਫਿਕਸ ਕੀਤੀ ਜਾਵੇ, ਪੁਰਾਣੀ ਪੈਨਸ਼ਨ ਸਕੀਮ (ਓਪੀਐੱਸ) ਨੂੰ ਪੂਰਨ ਤੌਰ ’ਤੇ ਲਾਗੂ ਕੀਤਾ ਜਾਵੇ, ਪਰਖ ਅਧੀਨ (ਪ੍ਰੋਬੇਸ਼ਨ ਸਮੇਂ) ਕੰਮ ਕਰ ਰਹੇ ਮੁਲਾਜ਼ਮਾਂ ਨੂੰ ਪੂਰੀ ਤਨਖਾਹ ਦਿੱਤੀ ਜਾਵੇ। ਆਗੂਆਂ ਨੇ ਸਪੱਸ਼ਟ ਕੀਤਾ ਕਿ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਮੋਰਚਾ ਵੱਲੋਂ ਉਲੀਕੇ ਜਾਣ ਵਾਲੇ ਆਗਾਮੀ ਸੰਘਰਸ਼ਾਂ ਵਿੱਚ ਵਣ ਵਿਭਾਗ ਦੇ ਮੁਲਾਜ਼ਮ ਅਤੇ ਪੈਨਸ਼ਨਰ ਵੱਡੀ ਗਿਣਤੀ ਵਿਚ ਹਿੱਸਾ ਲੈਣਗੇ। ਇਸ ਮੌਕੇ ਰੈਲੀ ਨੂੰ ਸੰਬੋਧਨ ਕਰਨ ਵਾਲਿਆਂ ਵਿਚ ਸੁਪਰਡੈਂਟ ਰਣਜੀਤ ਸਿੰਘ, ਸਪਨਾ, ਕੰਵਲਜੀਤ ਕੌਰ, ਪਰਮਿੰਦਰ ਕੌਰ, ਵਿਸ਼ਾਲ ਭਾਰਤੀ, ਸ਼ਮਾਂ, ਕਿਰਪਾਲ ਕੌਰ, ਗਣੇਸ਼ ਕੁਮਾਰ, ਸ਼ਿਲਪਾ ਰਾਣੀ, ਸਤਨਾਮ ਸਿੰਘ, ਗੁਰਪਾਲ ਸਿੰਘ, ਨਿਰਮਲਜੀਤ ਸਿੰਘ, ਅਮਿਤ ਕੁਮਾਰ, ਰਜਨਜੀਤ ਕੌਰ, ਸੱਤਪਾਲ ਸਿੰਘ, ਗੁਰਵਿੰਦਰ ਸਿੰਘ, ਸਰੋਜ ਰਾਣੀ, ਪੰਜਾਬ ਫੋਰੈਸਟ ਪੈਨਸ਼ਨਰਜ਼ ਐਸੋਸੀਏਸ਼ਨ ਦੇ ਜਨਰਲ ਸਕੱਤਰ ਮੋਹਿੰਦਰ ਸਿੰਘ ਧਾਲੀਵਾਲ, ਸੇਵਾਮੁਕਤ ਵਣ ਗਾਰਡ ਸਤਪਾਲ ਸਿੰਘ, ਸੇਵਾਮੁਕਤ ਵਣ ਅਫ਼ਸਰ ਰੌਸ਼ਨ ਲਾਲ ਅਤੇ ਬਰਕਤ ਆਦਿ ਸ਼ਾਮਿਲ ਸਨ। ਇਸ ਤੋਂ ਇਲਾਵਾ ਸ਼੍ਰੀਮਤੀ ਰਿੰਪੀ ਅਤੇ ਸਾਹਿਬ ਸਿੰਘ ਸਮੇਤ ਹੋਰ ਵੀ ਕਈ ਪੈਨਸ਼ਨਰ ਅਤੇ ਮੁਲਾਜ਼ਮ ਹਾਜ਼ਰ ਸਨ।