ਆਪਣਾ ਘਰ ਬਿਰਧ ਆਸ਼ਰਮ ’ਚ 9 ਧੀਆਂ ਦੇ ਕਰਵਾਏ ਸਮੂਹਿਕ ਵਿਆਹ ਆਪਣਾ ਘਰ ਬਿਰਧ ਆਸ਼ਰਮ ਵਿਚ 9 ਲੋੜਵੰਦ ਧੀਆਂ ਦੇ ਵਿਆਹ, ਸੰਗਤਾਂ ਲਈ ਲਗਾਇਆ ਅਤੁੱਟ ਲੰਗਰ
Publish Date: Sun, 23 Aug 2026 05:39 PM (IST)
Updated Date: Sun, 23 Aug 2026 05:42 PM (IST)
ਦੀਪਕ ਵਧਾਵਨ, ਪੰਜਾਬੀ ਜਾਗਰਣ ਗੁਰੂਹਰਸਹਾਏ : ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨੇਕ ਕਾਰਜਾਂ ਲਈ ਜਾਣੇ ਜਾਂਦੇ ਆਪਣਾ ਘਰ ਬਿਰਧ ਆਸ਼ਰਮ ਵਿਖੇ ਨੌਂ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ ਕਰਵਾਏ ਗਏ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਪਹੁੰਚ ਕੇ ਨਵ-ਵਿਆਹੇ ਜੋੜਿਆਂ ਨੂੰ ਆਸ਼ੀਰਵਾਦ ਦਿੱਤਾ ਅਤੇ ਇਸ ਪੁੰਨ ਦੇ ਕਾਰਜ ਵਿਚ ਆਪਣਾ ਯੋਗਦਾਨ ਪਾਇਆ। ਇਸ ਮੌਕੇ ਮਧੂ ਦੇਵਾ ਜੀ ਨੇ ਪੁੱਜ ਕੇ ਨਵ ਵਿਆਹੇ ਜੋੜਿਆਂ ਨੂੰ ਅਸ਼ੀਰਵਾਦ ਦਿੱਤਾ ਅਤੇ ਆਪਣਾ ਘਰ ਬਿਰਧ ਆਸ਼ਰਾਂ ਵੱਲੋਂ ਹਰ ਸਾਲ ਕਰਵਾਏ ਜਾਂਦੇ ਇਸ ਸ਼ੁਭ ਕਾਰਜ ਦੀ ਸਲਾਘਾ ਕੀਤੀ। ਇਸ ਸਮਾਗਮ ਵਿੱਚ ਪਹੁੰਚੀਆਂ ਬਰਾਤਾਂ ਅਤੇ ਸੰਗਤਾਂ ਲਈ ਨਾਸ਼ਤੇ ਸਮੇਤ ਕਈ ਤਰ੍ਹਾਂ ਦੇ ਅਤੁੱਟ ਲੰਗਰਾਂ ਦਾ ਪ੍ਰਬੰਧ ਕੀਤਾ ਗਿਆ । ਸਮਾਗਮ ਦੌਰਾਨ ਸੰਗਤਾਂ ਦੇ ਮਨੋਰੰਜਨ ਲਈ ਰੰਗਾ-ਰੰਗ ਪ੍ਰੋਗਰਾਮ ਦਾ ਆਯੋਜਨ ਵੀ ਕੀਤਾ ਗਿਆ ਸੀ । ਜਿਸ ਵਿੱਚ ਸੂਫੀ ਗਾਇਕ ਅਤੇ ਸੂਫੀ ਸ਼ਾਇਰ, ‘ਵੌਇਸ ਆਫ ਪੰਜਾਬ’ ਨਾਲ ਜੁੜੇ ਨਾਮੀ ਕਲਾਕਾਰ ਸਾਹਿਲ ਸੂਫੀ, ਹਿੰਮਤ ਵਾਲੀਆ, ਗੁਰਦਾਸ ਮਾਨ ਦੇ ਸਾਥੀ ਭੋਲਾ ਕਮੇਡੀਅਨ, ਸੁਖਦੇਵ ਮਸਤੀ, ਮਾਸਟਰ ਰੋਹਿਤ ਅਤੇ ਗਾਇਕਾ ਨੇਕਾ ਸਮੇਤ ਕਈ ਕਲਾਕਾਰਾਂ ਨੇ ਪਹੁੰਚ ਕੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਕਲਾਕਾਰਾਂ ਨੇ ਆਪਣੇ ਵੱਖ-ਵੱਖ ਅੰਦਾਜ਼ ਵਿੱਚ ਪੇਸ਼ਕਾਰੀਆਂ ਦੇ ਕੇ ਸੰਗਤਾਂ ਦਾ ਮਨ ਮੋਹ ਲਿਆ। ਇਸ ਮੌਕੇ ਮੈਡੀਕਲ ਪ੍ਰੈਕਟੀਸ਼ਨਰਜ਼ ਯੂਨੀਅਨ ਵੱਲੋਂ ਵਿਸ਼ੇਸ਼ ਮੈਡੀਕਲ ਕੈਂਪ ਲਗਾਇਆ ਗਿਆ, ਜਿਸ ਵਿੱਚ ਲੋਕਾਂ ਦੀ ਸਿਹਤ ਦੀ ਜਾਂਚ ਕਰਨ ਦੇ ਨਾਲ-ਨਾਲ ਲੋੜ ਅਨੁਸਾਰ ਦਵਾਈਆਂ ਵੀ ਮੁਫ਼ਤ ਮੁਹੱਈਆ ਕਰਵਾਈਆਂ ਗਈਆਂ। ਇਸ ਤੋਂ ਇਲਾਵਾ ਆਪਣਾ ਪਰਿਵਾਰ ਵੈਲਫੇਅਰ ਸੋਸਾਇਟੀ ਵੱਲੋਂ ਖੂਨਦਾਨ ਕੈਂਪ ਵੀ ਲਗਾਇਆ ਗਿਆ, ਜਿਸ ਵਿੱਚ ਲੋਕਾਂ ਨੇ ਉਤਸ਼ਾਹ ਨਾਲ ਖੂਨਦਾਨ ਕਰਕੇ ਸਮਾਜ ਸੇਵਾ ਵਿੱਚ ਆਪਣਾ ਯੋਗਦਾਨ ਪਾਇਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਆਪਣਾ ਘਰ ਬਿਰਧ ਆਸ਼ਰਮ ਦੇ ਗੱਦੀਨਸ਼ੀਨ ਬਾਬਾ ਅੰਗਰੇਜ਼ ਸਿੰਘ ਅਤੇ ਚੇਅਰਮੈਨ ਰਕੇਸ਼ ਕੁਮਾਰ ਬੱਬੂ ਨੇ ਦੱਸਿਆ ਕਿ ਇੰਨੇ ਵੱਡੇ ਸਮਾਗਮ ਦਾ ਆਯੋਜਨ ਸੰਗਤਾਂ ਦੇ ਸਹਿਯੋਗ ਨਾਲ ਹੀ ਸੰਭਵ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਸਾਲ ਵਿੱਚ ਦੋ ਵਾਰ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ ਕਰਵਾਏ ਜਾਂਦੇ ਹਨ ਅਤੇ ਨਵ-ਵਿਆਹੇ ਜੋੜਿਆਂ ਨੂੰ ਘਰੇਲੂ ਜ਼ਰੂਰਤ ਦਾ ਲੋੜੀਂਦਾ ਸਮਾਨ ਵੀ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਮਾਗਮ ਵਿਚ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚਣ ਵਾਲੀ ਸੰਗਤ ਲਈ ਵੱਖ-ਵੱਖ ਤਰ੍ਹਾਂ ਦੇ ਅਤੁੱਟ ਲੰਗਰ ਲਗਾਏ ਜਾਂਦੇ ਹਨ। ਆਪਣਾ ਘਰ ਬਿਰਧ ਆਸ਼ਰਮ ਵੱਲੋਂ ਬੇਸਹਾਰਾ ਅਤੇ ਬਜ਼ੁਰਗਾਂ ਦੀ ਸਾਂਭ-ਸੰਭਾਲ ਲਈ ਦੋ ਥਾਵਾਂ ’ਤੇ ਸੇਵਾ ਕਾਰਜ ਚਲਾਏ ਜਾ ਰਹੇ ਹਨ, ਜਿੱਥੇ ਬਜ਼ੁਰਗਾਂ ਦੀ ਦੇਖਭਾਲ ਦੇ ਨਾਲ ਉਨ੍ਹਾਂ ਦੇ ਇਲਾਜ ਦਾ ਵੀ ਪ੍ਰਬੰਧ ਕੀਤਾ ਜਾਂਦਾ ਹੈ। ਬਾਬਾ ਅੰਗਰੇਜ਼ ਸਿੰਘ ਅਤੇ ਰਕੇਸ਼ ਕੁਮਾਰ ਬੱਬੂ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਬੇਸਹਾਰਾ ਬਜ਼ੁਰਗਾਂ ਦੀ ਸੇਵਾ ਅਤੇ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ ਵਰਗੇ ਨੇਕ ਕਾਰਜਾਂ ਨੂੰ ਅੱਗੇ ਵਧਾਉਣ ਲਈ ਆਪਣਾ ਘਰ ਬਿਰਧ ਆਸ਼ਰਮ ਨੂੰ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇ।