ਪੰਜਾਬ ਸਰਕਾਰ ਵੱਡੇ ਪੱਧਰ ’ਤੇ ਮਨਾਏਗੀ ਗੁਰੂ ਰਵਿਦਾਸ ਜੀ ਦਾ 650ਵਾਂ ਪ੍ਰਕਾਸ਼ ਪੁਰਬ : ਭੁੱਲਰ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੈਰਾਥਨ - ਰਨ ਫਾਰ ਐਕੁਐਲਟੀ ਕਰਵਾਈ ਗਈ
Publish Date: Wed, 02 Sep 2026 05:47 PM (IST)
Updated Date: Wed, 02 Sep 2026 05:49 PM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਅੱਜ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਮੈਰਾਥਨ ਕਰਵਾਈ। ਇਸ ਦੀ ਸ਼ੁਰੂਆਤ ਸ਼ਹੀਦ ਭਗਤ ਸਿੰਘ ਸਟੇਡੀਅਮ ਤੋਂ ਕੀਤੀ ਗਈ। ਇਸ ਮੌਕੇ ਹਲਕਾ ਫਿਰੋਜ਼ਪੁਰ ਸ਼ਹਿਰੀ ਦੇ ਵਿਧਾਇਕ ਰਣਬੀਰ ਸਿੰਘ ਭੁੱਲਰ ਵੱਲੋਂ ਮੈਰਾਥਨ ਨੂੰ ਹਰੀ ਝੰਡੀ ਦੇ ਕੇ ਸ਼ੁਰੂਆਤ ਕੀਤੀ ਗਈ। ਇਸ ਮੌਕੇ ਐੱਸਡੀਐੱਮ ਅਭਿਸ਼ੇਕ ਸ਼ਰਮਾ ਸਮੇਤ ਹਜ਼ਾਰਾਂ ਲੋਕਾਂ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਕਰਵਾਈ ਗਈ ਮੈਰਾਥਨ ਵਿਚ ਸ਼ਿਰਕਤ ਕੀਤੀ ਗਈ। ਇਹ ਮੈਰਾਥਾਨ ਸ਼ਹੀਦ ਭਗਤ ਸਿੰਘ ਸਟੇਡੀਅਮ ਤੋ ਸ਼ੁਰੂ ਹੋ ਕੇ ਸ਼ੇਰਸ਼ਾਹ ਵਲੀ ਚੌਂਕ ਤੋਂ ਹੁੰਦੇ ਹੋਏ ਵਾਪਸ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਸਮਾਪਤ ਹੋਈ। ਇਸ ਮੌਕੇ ਵਿਧਾਇਕ ਰਣਬੀਰ ਭੁੱਲਰ ਨੇ ਲੋਕਾਂ ਨੂੰ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਜਾ ਰਹੇ ਸਮਾਗਮਾਂ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਗੁਰੂ ਰਵਿਦਾਸ ਜੀ ਦਾ 650 ਵਾਂ ਪ੍ਰਕਾਸ਼ ਦਿਹਾੜਾ ਵੱਡੇ ਪੱਧਰ ’ਤੇ ਮਨਾ ਰਹੀ ਹੈ , ਜਿਸ ਤਹਿਤ ਨਰੋਏ ਸਮਾਜ ਦੀ ਸਿਰਜਣਾ ਲਈ ਮੈਰਾਥਨ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਇਸ ਮੈਰਾਥਾਨ ਤੋਂ ਸਾਨੂੰ ਪ੍ਰੇਰਨਾ ਮਿਲਦੀ ਹੈ ਕਿ ਖੇਡਾਂ ਹੀ ਜੀਵਨ ਨੂੰ ਤੰਦਰੁਸਤ ਅਤੇ ਸਿਹਤਮੰਦ ਰੱਖਦੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਨੌਜਵਾਨ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਇਆ ਜਾ ਸਕਦਾ ਹੈ ਤਾਂ ਖੇਡਾਂ ਹੀ ਇਕ ਉਹ ਰਸਤਾ ਹੈ, ਜੋ ਸਾਨੂੰ ਨਸ਼ਿਆਂ ਜਿਹੀ ਨਾਮੁਰਾਦ ਬਿਮਾਰੀ ਤੋਂ ਦੂਰ ਰਹਿਣ ਵਿਚ ਮੱਦਦ ਕਰਦੀਆਂ ਹਨ। ਇਸ ਮੌਕੇ ਐੱਸਡੀਐੱਮ ਫਿਰੋਜ਼ਪੁਰ ਅਭਿਸ਼ੇਕ ਸ਼ਰਮਾ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੈਰਾਥਨ ਪੰਜਾਬ ਦੇ ਸਮੂਹ ਜਿਲ੍ਹਿਆਂ ਵਿਚ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਮੈਰਾਥਾਨ ਸਾਨੂੰ ਸਿਖਾਉਂਦੀ ਹੈ ਕਿ ਬਿਨ੍ਹਾਂ ਕਿਸੇ ਭੇਦ ਭਾਵ ਦੇ ਖੇਡਾਂ ਵਿਚ ਭਾਗ ਲੈਣਾ ਚਾਹੀਦਾ ਹੈ। ਹਰੇਕ ਵਰਗ ਇਸ ਵਿਚ ਹਿੱਸਾ ਲੈ ਸਕਦਾ ਹੈ। ਉਨ੍ਹਾਂ ਨੇ ਸਮੂਹ ਭਾਗ ਲੈਣ ਵਾਲੇ ਖਿਡਾਰੀਆਂ, ਬੱਚਿਆਂ ਅਤੇ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਵਧਾਈ ਦਿੱਤੀ। ਜ਼ਿਲ੍ਹਾ ਖੇਡ ਅਫ਼ਸਰ ਗੁਰਦੀਪ ਸਿੰਘ ਨੇ ਦੱਸਿਆ ਕਿ ਇਹ ਮੈਰਾਥਾਨ ਵਿਚ 5 ਕਿਲੋਮੀਟਰ ਦੀ ਰੇਸ ਕਰਵਾਈ ਗਈ ਹੈ। ਇਸ ਮੌਕੇ ਮੈਰਾਥਨ ਵਿਚ ਜੇਤੂਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਖਿਡਾਰੀਆਂ ਲਈ ਟੀ-ਸ਼ਰਟ ਅਤੇ ਰਿਫਰੈਸ਼ਮੈਂਟ ਮੁਹੱਈਆ ਕਰਵਾਈ ਗਈ। ਉਨ੍ਹਾਂ ਦੱਸਿਆ ਕਿ ਮੈਰਾਥਾਨ ਨੂੰ ਰਨ ਆਫ ਇਕੁਐਲਟੀ ਦਾ ਨਾਮ ਦਿੱਤਾ ਗਿਆ ਹੈ, ਤਾਂ ਜੋ ਵੱਖ ਵੱਖ ਧਰਮਾਂ ਦੇ ਖਿਡਾਰੀ ਬਿਨ੍ਹਾ ਕਿਸੇ ਭੇਦ ਭਾਵ ਦੇ ਇਸ ਵਿਚ ਹਿੱਸਾ ਲੈ ਸਕਣ ਅਤੇ ਖਿਡਾਰੀਆਂ ਵਿਚ ਆਪਸੀ ਭਾਈਚਾਰਾ ਬਰਕਰਾਰ ਰਹੇ।